ਕੋਟਕਪੂਰਾ : ਅੱਜਕੱਲ੍ਹ ਜਦੋਂ ਕੋਰੋਨਾ ਮਹਾਂਮਾਰੀ ਦੌਰਾਨ ਆਮ ਲੋਕ ਦਾ ਜੀਣਾ ਦੁੱਭਰ ਹੋਇਆ ਪਿਆ ਹੈ ਤਾਂ ਕੁੱਝ ਡਾਕਟਰਾਂ ਤੇ ਪ੍ਰਾਈਵੇਟ ਹਸਪਤਾਲਾਂ ਵਲੋਂ ਵੀ ਇਸ ਮਾੜੇ ਸਮੇਂ ਦਾ ਲਾਹਾ ਲੈਂਦਿਆਂ ਮਰੀਜਾਂ ਦੀ ਸ਼ਰੇਆਮ ਲੁੱਟ ਅਤੇ ਮਰੀਜਾਂ ਦੇ ਗਲਤ ਇਲਾਜ਼ ਦੇ ਮਾਮਲੇ ਸਾਹਮਣੇ ਆ ਰਹੇ ਨੇ। ਇਸੇ ਤਰਾਂ ਦੀ ਹੀ ਮਾਮਲਾ ਹੈ ਕੋਟਕਪਰਾ ਦੇ ਡਾ. ਵਿਕਰਮ ਹਸਪਤਾਲ ਦਾ, ਜਿਸ ‘ਦੇ ਦੋਸ਼ ਲੱਗੇ ਹਨ ਕਿ ਇਸ ਡਾਕਟਰ ਨੇ ਇਕ ਨਵਜੰਮੇ ਬੱਚੇ ਦੀ ਜਾਨ ਲੈਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ, ਪਰ ਮਾਪਿਆਂ ਵਲੋਂ ਲੁਧਿਆਣਾ ਦੇ ਹਸਪਤਾਲ ਵਿਚੋਂ ਵੱਡਾ ਅਪ੍ਰੇਸ਼ਨ ਕਰਵਾ ਕੇ ਬੱਚੇ ਦੀ ਜਾਨ ਬਚਾਈ ਗਈ। ਉਲਟਾ ਡਾਕਟਰ ਵਲੋਂ ਮਾਪਿਆਂ ਨਾਲ ਦੁਰਵਿਵਹਾਰ ਦੇ ਵੀ ਦੋਸ਼ ਹਨ।
ਮਾਮਲਾ ਇਹ ਹੈ ਕਿ ਜਿਲਾ ਫਰੀਦਕੋਟ ਦੀ ਤਹਿਸੀਲ ਜੈਤੋ ਦੇ ਵਾਸੀ ਅੰਮ੍ਰਿਤ ਸ਼ਰਮਾਂ ਨੇ ਸਿਹਤ ਮੰਤਰੀ, ਮੁੱਖ ਮੰਤਰੀ, ਡਿਪਟੀ ਕਮਿਸ਼ਨਰ, ਐਸ.ਐਸ.ਪੀ., ਬਾਲ ਵਿਕਾਸ ਵਿਭਾਗ ਅਤੇ ਹੋਰ ਵੱਖ ਵੱਖ ਅਧਿਕਾਰੀਆਂ ਨੂੰ ਭੇਜੀ ਗਈ ਇਕ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਕੋਰੋਨਾ ਦੌਰਾਨ ਲਾਕਡਾਊਨ ਦੇ ਚੱਲਦਿਆਂ ਉਸਨੇ ਆਪਣੀ ਗਰਭਵਤੀ ਪਤਨੀ ਨੂੰ ਕੋਟਕਪੂਰਾ ਦੇ ਨਿਊ ਬੋਰਨ ਐਂਡ ਚਿਲਡਰਨ ਹਸਪਤਾਲ ਗਗਨ ਮੈਟਰਨਿਟੀ ਹੋਮ ਵਿਖੇ ਦਾਖਲ ਕਰਾਇਆ ਤਾਂ ਜੋ ਉਸਦਾ ਅਤੇ ਹੋਣ ਵਾਲੇ ਬੱਚੇ ਦਾ ਵਧੀਆ ਇਲਾਜ ਹੋ ਸਕੇ। ਉਸਨੇ ਸ਼ਿਕਾਇਤ ਵਿਚ ਦੱਸਿਆ ਕਿ ਹਸਪਤਾਲ ਦੇ ਮਾਲਕ ਡਾਕਟਰ ਵਿਕਰਮ ਸਿੰਘ ਅਤੇ ਉਸਦੀ ਪਤਨੀ ਡਾਕਟਰ ਗਗਨਦੀਪ ਦੀਆਂ ਹਦਾਇਤਾਂ ਮੁਤਾਬਿਕ ਉਸਦੀ ਪਤਨੀ ਨੇ ਹਰ ਤਰਾਂ ਦਾ ਪ੍ਰਹੇਜ ਕੀਤਾ ਅਤੇ ਉਸਦੇ ਬਿੱਲਕੁੱਲ ਤੰਦਰੁਸਤ ਬੇਟੀ ਨੇ ਜਨਮ ਲਿਆ। ਜਨਮ ਤੋਂ ਬਾਅਦ ਬੱਚੇ ਦੇ ਲੱਗਣ ਵਾਲੇ ਟੀਕੇ ਕਿਸੇ ਮਾਹਿਰ ਸਿਹਤ ਕਰਮੀ ਤੋਂ ਲਵਾਉਣ ਦੀ ਥਾਂ ਹਸਪਤਾਲ ਵਿਚ ਰੱਖੇ ਅਣਸਿੱਖਿਅਤ ਸਟਾਫ ਵਲੋਂ ਗਲਤ ਸਰਿੰਜ ਵਰਤ ਕੇ ਟੀਕੇ ਲਗਾਏ ਗਏ, ਜਿਸ ਨਾਲ ਨਵਜਨਮੇ ਬੱਚੇ ਦੀ ਲੱਤ ਵਿਚ ਰੇਸ਼ਾ ਪੈ ਗਿਆ। ਜਦੋਂ ਉਹ ਛੁੱਟੀ ਲੈ ਕੇ ਘਰ ਗਏ ਤਾਂ ਬੱਚਾ ਬੇਹੱਦ ਰੋ ਰਿਹਾ ਸੀ। ਉਹ ਵਾਪਸ ਡਾਕਟਰ ਕੋਲ ਲੈ ਕੇ ਆਏ ਤੇ ਦੱਸਿਆ ਕਿ ਬੱਚਾ ਬਹੁਤ ਜਿਆਦਾ ਰੋ ਰਿਹਾ ਹੈ ਤਾਂ ਡਾਕਟਰ ਬੱਚੇ ਨੂੰ ਦੇਖਿਆ ਅਤੇ ਅਣਗਹਿਲੀ ਵਰਤਦਿਆਂ ਦਰਦ ਨਿਵਾਰਕ ਦਵਾਈ ਦੇ ਕੇ ਮੋੜ ਦਿੱਤਾ। ਘਰ ਜਾ ਕੇ ਫੇਰ ਵੀ ਬੱਚਾ ਰੋਂਦਾ ਰਿਹਾ ਅਤੇ ਉਹ ਡਾਕਟਰ ਵਲੋਂ ਦਿੱਤੀ ਗਈ ਦਵਾਈ ਦਿੰਦੇ ਰਹੇ। ਬੱਚਾ ਨਾ ਰੋਣੋ ਹਟਿਆ ਤਾਂ ਉਹ ਫਿਰ ਡਾਕਟਰ ਕੋਲ ਲੈ ਕੇ ਗਏ, ਪਰ ਫਿਰ ਡਾਕਟਰ ਨੇ ਉਹੀ ਦਵਾਈ ਦੇ ਕੇ ਮੋੜ ਦਿੱਤਾ ਅਤੇ ਅਣਗਹਿਲੀ ਵਰਤਦਿਆਂ ਬੱਚੇ ਦੀ ਪੂਰੀ ਜਾਂਚ ਨਹੀਂ ਕੀਤੀ। ਇਸ ਤਰਾਂ ਕਰਦਿਆਂ ਕਾਫੀ ਦਿਨ ਬੀਤ ਗਏ, ਪਰ ਉਹ ਇਸੇ ਡਾਕਟਰ ਦੀ ਦਵਾਈ ਹੀ ਦਿੰਦੇ ਰਹੇ। ਜਦੋਂ ਬੱਚੇ ਦੀ ਹਾਲਤ ਜ਼ਿਆਦਾ ਵਿਗੜਦੀ ਦਿਸੀ ਤਾਂ ਉਹ ਬੱਚੇ ਨੂੰ ਸਿਵਲ ਹਸਪਤਾਲ ਮੋਗਾ ਲੈ ਗਏ, ਜਿਥੇ ਡਾਕਟਰਾਂ ਨੇ ਬੱਚੇ ਨੂੰ ਦੇਖਦਿਆਂ ਹੀ ਕਿਹਾ ਕਿ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ, ਇਸ ਨੂੰ ਤੁਰੰਤ ਕਿਸੇ ਵੱਡੇ ਹਸਪਤਾਲ ਲੈ ਜਾਓ। ਇਸ ਪਿਛੋਂ ਜਦੋਂ ਉਨ੍ਹਾਂ ਨੇ ਦੁਬਾਰਾ ਡਾ. ਵਿਕਰਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਉਲਟਾ ਉਸ ਨਾਲ ਦੁਰ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਤੁਸੀਂ ਕਿਸੇ ਹੋਰ ਹਸਪਤਾਲ ਬੱਚੇ ਨੂੰ ਕਿਉਂ ਲੈ ਕੇ ਗਏ ਹੋ। ਜਦੋਂ ਉਨ੍ਹਾਂ ਨੇ ਕਿਹਾ ਕਿ ਬੱਚੇ ਦੀ ਹਾਲਤ ਬਹੁਤ ਜਿਆਦਾ ਵਿਗੜ ਚੁੱਕੀ ਹੈ ਤਾਂ ਡਾਕਟਰ ਨੇ ਫਿਰ ਦੁਰਵਿਵਹਾਰ ਕਰਦਿਆਂ ਕਿਹਾ ਮੈਂ ਕੁੱਝ ਨਹੀਂ ਕਰ ਸਕਦਾ, ਜੋ ਤੁਹਾਡੇ ਤੋਂ ਹੁੰਦਾ ਕਰ ਲਓ। ਇਸ ਪਿਛੋਂ ਉਹ ਬੱਚੇ ਨੂੰ ਤੁਰੰਤ ਲੁਧਿਆਣਾ ਦੇ ਇਕ ਵੱਡੇ ਹਸਪਤਾਲ ਲੈ ਗਏ ਅਤੇ ਉਥੇ ਤੁਰੰਤ ਬੱਚੇ ਦਾ ਵੱਡਾ ਅਪ੍ਰੇਸ਼ਨ ਕੀਤਾ ਗਿਆ। ਕਈ ਦਿਨ ਹਸਪਤਾਲ ਰਹਿਣ ਪਿਛੋਂ ਬੱਚੀ ਦੀ ਜਾਨ ਬਚਾਈ ਜਾ ਸਕੀ।
ਅੰਮ੍ਰਿਤ ਸ਼ਰਮਾਂ ਨੇ ਦੋਸ਼ ਲਾਇਆ ਕਿ ਡਾ. ਵਿਕਰਮ ਦੀ ਅਣਗਹਿਲੀ ਅਤੇ ਦੁਰਵਿਵਹਾਰ ਕਾਰਨ ਉਸਦੀ ਬੱਚੀ ਦੀ ਜਾਨ ਜਾ ਸਕਦੀ ਸੀ ਅਤੇ ਇਸ ਡਾਕਟਰ ਨੂੰ ਉਸਦੀ ਬੱਚੀ ਦੀ ਜਾਨ ਦੀ ਕੋਈ ਪ੍ਰਵਾਹ ਨਹੀਂ ਸੀ। ਜੇਕਰ ਉਹ ਬੱਚੀ ਨੂੰ ਹੋਰ ਹਸਤਾਲ ਨਾ ਲੈ ਕੇ ਜਾਂਦੇ ਤਾਂ ਇਸ ਡਾਕਟਰ ਨੇ ਉਸਦੀ ਬੱਚੀ ਦੀ ਜਾਨ ਲੈ ਲੈਣੀ ਸੀ। ਉਸਨੇ ਦੱਸਿਆ ਕਿ ਜੇਕਰ ਡਾਕਟਰ ਵਲੋਂ ਹਸਪਤਾਲ ਵਿਚ ਟੀਕੇ ਲਾਉਣ ਲਈ ਸਿੱਖਿਆ ਹੋਇਆ ਸਟਾਫ ਰੱਖਿਆ ਹੋਵੇ ਤਾਂ ਬੱਚਿਆਂ ਦੀ ਇਹ ਹਾਲਤ ਨਾ ਹੋਵੇ। ਇਸ ਤੋਂ ਬਾਅਦ ਵੀ ਜੇਕਰ ਡਾਕਟਰ ਵਲੋਂ ਬੱਚੀ ਦੀ ਸਹੀ ਤਰਾਂ ਜਾਂਚ ਕੀਤੀ ਜਾਂਦੀ ਅਤੇ ਸਹੀ ਤਰਾਂ ਇਲਾਜ ਕੀਤਾ ਜਾਂਦਾ ਤਾਂ ਉਸਦੀ ਇਹ ਹਾਲਤ ਨਾ ਹੁੰਦੀ। ਇਸ ਲਈ ਇਸ ਹਸਪਤਾਲ ਅਤੇ ਡਾਕਟਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸਦੀ ਨਵਜੰਮੀ ਬੱਚੀ ਨੂੰ ਇਨਸਾਫ ਦਿਵਾਇਆ ਜਾਵੇ। ਜਦੋਂ ਇਸ ਸਬੰਧੀ ਡਾ. ਵਿਕਰਮ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਨ੍ਹਾਂ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਸਾਰੇ ਦੋਸ਼ ਝੂਠੇ ਹਨ, ਉਸਦਾ ਕੋਈ ਕਸੂਰ ਨਹੀਂ ਹੈ।