Wednesday, February 19Malwa News
Shadow

ਪੰਜਾਬ ਭਾਜਪਾ ਆਗੂ ਕੰਗਨਾ ਦੇ ਬਿਆਨ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ

ਚੰਡੀਗੜ੍ਹ, 2 ਸਤੰਬਰ : ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕ ਜੀਵਨ ਜੋਤ ਕੌਰ ਨੇ ਭਾਜਪਾ ਸੰਸਦ ਕੰਗਣਾ ਰਣੌਤ ‘ਤੇ ਹਮਲਾ ਬੋਲਦਿਆਂ ਕਿਹਾ ਕਿ ਕੰਗਨਾ ਆਪਣੇ ਬਿਆਨ ਮੁਤਾਬਕ ਕਿਸਾਨ ਅੰਦੋਲਨ ਦੌਰਾਨ ਹੋਏ ਬਲਾਤਕਾਰ ਦਾ ਸਬੂਤ ਦੇਵੇ, ਨਹੀਂ ਤਾਂ ਸੰਸਦ ਮੈਂਬਰ ਤੋਂ ਅਸਤੀਫਾ ਦੇਵੇ।

 ‘ਆਪ’ ਵਿਧਾਇਕਾ ਅਮਨਦੀਪ ਕੌਰ ਅਰੋੜਾ ਅਤੇ ਪਾਰਟੀ ਮਹਿਲਾ ਵਿੰਗ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਦੇ ਨਾਲ ਸੋਮਵਾਰ ਨੂੰ ਚੰਡੀਗੜ੍ਹ ਪਾਰਟੀ ਦਫਤਰ ਵਿਖੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਜੀਵਨ ਜੋਤ ਕੌਰ ਨੇ ਕਿਹਾ ਕਿ ਕੰਗਨਾ ਨੇ ਜਾਣਬੁੱਝ ਕੇ ਪੰਜਾਬ ਦੇ ਕਿਸਾਨਾਂ ਅਤੇ ਔਰਤਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦਿੱਤੇ ਹਨ। ਹਾਲ ਹੀ ਵਿੱਚ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਔਰਤਾਂ ਨਾਲ ਬਲਾਤਕਾਰ ਹੋਇਆ, ਮੇਰੇ ਕੋਲ ਇਸ ਦਾ ਸਬੂਤ ਹੈ।  ਜੇਕਰ ਕੰਗਨਾ ਕੋਲ ਇਸ ਦਾ ਸਬੂਤ ਹੈ ਤਾਂ ਉਹ ਪੇਸ਼ ਕਰੇ। ਜੇਕਰ ਨਹੀਂ ਤਾਂ ਉਹ ਆਪਣੇ ਘਟੀਆ ਬਿਆਨ ਲਈ ਪੰਜਾਬ ਦੇ ਕਿਸਾਨਾਂ ਅਤੇ ਔਰਤਾਂ ਤੋਂ ਮੁਆਫੀ ਮੰਗਣ ਅਤੇ ਸੰਸਦ ਮੈਂਬਰ ਦਾ ਅਹੁਦਾ ਛੱਡ ਦੇਣ।

ਜੀਵਨ ਜੋਤ ਨੇ ਕਿਹਾ ਕਿ ਪੰਜਾਬ ਭਾਜਪਾ ਆਗੂਆਂ ਨੂੰ ਵੀ ਕੰਗਣਾ ਦੇ ਬਿਆਨ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ।  ਉਨ੍ਹਾਂ ਨੂੰ ਦਸਣਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਅਤੇ ਔਰਤਾਂ ਦੇ ਨਾਲ ਖੜ੍ਹੇ ਹਨ ਜਾਂ ਆਪਣੀ ਪਾਰਟੀ ਦੀ ਸੰਸਦ ਮੈਂਬਰ ਕੰਗਨਾ ਰਣੌਤ ਨਾਲ। ਜੇਕਰ ਉਹ ਕਿਸਾਨਾਂ ਦੇ ਨਾਲ ਖੜ੍ਹੇ ਹਨ ਤਾਂ ਕੰਗਣਾ ਦਾ ਮੁੱਦਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਕੋਲ ਉਠਾਓਣ ਅਤੇ ਉਸ ਨੂੰ ਪਾਰਟੀ ਤੋਂ ਕੱਢਣ ਦੀ ਮੰਗ ਕਰਨ। 

 ਉਨ੍ਹਾਂ ਕਿਹਾ ਕਿ ਕੰਗਣਾ ਹੀ ਨਹੀਂ ਬਲਕਿ ਪੂਰੀ ਭਾਜਪਾ ਪੰਜਾਬ ਦੇ ਖਿਲਾਫ ਕੰਮ ਕਰਦੀ ਹੈ।  ਜਦੋਂ ਤੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣੀ ਹੈ, ਉਹ ਲਗਾਤਾਰ ਪੰਜਾਬ ਨੂੰ ਜ਼ਲੀਲ ਕਰਨ ਦਾ ਕੰਮ ਕਰ ਰਹੀ ਹੈ।  ਪਿਛਲੇ ਸਾਲ 26 ਜਨਵਰੀ ਦੀ ਪਰੇਡ ਵਿੱਚੋਂ ਪੰਜਾਬ ਦੀ ਝਾਂਕੀ ਹਟਾਈ ਗਈ ਸੀ। ਇਸ ਵਾਰ ਦੇ ਬਜਟ ਵਿੱਚ ਪੰਜਾਬ ਦਾ ਨਾਂ ਵੀ ਨਹੀਂ ਲਿਆ ਗਿਆ। ਇਸ ਦੇ ਨਾਲ ਹੀ ਕਈ ਸਾਲਾਂ ਤੋਂ ਕੇਂਦਰ ਸਰਕਾਰ ਨੇ ਪੰਜਾਬ ਦੇ ਪੇਂਡੂ ਵਿਕਾਸ ਫੰਡ ਅਤੇ ਨੈਸ਼ਨਲ ਹੈਲਥ ਮਿਸ਼ਨ ਦੇ ਹਜ਼ਾਰਾਂ ਕਰੋੜਾਂ ਰੁਪਏ ਰੋਕੇ ਹੋਏ ਹਨ।  ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਰਵੱਈਆ ਬੇਹੱਦ ਨਫ਼ਰਤ ਭਰਿਆ ਅਤੇ ਪੱਖਪਾਤੀ ਹੈ।

 ‘ਆਪ’ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਜਨਤਕ ਤੌਰ ‘ਤੇ ਕੰਗਣਾ ਦੀ ਨਿੰਦਾ ਕਰਨੀ ਚਾਹੀਦੀ ਹੈ ਅਤੇ ਪਾਰਟੀ ਤੋਂ ਕੰਗਣਾ ਵਿਰੁੱਧ ਕਾਰਵਾਈ ਦੀ ਮੰਗ ਕਰਨੀ ਚਾਹੀਦੀ ਹੈ।  ਉਨ੍ਹਾਂ ਕਿਹਾ ਕਿ ਜੇਕਰ ਕੋਈ ਆਪਣੀ ਫਿਲਮ ਚਲਾਉਣ ਲਈ ਅਜਿਹੀਆਂ ਘਟੀਆ ਗੱਲਾਂ ਕਰਦਾ ਹੈ ਤਾਂ ਪੰਜਾਬੀ ਹੋਣ ਦੇ ਨਾਤੇ ਹਰਜੀਤ ਗਰੇਵਾਲ ਨੂੰ ਪੰਜਾਬ ਦੇ ਕਿਸਾਨਾਂ ਅਤੇ ਔਰਤਾਂ ਨਾਲ ਖੜ੍ਹਨਾ ਚਾਹੀਦਾ ਹੈ।

Basmati Rice Advertisment