( ਆ ਸ਼ਿਵ ਬਹਿ ਗੱਲਾਂ ਕਰੀਏ )
ਆ ਸ਼ਿਵ ਬਹਿ
ਗੱਲਾਂ ਕਰੀਏ
ਕੁਝ ਆਰ ਦੀਆਂ
ਕੁਝ ਪਾਰ ਦੀਆਂ
ਇਕ ਸ਼ਿਕਰਾ ਯਾਰ ਮਨਾਉਣ ਦੀਆਂ
ਲੱਗਦਾ ਹੈ ਮੈਨੂੰ ਵੀ ਇੰਝ ਜਿਵੇਂ
ਤੇਰੇ ਮੇਰੇ ਦਰਦ ਇਕ ਹੋਣ
ਤੂੰ ਤਾਂ ਤੁਰ ਗਿਉਂ ਸਿਖਰ ਦੁਪਹਿਰੇ
ਮੈਂ ਬੈਠੀ ਇਹ ਸੋਚੀ ਜਾਵਾਂ
ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ
ਮੈਨੂੰ ਇਹੋ ਹਿਸਾਬ ਲੈ ਬੈਠਾ
ਸੱਚੀਂ ਸ਼ਿਵ ਕਦੀ ਕਦੀ ਮੇਰਾ
ਜੀਅ ਚਾਹੇ ਪੰਛੀ ਹੋ ਜਾਵਾਂ
ਖੁੱਲੀ ਫ਼ਿਜ਼ਾ ਵਿੱਚ ਜਾ
ਭਰਾਂ ਉਡਾਰੀ ਮੈਂ ਤੇ
ਅਨੰਦਿਤ ਮਹਿਸੂਸ ਕਰਾਂ
ਫਿਰ ਕਦੀ ਵਾਪਿਸ ਨਾ ਆਵਾਂ
ਸੁਣਿਉਂ ਵੇ ਕਲਮਾਂ ਵਾਲ਼ਿਓ
ਸੁਣਿਉਂ ਵੇ ਅਕਲਾਂ ਵਾਲਿਓ
ਦੋਸਤੀ ਦੇ ਜ਼ਖ਼ਮ ਤੇ
ਦੁੱਧ ਦਾ ਛਿੱਟਾ ਮਾਰਿਓ
ਸ਼ਿਵ ਦੱਸੀਂ ਜ਼ਰਾ ਕਿ
ਗ਼ਮਾਂ ਦੀ ਰਾਤ ਲੰਮੀ ਏ
ਜਾਂ ਮੇਰੇ ਗੀਤ ਲੰਮੇ ਨੇ
ਨਾ ਭੈੜੀ ਰਾਤ ਮੁੱਕਦੀ ਏ
ਨਾ ਮੇਰੇ ਗੀਤ ਮੁੱਕਦੇ ਨੇ
ਸ਼ਿਵ ਮੇਰਾ ਵੀ ਹਾਲ
ਤੇਰੇ ਵਾਂਗ ਏ
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ
ਹੌਲੀ ਹੌਲੀ ਰੋ ਕੇ ਜੀ ਪਰਚਾਉਣ ਦੀ
ਸ਼ਿਵ ਰੁਕ ਜ਼ਰਾ
ਇਕ ਗੱਲ ਤੈਥੋਂ ਪੁੱਛਣੀ ਚਾਹਾਂ
ਜਾਂਦਾ ਜਾਂਦਾ ਉਸ ਭੱਠੀ ਵਾਲੀ ਦਾ
ਸਿਰਨਾਵਾਂ ਮੈਨੂੰ ਦਿੰਦਾ ਜਾਈਂ
ਤੂੰ ਤੇ ਇਹ ਕਿਹਾ ਸੀ
ਤੈਨੂੰ ਦਿਆਂ ਹੰਝੂਆਂ ਦਾ ਭਾੜਾ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ
ਮੇਰਾ ਵੀ ਦਿਲ ਕਰਦੇ ਕਿ
ਮੈਂ ਵੀ ਉਸ ਭੱਠੀ ਵਾਲੀ ਤੋਂ
ਆਪਣੇ ਪੀੜਾਂ ਦਾ ਪਰਾਗਾ ਭੁਨਾ ਲਾਂ
ਤੂੰ ਮੈਨੂੰ ਉਸਦਾ ਸਿਰਨਾਵਾਂ ਤੇ ਦਿੰਦਾ ਜਾਈਂ ।
( ਰਮਿੰਦਰ ਰਮੀ )