ਚੰਡੀਗੜ੍ਹ : ਆਮ ਤੌਰ ‘ਤੇ ਪ੍ਰਵਾਸੀ ਭਾਰਤੀਆਂ ਵਲੋਂ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਲਈ ਯਤਨ ਕੀਤੇ ਜਾਂਦੇ ਹਨ ਅਤੇ ਪੈਸਾ ਖਰਚ ਕੀਤਾ ਜਾਂਦਾ ਹੈ। ਪਰ ਇਕ ਪ੍ਰਵਾਸੀ ਭਾਰਤੀ ਨੂੰ ਆਪਣੇ ਪਿੰਡ ਦੇ ਸੁਧਾਰ ਲਈ ਦਫਤਰਾਂ ਵਿਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ, ਫਿਰ ਵੀ ਪਿੰਡ ਦੀ ਪੰਚਾਇਤ ਉਸ ਦੀ ਕੋਈ ਸੁਣਵਾਈ ਨਹੀਂ ਕਰ ਰਹੀ। ਹੁਣ ਇਸ ਪ੍ਰਵਾਸੀ ਭਾਰਤੀ ਨੇ ਬੀ ਡੀ ਪੀ ਓ ਨੂੰ ਵੀ ਇਕ ਅਰਜੀ ਦੇ ਕੇ ਨਾਜਾਇਜ ਕਬਜੇ ਛੁਡਾਉਣ ਦੀ ਮੰਗ ਕੀਤੀ ਹੈ।
ਜਿਲਾ ਜਲੰਧਰ ਦੇ ਪਿੰਡ ਬਾਲੋਕੀ ਦੇ ਪ੍ਰਵਾਸੀ ਭਾਰਤੀ ਨਛੱਤਰ ਸਿੰਘ ਮਾਨ ਨੇ ਬਲਾਕ ਵਿਕਾਸ ਪੰਚਾਇਤ ਅਫਸਰ ਨੂੰ ਦਿੱਤੀ ਅਰਜੀ ਵਿਚ ਦੱਸਿਆ ਕਿ ਉਹ ਕੈਨੇਡਾ ਵਿਚ ਰਹਿੰਦਾ ਹੈ ਅਤੇ ਹੁਣ ਪਿੰਡ ਬਾਲੋਕੀ ਆਇਆ ਹੋਇਆ ਹੈ। ਉਸ ਨੇ ਦੱਸਿਆ ਕਿ ਮੇਰੇ ਘਰ ਨੂੰ ਜਾਂਦੇ ਰਾਸਤੇ ਨੂੰ ਹਰਪਾਲ ਸਿੰਘ ਪੁੱਤਰ ਲਾਭ ਸਿੰਘ, ਜਗਮਿੱਤਰ ਸਿੰਘ ਪੁੱਤਰ ਮਨਜੀਤ ਸਿੰਘ ਅਤੇ ਹੋਰਨਾਂ ਨੇ ਮੇਰੇ ਘਰ ਨੂੰ ਜਾਦਿਆ ਰਾਸਤੇ ਵਿੱਚ ਵੱਡੇ ਵੱਡੇ ਰੈਂਪ ਬਣਾਏ ਹਨ ਜਿਸ ਕਾਰਨ ਸਾਡੇ ਘਰ ਨੂੰ ਜਾਣ ਵਾਲੇ ਵਾਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਵਾਹਣਾ ਨੂੰ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ । ਇਥੋਂ ਤੱਕ ਕਿ ਜਗਮਿੱਤਰ ਸਿੰਘ ਨੇ ਰਾਸਤੇ ਦੀ ਜਗ੍ਹਾ ਤੇ ਕਬਜਾ ਕਰਕੇ ਦੁਕਾਨ ਦੀ ਉਸਾਰੀ ਕੀਤੀ ਹੈ । ਪਿੰਡ ਦੇ ਹੋਰ ਲੋਕਾ ਨੇ ਵੀ ਆਪਣੇ ਘਰਾਂ ਦੇ ਬਾਹਰ ਵੱਡੇ ਵੱਡੇ ਰੈਪ ਬਣਾਏ ਹਨ ਜਿਸ ਕਰਕੇ ਹੋਰ ਵਾਹਣਾ ਲੰਘਣ ਵਿੱਚ ਮੁਸ਼ਕਲ ਆਉਦੀ ਹੈ । ਮੈਂ ਇਸ ਸਬੰਧੀ ਪਿਛਲੇ ਤਿੰਨ ਸਾਲ ਤੋ ਪਿੰਡ ਦੇ ਸਰਪੰਚ ਨੂੰ ਬੇਨਤੀ ਕਰਦਾ ਆ ਰਿਹਾ, ਪਰ ਹਾਲੇ ਤੱਕ ਕੋਈ ਸੁਣਵਾਈ ਨਹੀ ਹੋਈ ਅਤੇ ਨਾਂ ਹੀ ਕੋਈ ਹੱਲ ਨਿਕਲਿਆ ਹੈ। ਉਲਟਾ ਉਹਨਾਂ ਵੱਲ ਦੇਖ ਕੇ ਹੋਰ ਲੋਕ ਵੀ ਰਾਸਤਿਆ ਉਪਰ ਕਬਜਾ ਕਰ ਰਹੇ ਹਨ । ਨਛੱਤਰ ਸਿੰਘ ਮਾਨ ਨੇ ਅਪੀਲ ਕੀਤੀ ਕਿ ਇਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਦਾ ਸੁਧਾਰ ਕੀਤਾ ਜਾਵੇ।