Saturday, January 25Malwa News
Shadow

ਕਲੀਨਿਕਾਂ ਵਿੱਚ ਹੁਣ ਤੱਕ 2.07 ਕਰੋੜ ਮਰੀਜ਼ਾਂ ਦਾ ਮੁਫ਼ਤ ਇਲਾਜ ਹੋਇਆ

ਚਾਉਕੇ (ਬਠਿੰਡਾ), 23 ਸਤੰਬਰ: ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 30 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ, ਜਿਸ ਨਾਲ ਕੁੱਲ 872 ਕਲੀਨਿਕ ਕਾਰਜਸ਼ੀਲ ਹੋ ਚੁੱਕੇ ਹਨ।
ਮੁੱਖ ਮੰਤਰੀ ਵੱਲੋਂ ਸਮਰਪਿਤ ਕੀਤੇ ਗਏ 30 ਕਲੀਨਿਕਾਂ ਵਿੱਚੋਂ ਬਠਿੰਡਾ ਵਿੱਚ ਪੰਜ, ਹੁਸ਼ਿਆਰਪੁਰ ਵਿੱਚ ਦੋ, ਮਾਨਸਾ ਵਿੱਚ ਸੱਤ, ਮੋਗਾ ਵਿੱਚ ਤਿੰਨ, ਪਟਿਆਲਾ ਵਿੱਚ ਛੇ, ਐਸਏਐਸ ਨਗਰ ਮੋਹਾਲੀ ਵਿੱਚ ਪੰਜ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਦੋ ਕਲੀਨਿਕ ਸ਼ਾਮਲ ਹਨ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮੀਲ ਪੱਥਰ ਸਾਬਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਕੁੱਲ 80 ਪ੍ਰਕਾਰ ਦੀਆਂ ਦਵਾਈਆਂ ਅਤੇ 38 ਟੈਸਟਾਂ ਦੀ ਸਹੂਲਤ ਮੁਹੱਈਆ ਮੁਫ਼ਤ ਕਰਵਾਈ ਜਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਵਿੱਚ ਹੁਣ ਤੱਕ 2.07 ਕਰੋੜ ਮਰੀਜ਼ ਇਲਾਜ ਲਈ ਪਹੁੰਚੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ 72 ਲੱਖ ਤੋਂ ਵੱਧ ਜਾਂਚ ਟੈਸਟ ਮੁਫਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਹੂਲਤਾਂ ਨੇ ਸੂਬੇ ਦੇ ਲੋਕਾਂ ਦੇ ਸਿਹਤ ਸੰਭਾਲ ‘ਤੇ ਹੋਣ ਵਾਲੇ 1050 ਕਰੋੜ ਰੁਪਏ ਦੇ ਖਰਚੇ ਦੀ ਬੱਚਤ ਕਰਨ ਵਿੱਚ ਯੋਗਦਾਨ ਪਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੈਕੰਡਰੀ ਸਿਹਤ ਸਹੂਲਤਾਂ ‘ਤੇ ਸਾਰੀਆਂ ਨਿਰਧਾਰਤ ਦਵਾਈਆਂ ਦੀ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਮੁਹਿੰਮ ਵੀ ਚਲਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੀ.ਐਮ.ਓਜ਼/ਐਸ.ਐਮ.ਓਜ਼ ਨੂੰ ਸਥਾਨਕ ਪੱਧਰ ‘ਤੇ ਦਵਾਈਆਂ ਦੀ ਖਰੀਦ ਲਈ ਅਧਿਕਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਵਾਈਆਂ ਖਰੀਦਣ ਅਤੇ ਸਪਲਾਈ ਚੇਨ ਦੇ ਕੇਂਦਰੀਕਰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਮਰੀਜ਼ਾਂ ਦੀ ਲਗਭਗ 102.98 ਕਰੋੜ ਰੁਪਏ ਦੀ ਬੱਚਤ ਹੋਈ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸਾਰੀਆਂ ਸੈਕੰਡਰੀ ਸਿਹਤ ਸਹੂਲਤਾਂ ‘ਤੇ ਮੁਫ਼ਤ ਐਕਸ-ਰੇ ਅਤੇ ਅਲਟਰਾਸਾਊਂਡ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 512 ਪ੍ਰਾਈਵੇਟ ਐਕਸ-ਰੇ ਅਤੇ ਅਲਟਰਾਸਾਊਂਡ ਸੈਂਟਰਾਂ ਨੂੰ ਮਾਮੂਲੀ ਸਰਕਾਰੀ ਨਿਰਧਾਰਤ ਦਰਾਂ ‘ਤੇ ਸੇਵਾਵਾਂ ਪ੍ਰਦਾਨ ਕਰਨ ਲਈ ਸੂਚੀਬੱਧ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਮੌਜੂਦਾ ਸਰਕਾਰੀ ਸਹੂਲਤਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਮਰੀਜ਼ ਇਸ ਦਾ ਲਾਭ ਲੈ ਰਹੇ ਹਨ ਕਿਉਂਕਿ ਰੋਜ਼ਾਨਾ ਕੀਤੇ ਜਾਣ ਵਾਲੇ ਅਲਟਰਾਸਾਊਂਡ ਦੀ ਗਿਣਤੀ 650 ਤੋਂ ਵਧ ਕੇ 1350 ਹੋ ਗਈ ਹੈ, ਜਦਕਿ ਸੂਬੇ ਵਿੱਚ ਐਕਸ-ਰੇ ਦੀ ਗਿਣਤੀ 3,000 ਤੋਂ ਵੱਧ ਕੇ 4,200 ਹੋ ਗਈ ਹੈ। ਹੁਣ ਤੱਕ ਕੁੱਲ 7.52 ਲੱਖ ਮਰੀਜ਼ਾਂ (5.67 ਲੱਖ ਐਕਸ-ਰੇ ਸੇਵਾਵਾਂ ਅਤੇ 1.85 ਲੱਖ ਯੂਐਸਜੀ ਸੇਵਾਵਾਂ ਪ੍ਰਾਪਤ ਕੀਤੀਆਂ) ਨੇ ਇਨ੍ਹਾਂ ਸੇਵਾਵਾਂ ਦੀ ਵਰਤੋਂ ਕੀਤੀ।

Punjab Govt Add Zero Bijli Bill English 300x250