ਫਰੀਦਕੋਟ, 1 ਜੂਨ, 2022: 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਤੋਂ ਪਹਿਲਾਂ, ਰਾਊਂਡਗਲਾਸ ਫ਼ਾਊਂਡੇਸ਼ਨ 30 ਮਈ ਤੋਂ 5 ਜੂਨ ਤੱਕ ਪੰਜਾਬ ਵਿੱਚ 50,000 ਬੂਟਿਆਂ ਨਾਲ਼ 15 ਮਿੰਨੀ ਜੰਗਲ ਲਗਾਵੇਗੀ। ਇਹ ਮਿੰਨੀ-ਜੰਗਲ ਲੁਧਿਆਣਾ, ਪਟਿਆਲਾ, ਮੋਹਾਲੀ, ਬਠਿੰਡਾ, ਮਲੇਰਕੋਟਲਾ, ਮੁਕਤਸਰ, ਫਰੀਦਕੋਟ, ਸੰਗਰੂਰ, ਮਾਨਸਾ, ਰੂਪਨਗਰ, ਮੋਗਾ, ਫਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੇ ਪਿੰਡਾਂ ਵਿੱਚ ਲਗਾਏ ਜਾਣਗੇ।
ਇਸ ਮੌਕੇ ‘ਤੇ SSP ਅਵਨੀਤ ਕੌਰ ਸਿੱਧੂ ਨੇ ਕਿਹਾ, “ਅੱਜ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ‘ਤੇ ਮਮਾਰਾ ਪਿੰਡ ਦੀ ਪੰਚਾਇਤ ਨੇ ਰਾਊਂਡਗਲਾਸ ਫਾਊਂਡੇਸ਼ਨ ਦੀ ਮਦਦ ਨਾਲ ਪਿੰਡ ਵਿੱਚ ਮਿੰਨੀ ਜੰਗਲ ਲਗਾਇਆ ਹੈ। ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅਤੇ ਸਾਰੇ ਪਿੰਡਾਂ ਨੂੰ ਵਾਤਾਵਰਨ ਨੂੰ ਬਚਾਉਣ ਲਈ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਰੁੱਖ ਲਗਾਉਣੇ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਸੋ, ਮੈਂ ਮਮਾਰਾ ਪਿੰਡ ਦੀ ਪੰਚਾਇਤ ਅਤੇ ਰਾਊਂਡਗਲਾਸ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕਰਦੀ ਹਾਂ।“
ਇਨ੍ਹਾਂ 15 ਵਿੱਚੋਂ 9 ਮਿੰਨੀ-ਜੰਗਲ ਪੰਚਾਇਤੀ ਜ਼ਮੀਨ ਉੱਤੇ ਲਗਾਏ ਜਾਣਗੇ ਜਦਕਿ 6 ਮਿੰਨੀ ਜੰਗਲਾਂ ਲਈ ਮਲੇਰਕੋਟਲਾ, ਬਰਨਾਲਾ, ਫ਼ਿਰੋਜ਼ਪੁਰ, ਫਰੀਦਕੋਟ, ਬਠਿੰਡਾ, ਮੋਗਾ ਦੇ ਵਾਸੀ ਆਪਣੀ ਨਿੱਜੀ ਜ਼ਮੀਨ ਤੇ ਲਗਾਉਣਗੇ।
ਮੁੜ-ਜੰਗਲਾਤ ਮੁਹਿੰਮ ਬਾਰੇ ਰਾਊਂਡਗਲਾਸ ਫਾਊਂਡੇਸ਼ਨ ਦੇ ਲੀਡਰ ਵਿਸ਼ਾਲ ਚਾਵਲਾ ਨੇ ਕਿਹਾ ਕਿ, “ਅਸੀਂ ਪੰਜਾਬ ਵਿੱਚ ਇੱਕ ਅਰਬ ਰੁੱਖ ਲਗਾਉਣ ਦੇ ਮਿਸ਼ਨ ’ਤੇ ਹਾਂ। ਅੱਜ ਤੱਕ ਅਸੀਂ 700 ਤੋਂ ਵੱਧ ਪਿੰਡਾਂ ਵਿੱਚ 6 ਲੱਖ ਤੋਂ ਵੱਧ ਬੂਟਿਆਂ ਨਾਲ਼ 500 ਤੋਂ ਵੱਧ ਮਿੰਨੀ-ਜੰਗਲ ਲਗਾ ਚੁੱਕੇ ਹਾਂ। ਬੂਟੇ ਲਗਾਉਣ ਦੀ ਇਸ ਮੁਹਿੰਮ ਦੇ ਜ਼ਰੀਏ, ਸਾਡਾ ਉਦੇਸ਼ ਪੰਜਾਬ ਦੇ ਰਿਵਾਇਤੀ ਰੁੱਖਾਂ ਨੂੰ ਮੁੜ-ਸੁਰਜੀਤ ਕਰਨਾ, ਪੰਛੀਆਂ ਅਤੇ ਜਾਨਵਰਾਂ ਨੂੰ ਰਹਿਣ ਬਸੇਰੇ ਦੇਣਾ, ਮਿੱਟੀ ਦੀ ਗੁਣਵੱਤਾ ਅਤੇ ਜਲਵਾਯੂ ਵਿੱਚ ਸੁਧਾਰ ਕਰਨਾ ਹੈ। ਇਹ ਪ੍ਰੋਗਰਾਮ ਨੌਜਵਾਨਾਂ ਅਤੇ ਹੋਰ ਭਾਈਚਾਰਿਆਂ ਨੂੰ ਉਤਸ਼ਾਹਿਤ ਕਰਦਾ ਹੈ ਕਿ ਪੰਜਾਬ ਵਿੱਚ ਜੰਗਲਾਤ ਖੇਤਰ ਨੂੰ ਵਧਾ ਇੱਥੋਂ ਦੇ ਵਾਤਾਵਰਣ ਦਾ ਸੰਤੁਲਨ ਕਾਇਮ ਰੱਖਿਆ ਜਾਵੇ। ਅਸੀਂ ਗ੍ਰਾਮ ਪੰਚਾਇਤਾਂ ਅਤੇ ਈਕੋ-ਕਲੱਬਾਂ ਨਾਲ਼ ਮਿਲ ਕੇ ਇਸ ਕਾਰਜ ਲਈ ਭਾਈਚਾਰਕ ਸਹਾਇਤਾ ਜੁਟਾ ਰਹੇ ਹਾਂ। ਅਸੀਂ ਮਨਰੇਗਾ ਸਕੀਮ ਨਾਲ਼ ਵੀ ਕੰਮ ਰਹੇ ਹਾਂ, ਜਿਸ ਵਿੱਚ ਇੱਕ ਕਰਮਚਾਰੀ ਵਣ ਮਿੱਤਰ ਸਕੀਮ ਦੇ ਤਹਿਤ 200 ਬੂਟਿਆਂ ਦੀ ਸੰਭਾਲ ਕਰਦਾ ਹੈ। ਰਾਊਂਡਗਲਾਸ ਫਾਊਂਡੇਸ਼ਨ ਪੰਜਾਬ ਨੂੰ ਮੁੜ ਤੋਂ ਹਰਿਆ-ਭਰਿਆ ਪੰਜਾਬ ਬਣਾਉਣ ਦੇ ਸਫ਼ਰ ਉੱਤੇ ਹੈ।”
ਮੁੜ-ਜੰਗਲਾਤ ਮੁਹਿੰਮ ਰਾਊਂਡਗਲਾਸ ਫਾਊਂਡੇਸ਼ਨ ਦੇ ਇੱਕ ਵੱਡੇ ਟੀਚੇ ਦਾ ਇੱਕ ਹਿੱਸਾ ਹੈ ਕਿਉਂਕਿ ਪੰਜਾਬ ਭਾਰਤ ਦੇ ਸਭ ਤੋਂ ਘੱਟ ਜੰਗਲੀ ਖੇਤਰਾਂ ਵਾਲੇ ਰਾਜਾਂ ਵਿੱਚੋਂ ਇੱਕ ਹੈ। ਪੰਜਾਬ ਦਾ ਜੰਗਲੀ ਖੇਤਰ 4 ਪ੍ਰਤੀਸ਼ਤ ਤੋਂ ਵੀ ਘੱਟ ਹੈ ਅਤੇ ਮੁੜ-ਜੰਗਲਾਤ ਗਤੀਵਿਧੀਆਂ ਨੂੰ ਲਾਗੂ ਕਰਕੇ ਫਾਊਂਡੇਸ਼ਨ ਇੱਕ ਹਰੇ-ਭਰੇ ਅਤੇ ਵਧੇਰੇ ਜੀਵੰਤ ਪੰਜਾਬ ਦੀ ਉਸਾਰੀ ਕਰਨ ਲਈ ਕੰਮ ਕਰ ਰਹੀ ਹੈ।
ਇਸ ਮੁਹਿੰਮ ਲਈ ਵੱਧ ਤੋਂ ਵੱਧ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ, ਰਾਊਂਡਗਲਾਸ ਫਾਊਂਡੇਸ਼ਨ ਨੇ ਸੋਸ਼ਲ ਮੀਡੀਆ ਉੱਤੇ #EveryDayIsEnvironmentDay ਨਾਮ ਨਾਲ਼ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਵਿੱਚ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਕਰਨ ਵਾਲੀ ਉਹਨਾਂ ਦੀ ਇੱਕ ਆਦਤ ਸਾਂਝੀ ਕਰਨ ਲਈ ਆਖਿਆ ਗਿਆ ਹੈ ਜਿਵੇਂ ਕਿ ਕਮਰੇ ਤੋਂ ਬਾਹਰ ਜਾਣ ਤੋਂ ਪਹਿਲਾਂ ਲਾਈਟਾਂ ਬੰਦ ਕਰਨੀਆਂ, ਪਾਣੀ ਦੀ ਬੱਚਤ ਕਰਨੀ ਜਾਂ ਪਾਲੀਥੀਨ ਦੀ ਵਰਤੋਂ ਨੂੰ ਘਟਾਉਣਾ ਆਦਿ। ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੇ ਗਏ ਹਰ ਵਿਚਾਰ ਲਈ ਫਾਊਂਡੇਸ਼ਨ ਉਸ ਵਿਅਕਤੀ ਦੇ ਨਾਂ ’ਤੇ ਇਕ ਰੁੱਖ ਲਗਾਏਗੀ।
ਰਾਊਂਡਗਲਾਸ ਫ਼ਾਊਂਡੇਸ਼ਨ ਬਾਰੇ
2018 ਵਿੱਚ ਰਾਊਂਡਗਲਾਸ ਫ਼ਾਊਂਡੇਸ਼ਨ ਨੇ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਨਿਵੇਸ਼ ਕਰਕੇ ਪੰਜਾਬ ਨੂੰ ਹੋਰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਦਾ ਸਫ਼ਰ ਸ਼ੁਰੂ ਕੀਤਾ ਸੀ। ਫਾਊਂਡੇਸ਼ਨ ਬੱਚਿਆਂ, ਜਵਾਨਾਂ, ਔਰਤਾਂ, ਅਤੇ ਵਾਤਾਵਰਣ ਦੇ ਵਿਕਾਸ ਲਈ ਅਤੇ ਇੱਕ ਸੁਹਣੇ ਪੰਜਾਬ ਦੀ ਉਸਾਰੀ ਲਈ ਵਚਨਬੱਧ ਹੈ।
ਪਿਛਲੇ ਚਾਰ ਸਾਲਾਂ ਦੌਰਾਨ, ਰਾਊਂਡਗਲਾਸ ਫ਼ਾਊਂਡੇਸ਼ਨ ਨੇ ਆਪਣੇ ਪ੍ਰੋਗਰਾਮਾਂ (1) ਲਰਨ ਪੰਜਾਬ: ਜੋ ਬੱਚਿਆਂ ਅਤੇ ਜਵਾਨਾਂ ਦੀ ਪੜ੍ਹਾਈ ਅਤੇ ਖੇਡਾਂ ਸਬੰਧੀ ਕੰਮ ਕਰਦਾ ਹੈ, (2) ਹਰ ਪੰਜਾਬ: ਜੋ ਔਰਤਾਂ ਦੇ ਵਿਕਾਸ ਲਈ ਕੰਮ ਕਰਦਾ ਹੈ, (3) ਸਸਟੇਨ ਪੰਜਾਬ: ਜੋ ਬੂਟੇ ਲਗਾਉਣ, ਰਹਿੰਦ-ਖੂੰਹਦ ਪ੍ਰਬੰਧਨ, ਅਤੇ ਮੁੜ ਪੈਦਾਵਾਰ ਵਾਲੀ ਖੇਤੀ ਸਬੰਧੀ ਕੰਮ ਕਰਦਾ ਹੈ, ਰਾਹੀਂ 1100 ਪਿੰਡਾਂ ਵਿੱਚ 10 ਲੱਖ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਕੀਤਾ ਹੈ।