Tuesday, December 10Malwa News
Shadow

ਪੀ.ਐਚ.ਐਸ.ਸੀ ਵਾਈਸ ਚੇਅਰਮੈਨ ਵਿੱਕੀ ਘਨੌਰ ਨੇ ਬਨੂੰੜ ਹਸਪਤਾਲ ਦਾ ਕੀਤਾ ਦੌਰਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ /ਬਨੂੰੜ 13 ਅਗਸਤ:
ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਨੇ ਬਨੂੰੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਬਿਜਲੀ ਦੇ ਕੱਟ ਅਤੇ ਟੋਰਚ ਦੀ ਮਦਦ ਦੇ ਨਾਲ ਗਰਭਵਤੀ ਮਹਿਲਾ ਦੀ ਡਿਲੀਵਰੀ ਦੇ ਵਾਇਰਲ ਵੀਡੀਓ ਦੇ ਸਬੰਧ ਵਿੱਚ ਬਨੂੰੜ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਅਤੇ ਸਰਕਾਰੀ ਹਸਪਤਾਲ ਦੇ ਐਸ.ਐਮ.ਓ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਦੀ ਸੱਚਾਈ ਪਤਾ ਕੀਤੀ ਗਈ। ਉਨ੍ਹਾਂ ਮੌਕੇ ਤੇ ਹੀ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਅੱਗੇ ਤੋਂ ਅਜਿਹੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਫੋਨ ਤੇ ਰਾਬਤਾ ਕੀਤਾ ਗਿਆ ਤੇ ਸਖਤ ਹਦਾਇਤਾਂ ਦਿੱਤੀਆਂ ਕਿ ਸਰਕਾਰੀ ਹਸਪਤਾਲ ਦੇ ਵਿੱਚ ਬਿਜਲੀ ਦੇ ਕੱਟਾ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ।
      ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਵਿੱਕੀ ਘਨੌਰ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ। ਉਸ ਦੇ ਵਿੱਚ ਬਨੂੰੜ ਹਸਪਤਾਲ ਦੇ ਵਿੱਚ ਕਮੀਆਂ ਨੂੰ ਦਿਖਾਇਆ ਗਿਆ ਹੈ ਅਤੇ ਜੋ ਤੱਥ ਉਸ ਦੇ ਵਿੱਚ ਦੱਸੇ ਜਾ ਰਹੇ ਹਨ ਉਹ ਗਲਤ ਹਨ। ਕਿਉਂਕਿ ਜਦੋਂ ਹਸਪਤਾਲ ਦੇ ਵਿੱਚ ਪਹੁੰਚ ਕੇ ਸਾਰੀ ਘਟਨਾ ਸਬੰਧੀ ਜਾਣਕਾਰੀ ਹਾਸਿਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬਿਜਲੀ ਦੇ ਕੱਟ ਕਾਰਨ ਅਤੇ ਜਨਰੇਟਰ ਦੇ ਵਿੱਚ ਤਕਨੀਕੀ ਖਰਾਬੀ ਹੋਣ ਕਾਰਨ ਇਹ ਸਮੱਸਿਆ ਸਾਹਮਣੇ ਆਈ ਹੈ ਪ੍ਰੰਤੂ ਜੋ ਵੀ ਇਸ ਮਾਮਲੇ ਦੇ ਵਿੱਚ, ਜਿਸ ਵੀ ਅਧਿਕਾਰੀ ਦੇ ਵੱਲੋਂ ਕੁਤਾਹੀ ਵਰਤੀ ਗਈ ਹੈ, ਉਹਨਾਂ ਖਿਲਾਫ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਪਰੰਤੂ ਹਸਪਤਾਲ ਦੇ ਵਿੱਚ ਬੁਨਿਆਦੀ ਸਹੂਲਤਾਂ ਮੌਜੂਦ ਹਨ। ਗਰਭਵਤੀ ਮਹਿਲਾ ਅਤੇ ਬੱਚਾ ਦੋਨੋਂ ਸਰੱਖਿਅਤ ਹਨ। ਜਿਹਨਾਂ ਦਾ ਇਲਾਜ ਬਨੂੰੜ ਦੇ ਹੀ ਸਰਕਾਰੀ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਮੌਕੇ ਤੇ ਹੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੇ ਹਸਪਤਾਲ ਨੂੰ 24 ਘੰਟੇ ਬਿਜਲੀ ਸਪਲਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।