Seriuous Bus accident at highway 97c near Kelowna, BC, Canada. This bus going to Kelowna from Merritt.
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਕੈਲੋਨਾ ਨੇੜੇ ਇਕ ਬਹੁਤ ਹੀ ਭਿਆਨਕ ਬੱਸ ਐਕਸੀਡੈਂਟ ਹੋ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਇਕ ਬੱਸ ਐਕਸੀਡੈਂਟ ਵਿਚ 53 ਵਿਅਕਤੀ ਗੰਭੀਰ ਫੱਟੜ ਹੋ ਗਏ ਨੇ, ਜਿਨ੍ਹਾਂ ਨੂੰ ਕੈਲੋਨਾ, ਪੈਂਟੱਕਟਨ ਅਤੇ ਮੈਰਿਠ ਦੇ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਬੀ ਸੀ ਹੈਲਥ ਏਜੰਸੀ ਵਲੋਂ ਅਜੇ ਤੱਕ ਮਰੀਜਾਂ ਦੀ ਸਹੀ ਪੁਜੀਸ਼ਨ ਦੀ ਵੀ ਜਾਣਕਾਰੀ ਨਹੀਂ ਦਿੱਤੀ ਗਈ। ਬੀ ਸੀ ਐਮਰਜੰਸੀ ਹੈਲਥ ਸਰਵਿਸਜ਼ ਨੇ ਅਜੇ ਕੇਵਲ ਇੰਨੀ ਜਾਣਕਾਰੀ ਹੀ ਸਾਂਝੀ ਕੀਤੀ ਹੈ ਕਿ ਹਾਈਵੇ 97 ਸੀ ‘ਤੇ ਹੋਏ ਬੱਸ ਹਾਦਸੇ ਦੇ ਸਾਰੇ ਜਖਮੀਆਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾ ਦਿੱਤਾ ਗਿਆ। ਮਰੀਜਾਂ ਦੇ ਪਰਿਵਾਰਾਂ ਲਈ ਇਕ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ। ਬੀ ਸੀ ਹੈਲਥ ਸਰਵਿਸਜ਼ ਵਲੋਂ ਜਾਰੀ ਕੀਤਾ ਗਿਆ ਨੰਬਰ ਹੈ 250 545 2211
ਇਸੇ ਤਰਾਂ ਬੀ ਸੀ ਦੀ ਲੋਕਲ ਹੈਲਥ ਕੇਅਰ ਸੇਵਾ, ਇੰਟੀਰੀਅਰ ਹੈਲਥ ਨੇ ਵੀ ਜਖਮੀਆਂ ਦੇ ਪਰਿਵਾਰਾਂ ਲਈ ਨੰਬਰ ਦੀ ਹੀ ਜਾਣਕਾਰੀ ਦਿੱਤੀ ਹੈ। ਏਜੰਸੀ ਨੇ ਟਵੀਟ ਕਰਕੇ ਕਿਹਾ ਹੈ ਕਿ ਉਹ ਅਜੇ ਜਖਮੀਆਂ ਬਾਰੇ ਸਹੀ ਜਾਣਕਾਰੀ ਦੇਣ ਦੀ ਹਾਲਤ ਵਿਚ ਨਹੀਂ। ਹੈਲਥ ਏਜੰਸੀ ਟਵੀਟ ਕੀਤਾ ਕਿ ਉਹ ਸਾਰੇ ਜਖਮੀਆਂ ਦੇ ਪਰਿਵਾਰਾਂ ਨਾਲ ਜਲਦੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਕਰ ਰਹੇ ਨੇ।
ਇਸ ਹਾਦਸੇ ਸਬੰਧੀ ਹੈਲਥ ਅਥਾਰਟੀ ਨੇ ਔਰੇਂਜ਼ ਕੋਡ ਜਾਰੀ ਕੀਤਾ ਹੈ। ਇਸ ਕੋਡ ਦਾ ਮਤਲਬ ਹੁੰਦਾ ਹੈ ਇਸ ਵੱਡੀ ਆਫਤ ਬਾਰੇ ਉਹ ਅਜੇ ਤੱਕ ਸਪਸ਼ਟ ਨਹੀਂ ਹੈ ਕਿ ਇਸ ਨਾਲ ਕਿੰਨੀਆਂ ਮੌਤਾਂ ਹੋਈਆਂ ਜਾਂ ਕਿੰਨਾ ਨੁਕਸਾਨ ਹੋਇਆ।
ਇਸੇ ਦੌਰਾਨ ਬੀ ਸੀ ਦੇ ਪ੍ਰੀਮੀਅਰ ਨੇ ਵੀ ਇਕ ਬਿਆਨ ਜਾਰੀ ਕਰਕੇ ਇਸ ਭਿਆਨਕ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਸ ਨੇ ਕਿਹਾ ਕਿ ਕ੍ਰਿਸਮਸ ਮੌਕੇ ਇਹ ਬਹੁਤ ਹੀ ਦੁਖਦਾਈ ਘਟਨਾ ਹੈ, ਜਿਸ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਅਜੇ ਤੱਕ ਹੈਲਥ ਅਥਾਰਟੀਜ਼ ਵਲੋਂ ਜਖਮੀਆਂ ਬਾਰੇ ਸਹੀ ਜਾਣਕਾਰੀ ਨਾ ਦਿੱਤੇ ਜਾਣ ਕਾਰਨ ਇਸ ਇਲਾਕੇ ਦੇ ਪਰਿਵਾਰਾਂ ਵਿਚ ਬਹੁਤ ਹੀ ਚਿੰਤਾ ਪਾਈ ਜਾ ਰਹੀ ਹੈ, ਕਿਉਂਕਿ ਅਜੇ ਤੱਕ ਜਖਮੀਆਂ ਦੀ ਪਛਾਣ ਵੀ ਨਹੀਂ ਦੱਸੀ ਜਾ ਰਹੀ। ਆਸ ਪਾਸ ਦੇ ਸ਼ਹਿਰਾਂ ਦੇ ਲੋਕਾਂ ਵਿਚ ਵੀ ਭਾਰੀ ਚਿੰਤਾ ਪਾਈ ਜਾ ਰਹੀ ਹੈ। ਚਾਰ ਚੁਫੇਰੇ ਭਾਰੀ ਸਨੋਅ ਫਾਲ ਕਾਰਨ ਹਸਪਤਾਲਾਂ ਤੱਕ ਪਹੁੰਚ ਕਰਨੀ ਵੀ ਮੁਸ਼ਕਿਲ ਹੋ ਗਈ ਹੈ।
ਅਜੇ ਤੱਕ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਹ ਵੀ ਖਤਰਾ ਮਹਿਸੂਸ ਹੋ ਰਿਹਾ ਹੈ ਕਿ ਇਸ ਹਾਦਸੇ ਵਿਚ ਵੱਡਾ ਨੁਕਸਾਨ ਹੋ ਸਕਦਾ ਹੈ। ਹਸਪਤਾਲਾਂ ਵਿਚ ਪਹੁੰਚਾਏ ਗਏ 53 ਵਿਅਕਤੀਆਂ ਦੀ ਹਾਲਤ ਕੀ ਹੈ, ਇਹ ਵੀ ਚਿੰਤਾ ਬਣੀ ਹੋਈ ਹੈ। ਜਦੋਂ ਤੱਕ ਬੀ ਸੀ ਪੁਲੀਸ ਜਾਂ ਬੀ ਸੀ ਦੀ ਹੈਲਥ ਅਥਾਰਟੀ ਜਖਮੀਆਂ ਬਾਰੇ ਸਹੀ ਜਾਣਕਾਰੀ ਨਹੀਂ ਦਿੰਦੀ, ਉਦੋਂ ਤੱਕ ਇਸ ਭਿਆਨਕ ਹਾਦਸੇ ਬਾਰੇ ਚਿੰਤਾ ਬਣੀ ਹੋਈ ਹੈ।