Wednesday, February 19Malwa News
Shadow

ਕੇਂਦਰੀ ਪੂਲ ਵਿੱਚ ਅਤਿਵਾਦ ਪੀੜਤ ਵਿਦਿਆਰਥੀਆਂ ਲਈ  ਐਮ.ਬੀ.ਬੀ.ਐਸ. ਦੀਆਂ ਚਾਰ ਸੀਟਾਂ ਰਾਖਵੀਆਂ

ਚੰਡੀਗੜ੍ਹ, 5 ਸਤੰਬਰ: ਕੇਂਦਰੀ ਗ੍ਰਹਿ ਮੰਤਰਾਲੇ ਨੇ ਅਕਾਦਮਿਕ ਸਾਲ 2024-25 ਲਈ ਕੇਂਦਰੀ ਪੂਲ ਵਿੱਚ ਚਾਰ ਐੱਮ.ਬੀ.ਬੀ.ਐੱਸ. ਸੀਟਾਂ ਉਨ੍ਹਾਂ ਉਮੀਦਵਾਰਾਂ ਦੀ ਨਾਮਜ਼ਦਗੀ ਲਈ ਨਿਰਧਾਰਿਤ ਕੀਤੀਆਂ ਹਨ, ਜੋ ਅਤਿਵਾਦ ਕਾਰਨ ਫ਼ੌਤ/ਦਿਵਿਆਂਗ ਹੋ ਚੁੱਕੇ ਨਾਗਰਿਕਾਂ ਦੇ ਜੀਵਨ ਸਾਥੀ ਜਾਂ ਬੱਚੇ ਹਨ।

ਇਸ ਸਬੰਧੀ ਵਿਸਤਾਰ ਨਾਲ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਏ.ਐਨ. ਮਗਧ ਮੈਡੀਕਲ ਕਾਲਜ, ਗਯਾ (ਬਿਹਾਰ) ਅਤੇ ਗ੍ਰਾਂਟ ਮੈਡੀਕਲ ਕਾਲਜ, ਮੁੰਬਈ (ਮਹਾਰਾਸ਼ਟਰ) ਵਿੱਚ ਇੱਕ-ਇੱਕ ਸੀਟ ਜਦਕਿ ਪੰਡਤ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ, ਰਾਏਪੁਰ (ਛੱਤੀਸਗੜ੍ਹ) ਵਿੱਚ ਇਸ ਵਰਗ ਲਈ ਦੋ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਯੋਗ ਵਿਦਿਆਰਥੀ ਵੀ ਇਨ੍ਹਾਂ ਸੀਟਾਂ ਲਈ ਅਪਲਾਈ ਕਰਕੇ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੀਟਾਂ ਲਈ ਯੋਗਤਾ ਦੇ ਮਾਪਦੰਡਾਂ ਤਹਿਤ ਉਮੀਦਵਾਰ ਭਾਰਤੀ ਨਾਗਰਿਕ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ ਦਾਖ਼ਲੇ ਸਮੇਂ 17 ਸਾਲ ਹੋਵੇ ਜਾਂ ਉਹ ਅੰਡਰਗਰੈਜੂਏਟ ਮੈਡੀਕਲ ਕੋਰਸ ਵਿੱਚ ਦਾਖ਼ਲੇ ਦੇ ਪਹਿਲੇ ਸਾਲ ਵਿੱਚ 31 ਦਸੰਬਰ ਨੂੰ ਜਾਂ ਇਸ ਤੋਂ ਪਹਿਲਾਂ ਇਹ ਉਮਰ ਪੂਰੀ ਕਰਦਾ ਹੋਵੇ।

ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਤੇ ਫਾਰਮ ਮੰਤਰਾਲੇ ਦੀ ਵੈੱਬਸਾਈਟ (https://mha.gov.in) ਤੋਂ ਡਾਊਨਲੋਡ ਕਰਕੇ ਹੋਰ ਜਾਣਕਾਰੀ ਅਤੇ ਸ਼ਰਤਾਂ ਵੇਖੀਆਂ ਜਾ ਸਕਦੀਆਂ ਹਨ।

Basmati Rice Advertisment