ਚੰਡੀਗੜ੍ਹ, 15 ਸਤੰਬਰ: ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਅਤੇ ਦਿੱਲੀ ਪੁਲਿਸ ਨਾਲ ਤਾਲਮੇਲ ਜ਼ਰੀਏ ਕੰਮ ਕਰਦਿਆਂ ਚੰਡੀਗੜ੍ਹ ਗ੍ਰੇਨੇਡ ਹਮਲੇ ਦੇ ਦੂਜੇ ਦੋਸ਼ੀ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਕੇਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਮਰੀਕਾ ਅਧਾਰਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆਂ, ਜੋ ਪਾਕਿਸਤਾਨ ਅਧਾਰ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਅਤੇ ਆਈ.ਐਸ.ਆਈ. ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ, ਨੇ ਘਟਨਾ ਨੂੰ ਅੰਜ਼ਮਾ ਦੇਣ ਲਈ ਮੁਲਜ਼ਮਾਂ ਨੂੰ ਧਮਾਕਾਖੇਜ਼ ਸਮੱਗਰੀ, ਹਥਿਆਰ ਅਤੇ ਲੌਜਿਸਟਿਕਸ ਸਹਾਇਤਾ ਪ੍ਰਦਾਨ ਕੀਤੀ ਅਤੇ ਫਿਰ ਕੀਤੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਕੰਮ ਹੋਣ ਤੋਂ ਬਾਅਦ ਵਿੱਤੀ ਮਦਦ ਦੇਣ ਤੋਂ ਮੁੱਕਰ ਗਿਆ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਜ਼ਰੀਏ ਜਾਣਕਾਰੀ ਦਿੱਤੀ ਕਿ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਸੁਰਾਗਾਂ ਦੇ ਆਧਾਰ ‘ਤੇ ਦੂਜੇ ਅਪਰਾਧੀ ਵਿਸ਼ਾਲ ਮਸੀਹ ਪੁੱਤਰ ਸਾਬੀ ਮਸੀਹ ਵਾਸੀ ਪਿੰਡ ਰਾਇਮਲ ਨੇੜੇ ਧਿਆਨਪੁਰ ਪੁਲਿਸ ਥਾਣਾ ਕੋਟਲੀ ਸੂਰਤ ਮੱਲੀਆਂ, ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਬੁੱਧਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਸੈਕਟਰ 10 ਵਿਖੇ ਦੋ ਵਿਅਕਤੀਆਂ ਵੱਲੋਂ ਉਕਤ ਗ੍ਰੇਨੇਡ ਹਮਲੇ ਨੂੰ ਅੰਜ਼ਾਮ ਦਿੱਤਾ ਗਿਆ ਸੀ, ਜਿਸ ਉਪਰੰਤ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸ਼ੁੱਕਰਵਾਰ ਨੂੰ ਇੱਕ ਦੋਸ਼ੀ ਰੋਹਨ ਮਸੀਹ ਨੂੰ ਹਥਿਆਰਾਂ ਅਤੇ ਗੋਲੀ-ਸਿੱਕੇ ਸਮੇਤ ਕਾਬੂ ਕਰ ਲਿਆ। ਰੋਹਨ ਮਸੀਹ ਇਸ ਸਮੇਂ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.), ਅੰਮ੍ਰਿਤਸਰ ਕੋਲ ਰਿਮਾਂਡ ‘ਤੇ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹੈਪੀ ਪਾਸੀਆਂ ਨੇ ਪੰਜਾਬ ਵਿੱਚ ਆਪਣੇ ਸਾਥੀਆਂ ਰਾਹੀਂ ਮੁਲਜ਼ਮਾਂ ਨੂੰ ਵਿਸਫੋਟਕ ਸਮੱਗਰੀ, ਹਥਿਆਰ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਅਤੇ ਉਨ੍ਹਾਂ ਲਈ ਕੁਝ ਵਿੱਤੀ ਸਹਾਇਤਾ ਦਾ ਪ੍ਰਬੰਧ ਵੀ ਕੀਤਾ। ਉਨ੍ਹਾਂ ਦੱਸਿਆ ਕਿ ਅਪਰਾਧ ਨੂੰ ਅੰਜ਼ਾਮ ਦੇਣ ਤੋਂ ਬਾਅਦ, ਦੋਵੇਂ ਮੁਲਜ਼ਮ ਅੰਮ੍ਰਿਤਸਰ ਗਏ, ਜਿੱਥੋਂ ਦੋਵਾਂ ਨੇ ਆਪਣੇ ਰਸਤੇ ਵੱਖੋ-ਵੱਖ ਕਰ ਲਏ। ਉਨ੍ਹਾਂ ਦੱਸਿਆ ਕਿ ਵਿਸ਼ਾਲ ਪਹਿਲਾਂ ਜੰਮੂ-ਕਸ਼ਮੀਰ ਗਿਆ ਅਤੇ ਉਥੋਂ ਫਿਰ ਦਿੱਲੀ ਚਲਾ ਗਿਆ, ਜਿਸ ਦੌਰਾਨ ਪੁਲਿਸ ਟੀਮਾਂ ਨੇ ਉਸਨੂੰ ਕਾਬੂ ਕਰ ਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਹੈਪੀ ਪਾਸੀਆਂ ਨੇ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਨੂੰ ਭਰਮਾਉਣ ਲਈ ਸ਼ੁਰੂ ਵਿੱਚ ਕੁਝ ਫੰਡ ਮੁਹੱਈਆ ਕਰਵਾਏ ਅਤੇ ਉਨ੍ਹਾਂ ਨਾਲ ਘਟਨਾ ਨੂੰ ਸਫ਼ਲਤਾਪੂਰਵਕ ਅੰਜ਼ਾਮ ਦੇਣ ਤੋਂ ਬਾਅਦ ਹੋਰ ਜ਼ਿਆਦਾ ਪੈਸੇ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੇ ਹੈਪੀ ਪਾਸੀਆਂ ਵੱਲੋਂ ਕੀਤੇ ਵਾਅਦੇ ਅਨੁਸਾਰ ਹੋਰ ਪੈਸੇ ਲੈਣ ਲਈ ਉਸ ਨਾਲ ਸੰਪਰਕ ਕੀਤਾ, ਪਰ ਉਨ੍ਹਾਂ ਨੂੰ ਹੈਪੀ ਪਾਸੀਆਂ ਕੋਲੋਂ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ ਅਤੇ ਬਾਅਦ ਵਿੱਚ ਉਸਨੇ ਉਨ੍ਹਾਂ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ, ਜਿਸ ਨਾਲ ਸਾਰੇ ਵਾਅਦੇ ਧਰੇ-ਧਰਾਏ ਰਹਿ ਗਏ।
ਡੀਜੀਪੀ ਨੇ ਇਨ੍ਹਾਂ ਦੇਸ਼ ਵਿਰੋਧੀ ਅਨਸਰਾਂ ਦੇ ਨੌਜਵਾਨਾਂ ਨੂੰ ਭਰਮਾਉਣ ਦੇ ਢੰਗ-ਤਰੀਕਿਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੂੰ ਅਜਿਹੇ ਅੱਤਵਾਦੀਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਜੋ ਆਪਣਾ ਕੰਮ ਕਢਵਾਉਣ ਲਈ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਭਰਮਾਉਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਫਸਾ ਕੇ ਖੁਦ ਪਾਸੇ ਹੋ ਜਾਂਦੇ ਹਨ। ਉਨ੍ਹਾਂ ਨੇ ਲੋਕਾਂ ਅਪੀਲ ਕੀਤੀ ਕਿ ਉਹ ਅਜਿਹੇ ਅਪਰਾਧੀ ਅਨਸਰਾਂ ਦੇ ਝਾਂਸੇ ਵਿੱਚ ਆਉਣ ਤੋਂ ਬਚਣ, ਜੋ ਉਨ੍ਹਾਂ ਨੂੰ ਭਰਮਾਉਣ ਲਈ ਪਹਿਲਾਂ ਤਾਂ ਝੂਠੇ ਵਾਅਦੇ ਕਰਦੇ ਹਨ ਅਤੇ ਫਿਰ ਕੰਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਵਿਚਾਲੇ ਛੱਡ ਦਿੰਦੇ ਹਨ।
ਜ਼ਿਕਰਯੋਗ ਹੈ ਕਿ ਵਿਦੇਸ਼ੀ ਹੈਂਡਲਰਾਂ ਵੱਲੋਂ ਨੌਜਵਾਨਾਂ ਨੂੰ ਭਰਮਾ ਕੇ ਆਪਣਾ ਕੰਮ ਕਢਵਾਉਣ ਦੀ ਇਹ ਚਾਲ ਪਿਛਲੀਆਂ ਜਾਂਚ ਕਾਰਵਾਈਆਂ ਵਿੱਚ ਵੀ ਸਾਹਮਣੇ ਆਈ ਹੈ, ਜਿਸ ਵਿੱਚ ਅਜਿਹੇ ਹੈਂਡਲਰ ਪਹਿਲਾਂ ਤਾਂ ਭੋਲੇ-ਭਾਲੇ ਨੌਜਵਾਨਾਂ ਨੂੰ ਝੂਠੇ ਵਾਅਦੇ ਕਰਕੇ ਆਪਣੇ ਝਾਂਸੇ ਵਿੱਚ ਲੈਂਦੇ ਹਨ ਅਤੇ ਫਿਰ ਕੰਮ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਦਾ ਸਾਥ ਛੱਡ ਦਿੰਦੇ ਹਨ।
ਹੋਰ ਵੇਰਵੇ ਦਿੰਦਿਆਂ ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਸਾਰੀ ਸਾਜ਼ਿਸ਼ ਅਤੇ ਹੈਪੀ ਪਾਸੀਆਂ ਦੇ ਸਥਾਨਕ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਚੰਡੀਗੜ੍ਹ ਪੁਲਿਸ ਨਾਲ ਤਾਲਮੇਲ ਜ਼ਰੀਏ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਮੁਲਜ਼ਮ ਵਿਸ਼ਾਲ ਮਸੀਹ ਨੂੰ ਅਦਾਲਤ ਵਿੱਚ ਪੇਸ਼ ਕਰਕੇ 20 ਸਤੰਬਰ 2024 ਤੱਕ ਉਸਦਾ ਰਿਮਾਂਡ ਹਾਸਲ ਕਰ ਲਿਆ ਹੈ।