Thursday, June 12Malwa News
Shadow

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸੀਤਾਰਾਮ ਯੇਚੁਰੀ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 13 ਸਤੰਬਰ: ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਉੱਘੇ ਭਾਰਤੀ ਰਾਜਨੇਤਾ ਸ੍ਰੀ ਸੀਤਾਰਾਮ ਯੇਚੁਰੀ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਅੱਜ ਇੱਥੋਂ ਜਾਰੀ ਬਿਆਨ ਵਿੱਚ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਸ੍ਰੀ ਯੇਚੂਰੀ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਦੇ ਪ੍ਰਧਾਨ ਰਹੇ। ਉਨ੍ਹਾਂ ਨੇ 1975 ਵਿੱਚ ਸੀ.ਪੀ.ਆਈ. (ਐਮ) ਪਾਰਟੀ ਜੁਆਇਨ ਕਰ ਲਈ ਸੀ। ਕਈ ਕਿਤਾਬਾਂ ਦੇ ਲੇਖਕ ਸ੍ਰੀ ਯੇਚੂਰੀ ਸਾਲ 1992 ਤੋਂ ਸੀ.ਪੀ.ਆਈ. (ਐਮ) ਦੇ ਪੋਲਿਟ ਬਿਊਰੋ ਮੈਂਬਰ ਅਤੇ ਸਾਲ 2015 ਤੋਂ ਹੁਣ ਤੱਕ ਜਨਰਲ ਸਕੱਤਰ ਰਹੇ। ਉਹ ਦੋ ਵਾਰ ਰਾਜ ਸਭਾ ਦੇ ਮੈਂਬਰ ਵੀ ਰਹੇ।

ਸਪੀਕਰ ਨੇ ਕਿਹਾ ਕਿ ਭਾਰਤੀ ਰਾਜਨੀਤੀ ਦੇ ਖੇਤਰ ਵਿੱਚ ਸ਼੍ਰੀ ਯੇਚੁਰੀ ਦੇ ਪ੍ਰਭਾਵਸ਼ਾਲੀ ਕੰਮ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਸ੍ਰੀ ਸੀਤਾਰਾਮ ਯੇਚੁਰੀ (72) ਨੂੰ ਨਮੂਨੀਆ ਹੋਣ ਕਾਰਨ 19 ਅਗਸਤ 2024 ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ 12 ਸਤੰਬਰ 2024 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਸ੍ਰੀ ਯੇਚੁਰੀ ਦੇ ਪਰਿਵਾਰ ਨੇ ਉਨ੍ਹਾਂ ਦਾ ਸਰੀਰ ਅਧਿਆਪਨ ਅਤੇ ਖੋਜ ਦੇ ਉਦੇਸ਼ਾਂ ਲਈ ਏਮਜ਼, ਨਵੀਂ ਦਿੱਲੀ ਨੂੰ ਦਾਨ ਕਰ ਦਿੱਤਾ ਹੈ।

ਸਪੀਕਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।  

Basmati Rice Advertisment