ਅੰਮ੍ਰਿਤਸਰ : ਅੱਜ ਏਅਰਪੋਰਟ ‘ਤੇ ਇਕ ਐਨ ਆਰ ਆਈ ਨੂੰ 9 ਐਮ ਐਮ ਦੇ ਰੌਂਦਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਅੱਜ ਜਦੋਂ ਸੀ ਆਈ ਐਸ ਐਫ ਨੇ ਉਸਦੇ ਸਮਾਨ ਦੀ ਤਲਾਸ਼ੀ ਲਈ ਤਾਂ ਸਮਾਨ ਵਿਚੋਂ 9 ਐਮ ਐਮ ਪਿਸਟਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਹ ਐਨ ਆਰ ਆਈ ਅਮਰੀਕਾ ਨੂੰ ਜਾਣ ਲੱਗਾ ਸੀ ਅਤੇ ਆਪਣੇ ਬੈਗ ਵਿਚ ਪਾ ਕੇ ਗੋਲੀਆਂ ਵੀ ਅਮਰੀਕਾ ਲੈ ਕੇ ਜਾ ਰਿਹਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਜਿਲੇ ਦਾ ਇਹ ਵਿਅਕਤੀ ਅਮਰੀਕਾ ਵਿਚ ਨਿਊਜਰਸੀ ਵਿਚ ਰਹਿੰਦਾ ਹੈ। ਪਿਛਲੇ ਕਾਫੀ ਸਮੇਂ ਤੋਂ ਉਹ ਆਪਣੇ ਪਿੰਡ ਆਇਆ ਹੋਇਆ ਸੀ ਅਤੇ ਪਿੰਡ ਵਿਚ ਹੀ ਰਹਿ ਰਿਹਾ ਸੀ। ਅੱਜ ਉਹ ਵਾਪਸ ਅਮਰੀਕਾ ਜਾ ਰਿਹਾ ਸੀ। ਜਦੋਂ ਉਹ ਅੰਮ੍ਰਿਤਸਰ ਏਅਰਪੋਰਟ ‘ਤੇ ਪਹੁੰਚਿਆ ਤਾਂ ਉਸਦੇ ਸਮਾਨ ਦੀ ਤਲਾਸ਼ੀ ਲਈ ਗਈ। ਉਸਦੇ ਇਕ ਬੈਗ ਵਿਚੋਂ 9 ਐਮ ਐਮ ਦੀਆਂ 15 ਗੋਲੀਆਂ ਬਰਾਮਦ ਕੀਤੀ ਗਈਆਂ। ਸੀ ਆਈ ਐਸ ਐਫ ਦੇ ਜਵਾਨਾਂ ਨੇ ਉਸਦੇ ਸਮਾਨ ਨੂੰ ਵੀ ਜਬਤ ਕਰ ਲਿਆ ਅਤੇ ਇਸ ਐਨ ਆਰ ਆਈ ਨੂੰ ਗ੍ਰਿਫਤਾਰ ਕਰ ਲਿਆ। ਸੀ ਆਈ ਐਸ ਐਫ ਦੇ ਅਧਿਕਾਰੀਆਂ ਅਨੁਸਾਰ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਨਿਊਜਰਸੀ ਦੇ ਵਾਸੀ ਅਮਰਦੀਪ ਸਿੰਘ ਵਜੋਂ ਹੋਈ ਹੈ। ਜਦੋਂ ਅਮਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਅਚਾਨਕ ਉਸਦੀ ਸਿਹਤ ਖਰਾਬ ਹੋ ਗਈ। ਇਸ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਦਾਖਲ ਕਰਵਾ ਦਿੱਤਾ ਗਿਆ। ਸੀ ਆਈ ਐਸ ਐਫ ਦੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ ‘ਤੇ ਏਅਰਪੋਰਟ ਥਾਣੇ ਵਿਚ ਪਰਚਾ ਦਰਜ ਕਰ ਲਿਆ ਗਿਆ ਹੈ। ਹਸਪਤਾਲ ਵਿਚੋੋਂ ਛੁੱਟੀ ਮਿਲਣ ਪਿਛੋਂ ਐਨ ਆਰ ਆਈ ਅਮਰਦੀਪ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਲੈਣ ਪਿਛੋਂ ਪੁੱਛਗਿੱਛ ਕੀਤੀ ਜਾਵੇਗੀ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਮਰਦੀਪ ਸਿੰਘ ਪਾਸੋਂ ਪੁੱਛਗਿੱਛ ਪਿਛੋਂ ਹੀ ਪਤਾ ਲੱਗੇਗਾ ਕਿ ਇਹ ਗੋਲੀਆਂ ਕਿਥੋਂ ਲਿਆਂਦੀਆਂ ਗਈਆਂ ਸਨ ਅਤੇ ਕਿੱਥੇ ਲੈ ਕੇ ਜਾ ਰਿਹਾ ਸੀ।