ਫਰੀਦਕੋਟ:- ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਨ ਲਈ ਪੰਜਾਬ ਯੂਥ ਕਾਂਗਰਸ 9 ਫਰਵਰੀ ਨੂੰ ਦਿੱਲੀ ਵਿਖੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਦੀ ਅਗਵਾਈ ਹੇਠ ਦੇਸ਼ ਦੀ ਸੰਸਦ ਦਾ ਘਿਰਾਓ ਕਰੇਗੀ। ਉਕਤ ਜਾਣਕਾਰੀ ਪੰਜਾਬ ਯੂਥ ਕਾਂਗਰਸ ਦੇ ਮੁੱਖ ਬੁਲਾਰੇ ਬਲਕਰਨ ਸਿੰਘ ਨੰਗਲ ਨੇ ਦਿੱਤੀ । ਬਲਕਰਨ ਸਿੰਘ ਨੰਗਲ ਨੇ ਕੇਂਦਰ ਸਰਕਾਰ ‘ਦੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ’ ਤੇ ਬੋਲਦਿਆਂ ਕਿਹਾ ਕਿ ਯੂਥ ਕਾਂਗਰਸ ਕਿਸਾਨਾਂ ਦੇ ਨਾਲ ਖੜ੍ਹੀ ਹੋਵੇਗੀ। ਇਸ ਤੋਂ ਪਹਿਲਾਂ ਵੀ ਯੂਥ ਕਾਂਗਰਸ ਨੇ ਟਰੈਕਟਰ ਮਾਰਚ ਕਰਕੇ ਅਤੇ ਇੰਡਿਆ ਗੇਟ ਤੇ ਟਰੈਕਟਰ ਫੂਕ ਕੇ ਗੂੰਗੀ ਅਤੇ ਬੋਲੀ ਸਰਕਾਰ ਦੇ ਕੰਨਾਂ ਵਿੱਚ ਆਵਾਜ਼ ਪਾਈ ਸੀ ਤੇ ਹੁਣ ਫੇਰ ਯੂਥ ਕਾਂਗਰਸ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਦਾ ਘਿਰਾਓ ਕਰੇਗੀ।
ਬਲਕਰਨ ਸਿੰਘ ਨੰਗਲ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਚਹੇਤੇ ‘ਦੋ-ਤਿੰਨ ਦੋਸਤਾਂ’ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਰਕਾਰ ਨਾ ਸਿਰਫ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ, ਬਲਕਿ ਉਨ੍ਹਾਂ ਨੂੰ ਬਰਬਾਦ ਕਰਨ ਦੀ ਸਾਜਿਸ਼ ਰਚ ਰਹੀ ਹੈ।
ਬਲਕਰਨ ਸਿੰਘ ਨੰਗਲ ਨੇ ਕਿਹਾ ਕਿ ਸਰਕਾਰ ਆਪਣਿਆਂ ਗੁੰਡਿਆਂ ਰਾਹੀਂ ਕਿਸਾਨਾਂ ਨੂੰ ਧਮਕਾ ਰਹੀ ਹੈ। ਓਹਨਾਂ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ਉਤੇ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਸ਼ਾਂਤਮਈ ਸੰਘਰਸ਼ ਕਰ ਰਹੇ ਅੰਦੋਲਨ ਨੂੰ ਲੀਹੋਂ ਲਾਹੁਣ ਲਈ ਭਾਜਪਾ ਦੇ ਗੁੰਡਿਆਂ ਵੱਲੋਂ ਕੀਤਾ ਨੰਗਾ ਨਾਚ ਭਾਰਤੀ ਜਮਹੂਰੀਅਤ ‘ਤੇ ਕਾਲਾ ਧੱਬਾ ਹੈ । ਜਿਸ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਗਾਤਾਰ ਚੁੱਪ ਅਜਿਹੇ ਅਨਸਰਾਂ ਨੂੰ ਹੋਰ ਵੀ ਸ਼ਹਿ ਦਿੰਦੀ ਹੈ।
ਪੱਤਰਕਾਰ ਮੰਦੀਪ ਪੂਨੀਆ ਦੀ ਗ੍ਰਿਫਤਾਰੀ ਤੇ ਬੋਲਦਿਆਂ ਬਲਕਰਨ ਸਿੰਘ ਨੰਗਲ ਨੇ ਕਿਹਾ ਕਿ ਮੋਦੀ ਸਰਕਾਰ ਜਮੂਰੀਹਤ ਦੇ ਘਾਣ ਦੇ ਨਾਲ ਨਾਲ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ। ਨੰਗਲ ਨੇ ਪੱਤਰਕਾਰਾਂ ਉੱਤੇ ਹੋ ਰਹੇ ਹਮਲਿਆਂ ਦੀ ਨਿੰਦਾ ਕੀਤੀ ਤੇ ਜਲਦੀ ਤੋਂ ਜਲਦੀ ਮੰਦੀਪ ਪੂਨੀਆ ਦੀ ਰਿਹਾਈ ਦੀ ਮੰਗ ਕੀਤੀ ।