ਮਲੋਟ : ਪੰਜਾਬ ਵਿਚ ਦਿਨ ਬ ਦਿਨ ਏਜੰਟਾਂ ਵਲੋਂ ਠੱਗੀ ਮਾਰਨ ਦੇ ਨਵੇਂ ਨਵੇਂ ਚਿੱਠੇ ਸਾਹਮਣੇ ਆ ਰਹੇ ਹਨ। ਹੁਣ ਮਲੋਟ ਨੇੜੇ ਦੇ ਪਿੰਡ ਤਰਮਾਲਾ ਤੋਂ ਇਕ ਹੋਰ ਘਟਨਾਂ ਸਾਹਮਣੇ ਆਈ ਹੈ। ਪੀੜਤ ਧਿਰ ਵਲੋਂ ਕਿਸਾਨ ਯੂਨੀਅਨ ਵਲੋਂ ਦਿੱਤੇ ਗਏ ਧਰਨੇ ਵਿਚ ਦੋਸ਼ ਲਾਇਆ ਗਿਆ ਹੈ ਕਿ ਇਥੋਂ ਦੇ ਇਕ ਆਈਲੈਟਸ ਸੈਂਟਰ ਦੇ ਸੰਚਾਲਕ ਨੇ ਪਿੰਡ ਤਰਮਾਲਾ ਦੇ ਪਤੀ ਪਤਨੀ ਪਾਸੋਂ ਸਿੰਘਾਪੁਰ ਦਾ ਵਰਕ ਪਰਮਿਟ ਲੈ ਕੇ ਦੇਣ ਵਾਸਤੇ 20 ਲੱਖ ਰੁਪਏ ਲੈ ਲਏ। ਬਾਅਦ ਵਿਚ ਇਸ ਏਜੰਟ ਨੇ ਦੋਵਾਂ ਪਤੀ ਪਤਨੀ ਨੂੰ ਮਲੇਸ਼ੀਆ ਦੀ ਟਿਕਟ ਲੈ ਦਿੱਤੀ ਅਤੇ ਮਲੇਸ਼ੀਆ ਭੇਜ ਦਿੱਤਾ ਅਤੇ ਬਾਅਦ ਵਿਚ ਕੋਈ ਗੱਲ ਨਹੀਂ ਸੁਣੀ। ਕਿਸਾਨ ਯੂਨੀਅਨ ਦੇ ਆਗੂਆਂ ਨੇ ਏਜੰਟ ਦੇ ਦਫਤਰ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ, ਪਰ ਏਜੰਟ ਅਜੇ ਸਾਹਮਣੇ ਨਹੀਂ ਆ ਰਿਹਾ। ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਪਰ ਅਜੇ ਤੱਕ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਯੂਨੀਅਨ ਦੇ ਆਗੂ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸਾਰੀ ਪੇਮੈਂਟ ਏਜੰਟ ਦੇ ਖਾਤੇ ਵਿਚ ਪਾਈ ਹੈ। ਉਸ ਨੇ ਦੋਸ਼ ਲਾਇਆ ਕਿ ਹੁਣ ਏਜੰਟ ਵਲੋਂ ਉਲਟਾ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।