ਸ਼ਾਹਕੋਟ (ਮਾਲਵਾ ਬਿਊਰੋ) ਇਥੋਂ ਨੇੜੇ ਦੇ ਪਿੰਡ ਬਾਲੋਕੀ ਦੇ ਐਨ ਆਰ ਆਈ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਜਗ੍ਹਾ ‘ਤੇ ਪੁਲੀਸ ਦੀ ਮੱਦਦ ਨਾਲ ਕਬਜਾ ਕਰ ਲਿਆ ਗਿਆ ਹੈ ਅਤੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਪਿੰਡ ਬਾਲੋਕੀ ਦੇ ਐਨ ਆਰ ਆਈ ਅਜੀਤ ਸਿੰਘ ਪੁੱਤਰ ਲਾਭ ਸਿੰਘ ਨੇ ਜਲੰਧਰ ਦੇ ਐਸ ਐਸ ਪੀ, ਸ਼ਾਹਕੋਟ ਦੇ ਡੀ. ਐਸ.ਪੀ., ਐਨ ਆਰ ਆਈ ਸੈੱਲ ਚੰਡੀਗੜ੍ਹ, ਡੀ.ਜੀ.ਪੀ. ਪੰਜਾਬ ਅਤੇ ਐਨ ਆਰ ਆਈ ਥਾਣਾ ਜਲੰਧਰ ਨੂੰ ਸ਼ਿਕਾਇਤਾਂ ਭੇਜ ਦੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਬਾਲੋਕੀ ਦੇ ਹੀ ਇਕ ਵਿਅਕਤੀ ਜਗਮਿੱਤਰ ਸਿੰਘ ਪੁੱਤਰ ਮਨਜੀਤ ਸਿੰਘ ਨੇ ਹਥਿਆਰਾਂ ਨਾਲ ਲੈੱਸ 20 ਤੋਂ ਵੱਧ ਵਿਅਕਤੀਆਂ ਸਮੇਤ ਆ ਕੇ ਉਨ੍ਹਾਂ ਦੀ ਪਿੰਡ ਬਾਲੋਕੀ ਵਿਚ ਜਗ੍ਹਾ ‘ਤੇ ਕਬਜਾ ਕਰ ਲਿਆ। ਅਜੀਤ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਹੈ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲੀਸ ਥਾਣਾ ਮਹਿਤਪੁਰ ਦੇ ਐਸ.ਐਚ.ਓ. ਸਾਹਿਲ ਚੌਧਰੀ ਅਤੇ ਏ ਐਸ ਆਈ ਵਿਜੇ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਅਜੀਤ ਸਿੰਘ ਨੇ ਦੋਸ਼ ਲਾਇਆ ਕਿ ਐਸ ਐਚ ਸਾਹਿਲ ਚੌਧਰੀ ਅਤੇ ਏ ਐਸ ਆਈ ਵਿਜੇ ਕੁਮਾਰ ਦੀ ਸ਼ਹਿ ‘ਤੇ ਹੀ ਕਬਜਾ ਕੀਤਾ ਗਿਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ਜਗ੍ਹਾ ਬਾਰੇ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ ਅਤੇ ਉਨ੍ਹਾਂ ਨੇ ਜਗ੍ਹਾ ਦਾ ਸਟੇਅ ਲਿਆ ਹੋਇਆ ਹੈ। ਇਸ ਲਈ ਜਗ੍ਹਾ ‘ਤੇ ਕਬਜਾ ਕਰਕੇ ਅਦਾਲਤ ਦੇ ਹੁਕਮਾਂ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਹਨ। ਅਜੀਤ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਜਗ੍ਹਾ ਪਹਿਲਾਂ ਹਰਪਾਲ ਸਿੰਘ ਨੇ ਜਗਤਾਰ ਸਿੰਘ ਪੁੱਤਰ ਭਜਨ ਸਿੰਘ ਨੂੰ ਵੇਚ ਦਿੱਤੀ ਅਤੇ ਭਜਨ ਸਿੰਘ ਨੇ ਜਗਮਿੱਤਰ ਸਿੰਘ ਦੇ ਨਾਮ ਤਬਦੀਲ ਕਰ ਦਿੱਤੀ। ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗੈਰਹਾਜਰੀ ਵਿਚ ਉਨ੍ਹਾਂ ਦੀ ਜਗ੍ਹਾ ‘ਤੇ ਕਬਜਾ ਕੀਤਾ ਗਿਆ ਹੈ ਅਤੇ ਥਾਣੇ ਦੀ ਪੁਲੀਸ ਵਲੋਂ ਕਬਜਾ ਕਰਨ ਵਾਲਿਆਂ ਦੀ ਸ਼ਰੇਆਮ ਮੱਦਦ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਹੁਣ ਜਗਮਿੱਤਰ ਸਿੰਘ ਵਲੋਂ ਉਸ ਨੂੰ (ਅਜੀਤ ਸਿੰਘ ਨੂੰ) ਅਤੇ ਉਸਦੇ ਪੁੱਤਰ ਨਛੱਤਰ ਸਿੰਘ ਮਾਨ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਗਮਿੱਤਰ ਸਿੰਘ ਨੇ ਧਮਕੀ ਦਿੱਤੀ ਹੈ ਕਿ ਭਾਰਤ ਵਿਚ ਆਉਂਦਿਆਂ ਹੀ ਉਨ੍ਹਾਂ ਨੂੰ ਜਾਨੋ ਮਾਰ ਦਿੱਤਾ ਜਾਵੇਗਾ। ਅਜੀਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਐਸ ਐਸ ਪੀ ਜਲੰਧਰ, ਡੀ.ਜੀ.ਪੀ. ਪੰਜਾਬ, ਐਨ ਆਰ ਆਈ ਥਾਣਾ ਜਲੰਧਰ ਅਤੇ ਐਨ ਆਰ ਆਈ ਸੈੱਲ ਚੰਡੀਗੜ੍ਹ ਨੂੰ ਵੀ ਅਰਜੀਆਂ ਭੇਜ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਕਬਜਾ ਕਰਨ ਵਾਲਿਆਂ ਅਤੇ ਉਨ੍ਹਾਂ ਦੀ ਮੱਦਦ ਕਰਨ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।