Monday, April 21Malwa News
Shadow

ਡਿਪਟੀ ਕਮਿਸ਼ਨਰ ਨੇ ਕੀਤੀ ਕੂੜਾ ਪ੍ਰਬੰਧਨ ਨੂੰ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ

ਅੰਮ੍ਰਿਤਸਰ 21 ਅਗਸਤ 2024—ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਜ਼ਿਲ੍ਹੇ ਵਿੱਚ ਕੂੜਾ ਪ੍ਰਬੰਧਨ ਨੂੰ ਲੈ ਕੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਹਦਾਇਤ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਰਾਣੇ ਇਕੱਠੇ ਹੋਏ ਕੂੜੇ ਨੂੰ ਸਾਂਭਿਆ ਜਾਵੇ ਅਤੇ ਘਰਾਂ ਤੋਂ ਗਿੱਲਾ ਤੇ ਸੁੱਕਾ ਕੂੜਾ ਵੱਖੋ ਵੱਖ ਇਕੱਠਾ ਕਰਨ ਦਾ ਪ੍ਰਬੰਧ ਕੀਤਾ ਜਾਵੇ। ਉਹਨਾਂ ਕਿਹਾ ਕਿ ਚੌਗਿਰਦੇ ਦੀ ਸਾਫ ਸਫਾਈ ਮਨੁੱਖੀ ਸਿਹਤ ਲਈ ਬਹੁਤ ਅਹਿਮ ਹੈ ਅਤੇ ਇਸ ਵਿੱਚ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ।  ਉਹਨਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ।

       ਇਸ ਮੌਕੇ ਨਗਰ ਕੌਂਸਲਾਂ ਵਿੱਚ ਚੱਲ ਰਹੇ ਕੰਮਾਂ ਦਾ ਵੇਰਵਾ ਦਿੰਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰ ਨੇ ਦੱਸਿਆ ਕਿ ਅਸੀਂ ਜਿਲੇ ਦੀਆਂ ਸੱਤ ਨਗਰ ਕੌਂਸਲਾਂ ਵਿੱਚ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ 15 ਸਤੰਬਰ ਤੱਕ ਬਹੁਤੇ ਘਰਾਂ ਵਿੱਚ ਸਾਡੀ ਪਹੁੰਚ ਹੋ ਜਾਵੇਗੀ, ਜਦ ਕਿ ਸਾਲ ਦੇ ਅੰਤ ਤੱਕ ਲਗਭਗ 100 ਫੀਸਦੀ ਘਰਾਂ ਤੱਕ ਇਹ ਪ੍ਰਬੰਧ ਕਰ ਲਿਆ ਜਾਵੇਗਾ । ਉਹਨਾਂ ਦੱਸਿਆ ਕਿ ਸ਼ਹਿਰਾਂ ਵਿੱਚ ਇਕੱਠਾ ਹੋਇਆ ਪੁਰਾਣਾ ਕੂੜਾ, ਜਿਸ ਦੇ ਅੰਬਾਰ ਲੱਗੇ ਹੋਏ ਹਨ ਨੂੰ ਸਾਫ ਕਰਕੇ ਵਰਤਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਰਈਆ, ਮਜੀਠਾ, ਬਾਬਾ ਬਕਾਲਾ ਸਾਹਿਬ ਅਤੇ ਰਮਦਾਸ ਵਿੱਚ ਇਹ ਪ੍ਰਬੰਧ ਬਹੁਤ ਵਧੀਆ ਹੋ ਚੁੱਕਾ ਹੈ ਜਦਕਿ ਅਜਨਾਲਾ ਅਤੇ ਜੰਡਿਆਲਾ ਗੁਰੂ ਵਿੱਚ ਕੰਮ ਸ਼ੁਰੂਆਤੀ ਪੜਾਅ ਉੱਤੇ ਜਾਰੀ ਹੈ । ਸ੍ਰੀ ਨਿਕਾਸ ਕੁਮਾਰ ਨੇ ਦੱਸਿਆ ਕਿ ਇਕੱਠੇ ਕੀਤੇ ਗਏ ਕੂੜੇ ਨੂੰ ਪ੍ਰੋਸੈਸ ਕਰਨ ਲਈ ਵੀ ਕੰਮ ਚੱਲ ਰਿਹਾ ਹੈ ਜਿਸ ਵਿੱਚ ਰਮਦਾਸ , ਬਾਬਾ ਬਕਾਲਾ ਸਾਹਿਬ , ਰਾਜਾਸਾਂਸੀ, ਰਈਆ, ਅਜਨਾਲਾ ਅਤੇ ਜੰਡਿਆਲਾ ਗੁਰੂ ਵਿੱਚ 80 ਤੋਂ 100 ਫੀਸਦੀ ਤੱਕ ਦਾ ਟੀਚਾ ਪ੍ਰਾਪਤ ਕਰ ਲਿਆ ਗਿਆ ਹੈ ਜਦਕਿ ਮਜੀਠਾ ਵਿੱਚ ਅਸੀਂ 50 ਫੀਸਦੀ ਦੇ ਕਰੀਬ ਪ੍ਰਬੰਧ ਕਰ ਚੁੱਕੇ ਹਾਂ।  ਉਹਨਾਂ ਭਰੋਸਾ ਦਿੱਤਾ ਕਿ ਅਸੀਂ ਸਰਕਾਰ ਵੱਲੋਂ ਦਿੱਤੇ ਗਏ ਟੀਚੀਆਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰਾਂਗੇ।

Basmati Rice Advertisment