Saturday, April 27Malwa News
Shadow

16ਵੀਂ ਵਰਲਡ ਪੰਜਾਬੀ ਕਾਨਫ਼ਰੰਸ ਦਾ ਸ਼ਾਨੋ-ਸ਼ੌਕਤ ਨਾਲ ਅਗਾਜ਼

ਨਵੀਂ ਦਿੱਲੀ 24 ਫਰਵਰੀ-: (ਗੁਰਵੀਰ ਸਿੰਘ ਸਰੌਦ) ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਰੋਹਤਕ ਵੱਲੋਂ ਜਗਤ ਪੰਜਾਬੀ ਸਭਾ ਕਨੇਡਾ ਦੇ ਸਹਿਯੋਗ ਨਾਲ 24 ਤੇ 25 ਫ਼ਰਵਰੀ ਨੂੰ ਯੂਨਾਈਟਡ ਸਰਵਿਸ ਇੰਸਟੀਚਿਊਟ ਆਫ਼ ਇੰਡੀਆ , ਰਾਓ ਤੁਲਾ ਰਾਮ ਮਾਰਗ ਵਸੰਤ ਵਿਹਾਰ ਨਵੀਂ ਦਿੱਲੀ ਵਿਖੇ 16ਵੀਂ ਵਰਲਡ ਪੰਜਾਬੀ ਕਾਨਫ਼ਰੰਸ ਵਿਸ਼ਾ :”ਪੰਜਾਬੀ ਭਾਸ਼ਾ ਅਤੇ ਪੰਜਾਬੀਅਤ, ਦੇਸ਼, ਵਿਦੇਸ਼, ਨੈਤਿਕਤਾ, ਰੱਖਿਆ ਅਤੇ ਪੰਜਾਬੀਅਤ ਲਈ ਪੰਜਾਬੀਆਂ ਦੀ ਭੂਮਿਕਾ ਦਾ ਆਗਾਜ਼ ਹੋਇਆ।
‍ਵਰਲਡ ਪੰਜਾਬੀ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਪਦਮਸ਼੍ਰੀ ਹੰਸ ਰਾਜ ਹੰਸ ਮੈਂਬਰ ਲੋਕ ਸਭਾ ਮੁੱਖ ਮਹਿਮਾਨ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਸਾਬਕਾ ਖੇਡ ਮੰਤਰੀ ਪੰਜਾਬ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਨਫ਼ਰੰਸ ਦਾ ਅਗਾਜ਼ ਸ਼ਮਾ ਰੌਸ਼ਨ ਨਾਲ ਹੋਇਆ, ਇਸ ਸਮੇਂ ਆਈਆਈਐੱਮ ਰੋਹਤਕ ਦੇ ਡਾਇਰੈਕਟਰ ਪ੍ਰੋ. ਧੀਰਜ ਸ਼ਰਮਾ, ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਪ੍ਰਧਾਨ ਸਰਦੂਲ ਸਿੰਘ ਥਿਆੜਾ, ਸੈਕਟਰੀ ਸੰਤੋਖ ਸਿੰਘ ਸੰਧੂ, ਤਾਹਿਰ ਅਸਲਮ ਗੋਰਾ ਮੌਜੂਦ ਸਨ।


‍ਆਈਆਈਐਮ ਰੋਹਤਕ ਦੇ ਡਾਇਰੈਕਟਰ ਪ੍ਰੋ .ਧੀਰਜ ਕੁਮਾਰ ਨੇ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਪਹੁੰਚੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਤੋਂ ਇਲਾਵਾ ਕਾਨਫਰੰਸ ‘ਚ ਵਿਸ਼ਵ ਦੇ ਕੋਨੇ ਕੋਨੇ ਤੋਂ ਪਹੁੰਚੇ ਵਿਦਵਾਨ, ਰਿਸਰਚ ਸਕਾਲਰ ਤੇ ਸਥਾਨਕ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਤੇ ਪੰਜਾਬੀਅਤ ਦੀ ਕੁੱਲ ਆਲਮ ਵਿੱਚ ਆਪਣੀ ਪਛਾਣ ਸ਼ਖਤ ਮਿਹਨਤ, ਹੌਸਲੇ ਤੇ ਜਜ਼ਬੇ ਕਰਕੇ ਸਥਾਪਿਤ ਹੋਈ ਹੈ। ਦੇਸ਼ ਦੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦੀ ਅਹਿਮ ਸਥਾਨ ਹੈ।
‍ਰਾਣਾ ਗੁਰਜੀਤ ਸਿੰਘ ਸੋਢੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਨੇ ਹਮੇਸ਼ਾ ਹੀ ਉਤਾਰਾਂ-ਚੜਾਵਾਂ ਦਾ ਸਾਹਮਣਾ ਡੱਟ ਕਿ ਕੀਤਾ ਹੈ। ਪੰਜਾਬ ਤੇ ਪੰਜਾਬੀਅਤ ਭਾਰਤ ਦੇਸ਼ ਦਾ ਦਿਲ ਹੈ, ਜਿਸ ਨੂੰ ਦੇਸ਼ ਦੀ ਅੰਨ ਭੰਡਾਰ ਦੀ ਟੋਕਰੀ ਹੋਣ ਦਾ ਮਾਣ ਪ੍ਰਾਪਤ ਹੈ। ਪੰਜਾਬ ਤੇ ਪੰਜਾਬੀ ਤੇ ਜਿੰਨਾ ਮਾਣ ਕੀਤਾ ਜਾਵੇ ਉਨ੍ਹਾਂ ਥੋੜਾ ਹੈ।
‍ਹੰਸ ਰਾਜ ਹੰਸ ਨੇ ਸੰਬੋਧਨੀ ਸ਼ਬਦਾਂ ‘ਚ ਕਿਹਾ ਕਿ ਪੰਜਾਬ ਸੂਫ਼ੀ, ਸੰਤ, ਫਕੀਰਾਂ ਦੀ ਧਰਤੀ ਹੈ। ਜਿਸ ਨੇ ਹਮੇਸ਼ਾ ਹੀ ਦੇਸ਼, ਕੌਮ ਲਈ ਸਿਰ ਤਲੀ ‘ਤੇ ਧਰ ਕੇ ਹਮੇਸ਼ਾ ਆਪਣਾ ਬਲੀਦਾਨ ਦਿੱਤਾ ਹੈ, ਪਰ ਸਿਦਕ ਨਹੀਂ ਹਾਰਿਆ। ਅੰਤ ਉਨ੍ਹਾਂ ਦੀ ਸੁਰੀਲੀ ਆਵਾਜ਼ ਨਾਲ ਕਾਨਫ਼ਰੰਸ ਹਾਲ ਸੰਗੀਤਿਕ ਧੁਨਾਂ ਨਾਲ ਗੱਦ-ਗੱਦ ਕਰ ਉੱਠਿਆ। ਲਾਡ ਰਮੀ ਰੰਗਰ ਸੀਬੀਏ ਅਤੇ ਪ੍ਰੋ. ਨੱਥੂ ਪੁਰੀ “ਫਾਉਂਡਰ ਪੁਰੀਕੋ” ਨੇ ਆਨਲਾਈਨ ਜ਼ੂਮ ਰਾਹੀਂ ਕਾਨਫ਼ਰੰਸ ਵਿੱਚ ਸ਼ਿਰਕਤ ਕੀਤੀ । ਉਦਘਾਟਨੀ ਸਮਾਰੋਹ ਵਿੱਚ ਮੁੱਖ ਭਾਸ਼ਣ ਹਰਜਿੰਦਰ ਸਿੰਘ ਸਿੱਕਾ ਡਾਇਰੈਕਟਰ ਪਿਰਾਮਲ ਤੇ ਗਰੁੱਪ ਅਮਿਤ ਬੱਗਾ ਦਿੱਤਾ।
‍ਆਈਆਈਐੱਮ ਦੇ ਡਾਇਰੈਕਟਰ ਪ੍ਰੋ. ਧੀਰਜ ਸ਼ਰਮਾ, ਜਗਤ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਪ੍ਰਧਾਨ ਸਰਦੂਲ ਸਿੰਘ ਥਿਆੜਾ ਤੇ ਸੈਕਟਰੀ ਸੰਤੋਖ ਸਿੰਘ ਸੰਧੂ, ਤਾਹਿਰ ਅਸਲਮ ਗੋਰਾ, ਅਰਵਿੰਦਰ ਢਿੱਲੋਂ, ਬਲਵਿੰਦਰ ਕੌਰ ਚੱਠਾ, ਹਲੀਮਾ ਸਾਦੀਆ , ਡਾਕਟਰ ਗੁਰਪ੍ਰੀਤ ਕੌਰ , ਹਰਵੀਰ ਸਿੰਘ ਢੀਂਡਸਾ, ਪੁਸ਼ਪਿੰਦਰ ਕੌਰ ਤੇ ਸਮੁੱਚੀ ਟੀਮ ਨੇ ਉਦਘਾਟਨੀ ਸਮਾਰੋਹ ਵਿੱਚ ਪਹੁੰਚੇ ਮਹਿਮਾਨਾਂ ਨੂੰ ਕੀਮਤੀ ਦੁਸ਼ਾਲਾ ਤੇ ਯਾਦਗਾਰੀ ਚਿੰਨ ਭੇਂਟ ਕੀਤਾ।
‍ਕਾਨਫਰੰਸ ਦੇ ਪਹਿਲੇ ਸੈਸ਼ਨ ਦਾ ਮੰਚ ਸੰਚਾਲਨ ਚੈਅਰਮੈਨ ਅਜੈਬ ਸਿੰਘ ਚੱਠਾ ਨੇ ਕੀਤਾ। ਜਿਸ ਵਿੱਚ ਰੁਪਿੰਦਰ ਕੌਰ ਬਰਾੜ ਵਧੀਕ ਸੈਕਟਰੀ ਮਨਿਸਟਰੀ ਆਫ਼ ਕੋਲ ਨੇ ਸ਼ਿਰਕਤ ਕੀਤੀ। ਰਵਿੰਦਰ ਸਿੰਘ ਰੋਬਨ ਸੀਨੀਅਰ ਪੱਤਰਕਾਰ ਬੀਬੀਸੀ, ਡਾ.ਮਨਪ੍ਰੀਤ ਕੌਰ, ਅਭਿਨਾਸ਼ ਰਾਣਾ, ਸਰਦੂਲ ਸਿੰਘ ਥਿਆੜਾ, ਐਡਵੋਕੇਟ ਬਲਵੀਰ ਸਿੰਘ ਵਲਿੰਗ, ਅਰਵਿੰਦਰ ਢਿੱਲੋਂ, ਸਾਬਕਾ ਪ੍ਰਿੰਸੀਪਲ ਡਾ.ਜਸਵਿੰਦਰ ਸਿੰਘ ਦਿੱਲੀ , ਚਰਨਜੀਤ ਕੌਰ ਢਿੱਲੋਂ ਨੇ ਆਪਣੇ ਖੋਜ ਪੱਤਰ ਪੇਸ਼ ਕਰਦਿਆਂ ਪੰਜਾਬੀ ਤੇ ਪੰਜਾਬੀਅਤ ਵਿਸ਼ੇ ਆਪਣੇ ਵਿਚਾਰ ਸਾਂਝੇ ਕੀਤੇ।
‍ਦੂਜੀ ਸੈਸ਼ਨ ਦਾ ਮੰਚ ਸੰਚਾਲਨ ਤਾਹਿਰ ਅਸਲਮ ਗੋਰਾ ਨੇ ਕੀਤਾ। ਜਿਸ ਵਿੱਚ ਗੁਰਵੀਰ ਸਿੰਘ ਸਰੌਦ, ਭੁਪਿੰਦਰ ਸਿੰਘ ਭਾਈਕੇ, ਪਿਆਰਾ ਸਿੰਘ ਕੱਦੋਵਾਲ, ਹਲੀਮਾ ਸਾਖੀ ਕਨੇਡਾ, ਡਾ. ਨਰਿੰਦਰਜੀਤ ਕੌਰ, ਡਾ.ਹਰਬੰਸ ਸਿੰਘ, ਬਲਵਿੰਦਰ ਕੌਰ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ। ਕਾਨਫਰੰਸ ਦੇ ਪਹਿਲੇ ਦਿਨ ਪੰਜਾਬੀ ਪੰਜਾਬੀਅਤ ਨੈਤਿਕ ਸਿੱਖਿਆਂ, ਨੈਤਿਕ ਕਦਰਾਂ-ਕੀਮਤਾਂ ਤੇ ਅੰਤਰਰਾਸ਼ਟਰੀ ਪੱਧਰ ‘ਤੇ ਮੀਡੀਏ ਦਾ ਰੋਲ ਵਿਸ਼ੇ ‘ਤੇ ਵਿਚਾਰ-ਚਰਚਾਵਾਂ ਹੋਈਆਂ।
‍ਇਸ ਤੋਂ ਇਲਾਵਾ ਜਗਤ ਪੰਜਾਬੀ ਸਭਾ ਕੈਨੇਡਾ ਦੀ ਸਮੁੱਚੀ ਟੀਮ ਅਤੇ ਆਈਆਈਐਮ ਰੋਹਤਕ ਦੇ ਫੈਕਲਟੀ ਮੈਂਬਰ ਤੇ ਵਿਦਿਆਰਥੀਆਂ ਨਾਲ ਹਾਲ ਭਰਿਆ ਹੋਇਆ। ਸੈਸ਼ਨ ਦੀ ਸਮਾਪਤੀ ‘ਤੇ ਤਾੜੀਆਂ ਦੀ ਅਵਾਜ਼ ਨਾਲ ਹਾਲ ਗੂੰਜ ਉੱਠਿਆ। ਕਾਨਫਰੰਸ ਵਿੱਚ ਸ਼ਾਮਿਲ ਜਗਤ ਪੰਜਾਬੀ ਸਭਾ ਕੈਨੇਡਾ ਅਤੇ ਆਈਆਈਐਮ ਰੋਹਤਕ ਦੇ ਫੈਕਲਟੀ ਮੈਂਬਰ ਅਤੇ ਅੰਤਰਰਾਸ਼ਟਰੀ ਪੱਧਰ ਤੋਂ ਪਹੁੰਚੇ ਵੱਖ ਵੱਖ ਵਿਦਵਾਨਾਂ ਨੇ ਅਗਲੀ ਸਵੇਰ ਮਿਲਣ ਦਾ ਵਾਅਦਾ ਕਰਦਿਆਂ ਕਾਨਫਰੰਸ ਦੇ ਪਹਿਲੇ ਦਿਨ ਦੀ ਸਮਾਪਤੀ ਹੋਈ ।