ਬੰਟੀ ਰੋਮਾਣਾ ਆਪਣੀ ਟਿਕਟ ਬਚਾਉਣ ਲਈ ਕਰ ਰਹੇ ਨੇ ਝੂਠੀਆਂ ਸ਼ਿਕਾਇਤਾਂ: ਪੰਜਾਬ ਯੂਥ ਕਾਂਗਰਸ
ਫ਼ਰੀਦਕੋਟ : ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ ਦੇ ਦਫਤਰ ਵਿਖੇ ਪੰਜਾਬ ਯੂਥ ਕਾਂਗਰਸ ਦੇ ਮੱੁਖ ਬੁਲਾਰੇ ਤੇ ਸੂਬਾ ਸਕੱਤਰ ਬਲਕਰਨ ਸਿੰਘ ਨੰਗਲ ਨੇ ਪ੍ਰੈਸ ਕਾਨਫਰੰਸ ਕਰਕੇ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਨਾ ਨੂੰ ਕਰੜੇ ਹੱਥੀਂ ਲੈਂਦਿਆਂ ਆਖਿਆ ਕਿ ਬੰਟੀ ਰੋਮਾਣਾ ਬੌਖਲਾਹਟ *ਚ ਆ ਕੇ ਆਪਣੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਅਕਾਲੀ ਦਲ ਵੱਲੋਂ ਟਿਕਟ ਪੱਕੀ ਕਰਨ ਲਈ ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀਆਂ ਸ਼ਿਕਾਇਤਾਂ ਕਰਕੇ ਸੁਖਬੀਰ ਬਾਦਲ ਕੋਲ ਨੰਬਰ ਬਣਾਉਣ ਅਤੇ ਵਿਕਾਸ ਕਾਰਜਾਂ *ਚ ਅੜਿੱਕਾ ਪਾ ਰਹੇ ਹਨ ਅਤੇ ਬਚਕਾਨਾ ਰਾਜਨੀਤੀ *ਤੇ ਉਤਰੇ ਹੋਏ ਹਨ। ਬਲਕਰਨ ਸਿੰਘ ਨੰਗਲ ਨੇ ਕਿਹਾ ਕਿ ਪਿਛਲੇ 4 ਸਾਲਾਂ ਦੌਰਾਨ ਫਰੀਦਕੋਟ ਹਲਕੇ ਵਿੱਚ ਵੱਖ—ਵੱਖ ਵਿਭਾਗਾਂ ਦੇ 470 ਕਰੋੜ ਰੁਪਏ ਦੇ ਵਿਕਾਸ ਕਾਰਜ ਹੋਏ ਹਨ। ਇਨ੍ਹਾਂ ਵਿਕਾਸ ਕਾਰਜਾਂ ਨੂੰ ਲੈ ਕੇ ਫਰੀਦਕੋਟ ਦੇ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਬੌਖਲਾਹਟ ਵਿੱਚ ਹਨ ਕਿਉਂਕਿ ਪੰਜਾਬ ਵਿੱਚ ਅਕਾਲੀ—ਭਾਜਪਾ ਗਠਜੋੜ 10 ਸਾਲ ਰਾਜਭਾਗ ਵਿੱਚ ਰਿਹਾ ਹੈ ਅਤੇ ਬੰਟੀ ਰੋਮਾਣਾ ਨੇ 10 ਸਾਲ ਸੱਤਾ ਦਾ ਅਨੰਦ ਲਿਆ ਹੈ ਪਰ ਫਰੀਦਕੋਟ ਦਾ ਇੱਕ ਵੀ ਵਿਕਾਸ ਦਾ ਕੰਮ ਨਾ ਕਰਵਾਉਣ ਕਰਕੇ ਉਨ੍ਹਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤੀਜੇ ਨੰਬਰ *ਤੇ ਰਹਿਣਾ ਪਿਆ। ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਬੰਟੀ ਰੋਮਾਣਾ ਲੋਕ ਆਗੂ ਨਹੀਂ ਬਲਕਿ ਇੱਕ ਵਿਅਕਤੀ ਵਿਸ਼ੇਸ਼ ਦੀ ਚਮਚਾਗਿਰੀ ਕਰਕੇ ਅਕਾਲੀ ਦਲ ਦੇ ਉਮੀਦਵਾਰ ਬਣੇ ਅਤੇ ਹੁਣ ਫ਼ਿਰ ਉਨ੍ਹਾਂ ਨੂੰ ਆਪਣੀ ਅਕਾਲੀ ਦਲ ਦੀ ਉਮੀਦਵਾਰੀ ਖੁਸਦੀ ਨਜਰ ਆ ਰਹੀ ਹੈ ਅਤੇ ਇਸ ਨੂੰ ਬਚਾਉਣ ਲਈ ਉਹ ਬੌਖਲਾਹਟ *ਚੋਂ ਕਿੱਕੀ ਢਿੱਲੋਂ ਦੀ ਮੁਖਾਲਫ਼ਤ ਕਰਕੇ ਆਪਣੀ ਟਿਕਟ ਦੁਬਾਰਾ ਪੱਕੀ ਕਰਨ ਦੇ ਰੌਂਅ *ਚ ਹਨ। ਬਲਕਰਨ ਸਿੰਘ ਨੰਗਲ ਨੇ ਕਿਹਾ ਕਿ ਬੰਟੀ ਰੋਮਾਣਾ ਅੱਜ ਤੱਕ ਇੱਕ ਵੀ ਚੋਣ ਨਹੀਂ ਜਿੱਤੇ ਅਤੇ ਉਨ੍ਹਾਂ ਵੱਲੋਂ ਅਕਾਲੀ ਦਲ ਦੇ ਰਾਜ ਦੌਰਾਨ ਵੀ ਅਤੇ ਹੁਣ ਵੀ ਵਿਕਾਸ ਕਾਰਜਾਂ *ਚ ਅਡਿੱਕਾ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਨੰਗਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ 10 ਸਾਲਾਂ ਦੌਰਾਨ ਪੰਜਾਬ ਦਾ ਖਜ਼ਾਨਾ ਖਾਲੀ ਕਰਨ ਕਰਕੇ ਵਿਕਾਸ ਕਾਰਜ ਨਹੀਂ ਹੋ ਸਕਦੇ ਸਨ, ਪਰ ਕਿੱਕੀ ਢਿੱਲੋਂ ਨੇ ਆਪਣੀ ਸੂਝ—ਬੂਝ ਨਾਲ ਫਰੀਦਕੋਟ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਹਨ ਜਿਸ ਦੀ ਬੰਟੀ ਰੋਮਾਣਾ ਨੇ ਖੁਦ, ਸੁਖਬੀਰ ਸਿੰਘ ਬਾਦਲ ਨੇ ਅਤੇ ਅਖੀਰ ਵਿੱਚ ਹਰਸਿਮਰਤ ਕੌਰ ਬਾਦਲ ਨੇ ਬਤੌਰ ਕੇਂਦਰੀ ਮੰਤਰੀ ਫ਼ਰੀਦਕੋਟ ਦੇ ਵਿਕਾਸ ਕਾਰਜਾਂ ਨੂੰ ਰੋਕਣ ਖਾਤਰ ਸ਼ਿਕਾਇਤਾਂ ਕੀਤੀਆਂ ਜੋ ਇੰਨਕੁਆਇਰੀਆਂ ਉਪਰੰਤ ਝੂਠੀਆਂ ਸਾਬਿਤ ਹੋਈਆਂ। ਬਲਕਰਨ ਸਿੰਘ ਨੰਗਲ ਨੇ ਕਿਹਾ ਕਿ ਅਣਖ ਦੀ ਗੱਲ ਕਰਨ ਵਾਲੇ ਬੰਟੀ ਰੋਮਾਣਾ ਦੀ ਅਸਲੀਅਤ ਇਹ ਹੈ ਕਿ ਉਨ੍ਹਾਂ ਵੱਲੋਂ ਟਰਾਂਸਪੋਰਟ ਵਿਭਾਗ ਦਾ 98 ਲੱਖ ਟੈਕਸ ਦਾ ਬਕਾਇਆ ਨਹੀਂ ਭਰਿਆ ਗਿਆ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਲੇਹਲੜੀਆਂ ਕੱਢ ਕੇ ਇਸ ਜ਼ੁਰਮਾਨੇ ਨੂੰ 98 ਲੱਖ ਤੋਂ ਘਟਵਾ ਕੇ 76 ਲੱਖ ਕਰਵਾਇਆ ਗਿਆ ਪਰ ਉਸ ਵਿੱਚੋਂ ਵੀ ਸਿਰਫ਼ 15 ਲੱਖ ਰੁਪਏ ਹੀ ਭਰਿਆ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਸੇਖੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੁਖਚੈਨ ਸਿੰਘ ਚੈਨਾ ਪ੍ਰਧਾਨ ਯੂਥ ਕਾਂਗਰਸ, ਜਸਪ੍ਰੀਤ ਸਿੰਘ ਜੱਸਾ ਪ੍ਰਧਾਨ ਯੂਥ ਕਾਂਗਰਸ, ਸਿਮਰਨਜੀਤ ਸਿੰਘ ਡੱਲੇਵਾਲਾ, ਹਰਵੀਰ ਸਿੰਘ ਢਿੱਲੋਂ, ਸਲਾਚੀ ਗੁਪਤਾ ਬਲਾਕ ਪ੍ਰਧਾਨ, ਵਿਨੇ ਕੋਟਕਪੂਰਾ, ਬੂਟਾ ਸਿੰਘ ਕਿਲ੍ਹਾਨੌਂ, ਰਮਨਾ ਸੰਧੂ ਕੋਹਾਰਵਾਲਾ, ਵਿੱਕੀ ਮੈਨੀ, ਬੱਬੂ ਕੋਟਸੁਖੀਆ, ਲਵਲੀ ਮਿਸ਼ਰੀਵਾਲਾ, ਬੱਬੂ ਮੌੜ, ਮਨਦੀਪ ਤਿਵਾੜੀ, ਰੌਬਿਨ ਸਿੰਘ ਭੱੁਲਰ, ਮਨਪ੍ਰੀਤ ਸਿੰਘ ਅਰਾਈਆਂਵਾਲਾ, ਰਣਜੀਤ ਸਿੰਘ ਕੰਮੇਆਣਾ ਅਤੇ ਹੈਪੀ ਰੱਤੀਰੋੜੀ ਆਦਿ ਯੂਥ ਕਾਂਗਰਸੀ ਆਗੂ ਹਾਜ਼ਰ ਸਨ।