Chandigarh : Punjab Congress Controversy started in Punjab
ਪੰਜਾਬ ਦੀ ਕਾਂਗਰਸ ਪਾਰਟੀ ਵਿਚ ਹਮੇਸ਼ਾਂ ਲੀਡਰਾਂ ਦੀ ਆਪਸੀ ਖਿੱਚੋਤਾਣ ਜਾਰੀ ਰਹੀ ਹੈ। ਇਸ ਲਈ ਹੁਣ ਫੇਰ ਕੱਲ੍ਹ ਤੋਂ ਪੰਜਾਬ ਕਾਂਗਰਸ ਵਿਚ ਆਪਸੀ ਬਿਆਨਬਾਜੀ ਅਤੇ ਰਾਜਸੀ ਉਥਲ ਪੁਥਲ ਸ਼ਰੂ ਹੋਣ ਜਾ ਰਹੀ ਹੈ। ਹਮੇਸ਼ਾਂ ਕਾਂਗਰਸ ਪਾਰਟੀ ਵਿਚ ਵਿਵਾਦਾਾਂ ਵਿਚ ਘਿਰੇ ਰਹਿਣ ਵਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇੰਨੀਂ ਦਿਨੀਂ ਪਟਿਆਲਾ ਜੇਲ ਵਿਚ ਬੰਦ ਨੇ। ਕੱਲ੍ਹ ਗਣਤੰਤਰ ਦਿਵਸ ਮੌਕੇ ਨਵਜੋਤ ਸਿੱਧੂ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾ ਰਿਹਾ ਹੈ। ਇਸ ਲਈ ਜੇਲ੍ਹ ਤੋਂ ਰਿਹਾਅ ਹੋਣ ਤੋਂ ਪਹਿਲਾਂ ਹੀ ਕਾਂਗਰਸੀ ਆਗੂਆਂ ਵਿਚ ਅੰਦਰਖਾਤੇ ਉਥਲ ਪੁਥਲ ਸ਼ੁਰੂ ਹੋ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਗਣਤੰਤਰ ਦਿਵਸ ਮੌਕੇ ਚੰਗੇ ਆਚਰਣ ਵਾਲੇ ਕਈ ਕੈਦੀਆਂ ਦੀ ਰਿਹਾਈ ਦਾ ਐਲਾਨ ਕੀਤਾ ਜਾਂਦਾ ਹੈ। ਇਸ ਸਾਲ ਗਣਤੰਤਰ ਦਿਵਸ ਮੌਕੇ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਵਿਚ ਨਵਜੋਤ ਸਿੱਧੂ ਦਾ ਨਾਮ ਵੀ ਸ਼ਾਮਲ ਹੈ। ਇਸ ਲਈ ਕੱਲ੍ਹ ਸ਼ਾਮ ਨੂੰ ਨਵਜੋਤ ਸਿੱਧੂ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਕੁੱਝ ਸਮਾਂ ਪਹਿਲਾਂ ਨਵਜੋਤ ਸਿੱਧੂ ਨੂੰ ਪ੍ਰਿਅੰਕਾ ਗਾਂਧੀ ਵਲੋਂ ਲਿਖੀ ਗਈ ਚਿੱਠੀ ਦੀ ਵੀ ਕਾਫੀ ਚਰਚਾ ਰਹੀ ਹੈ। ਇਸ ਵੇਲੇ ਨਾ ਤਾਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ ਅਤੇ ਨਾ ਹੀ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਹੈ। ਫੇਰ ਵੀ ਨਵਜੋਤ ਸਿੱਧੂ ਉੱਪਰ ਚੰਗੇ ਆਚਰਨ ਦਾ ਠੱਪਾ ਲਾ ਕੇ ਉਸ ਨੂੰ ਰਿਹਾਅ ਕਰ ਦਿੱਤਾ ਜਾਵੇਗਾ। ਇਹ ਇਕ ਵੱਖਰਾ ਸਵਾਲ ਹੈ, ਪਰ ਹੁਣ ਚਰਚਾ ਸ਼ੁਰੂ ਹੋ ਗਈ ਹੈ ਕਿ ਰਿਹਾਈ ਤੋਂ ਬਾਅਦ ਨਵਜੋਤ ਸਿੱਧੂ ਨੂੰ ਪਾਰਟੀ ਵਿਚ ਕੋਈ ਵੱਡਾ ਆਹੁਦਾ ਦਿੱਤਾ ਜਾਵੇਗਾ।
ਇਹ ਵੀ ਚਰਚਾ ਹੈ ਕਿ ਰਾਹੁਲ ਗਾਂਧੀ ਵਲੋਂ ਕੀਤੀ ਜਾ ਰਹੀ ਭਾਰਤ ਜੋੜੋ ਯਾਤਰਾ ਦੇ ਪੰਜਾਬ ਵਿਚ ਆਉਣ ‘ਤੇ ਭਰਵਾਂ ਸਵਾਗਤ ਕੀਤੇ ਜਾਣ ਦੀ ਯੋਜਨਾ ਹੈ। ਭਾਰਤ ਜੋੜੋ ਯਾਤਰਾ ਦੇ ਸਵਾਗਤ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ। ਹੁਣ ਚਰਚਾ ਇਹ ਹੋ ਰਹੀ ਹੈ ਕਿ ਭਾਰਤ ਜੋੜੋ ਯਾਤਰਾ ਦੇ ਸਵਾਗਤ ਲਈ ਨਵਜੋਤ ਸਿੱਧੂ ਹੀ ਸਭ ਤੋਂ ਮੋਹਰੀ ਭੂਮਿਕਾ ਨਿਭਾਉਣਗੇ।
ਪਿਛਲੀਆਂ ਵਿਧਾਨ ਸਭਾ ਚੋਣਾ ਵਿਚ ਵੀ ਨਵਜੋਤ ਸਿੱਧੂ ਹਮੇਸ਼ਾਂ ਵਿਵਾਦਾਂ ਵਿਚ ਘਿਰੇ ਰਹੇ ਹਨ। ਪੂਰੇ ਚੋਣ ਦੰਗਲ ਦੌਰਾਨ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਦਾ ਵਿਵਾਦ ਪੂਰਾ ਭਖਿਆ ਰਿਹਾ। ਹੁਣ ਫੇਰ ਅਜੇ ਕੁੱਝ ਦਿਨ ਪਹਿਲਾਂ ਹੀ ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਵਾਪਸ ਆਏ ਨੇ ਅਤੇ ਹੁਣ ਨਵਜੋਤ ਸਿੱਧੂ ਵੀ ਜੇਲ ਵਿਚੋਂ ਬਾਹਰ ਆ ਜਾਣਗੇ।
ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਠੰਡ ਦੇ ਦਿਨਾਂ ਵਿਚ ਪੰਜਾਬ ਕਾਂਗਰਸ ਵਿਚ ਫੇਰ ਗਰਮੀ ਸ਼ੁਰੂ ਹੋਣ ਵਾਲੀ ਐ। ਅਗਲੇ ਦਿਨਾਂ ਵਿਚ ਫੇਰ ਕਾਂਗਰਸੀ ਆਗੂਆਂ ਦੇ ਵਿਵਾਦਿਤ ਬਿਆਨਾਂ ਦਾ ਸਿਲਸਲਾ ਮੁੜ ਸੁ਼ਰੂ ਹੋਣ ਹੀ ਵਾਲਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ