ਨਕੋਦਰ : ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ, ਨਕੋਦਰ ਵੱਲੋਂ ਆਨ ਲਾਈਨ ਪ੍ਰੋਗਰਾਮਾਂ ਦੀ ਲੜੀ ਵਿੱਚ ਨਵੀਂ ਕੜੀ ਜੋੜਦਿਆਂ ‘ਇਤਿਹਾਸਕ ਪੈੜਾਂ : ਪੰਜਾਬੀ ਵਿਭਾਗ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ’ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਵੱਲੋਂ ਪ੍ਰਧਾਨਗੀ ਕੀਤੀ ਗਈ। ਉਨ੍ਹਾਂ ਨੇ ਕਾਲਜ ਦੇ ਪਿਛੋਕੜ ਬਾਰੇ ਅਤੇ ਵਰਤਮਾਨ ਵਿੱਚ ਵਿਦਿਅਕ ਅਤੇ ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਸਿਖਰਾਂ ਛੂਹ ਰਹੀ ਸੰਸਥਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ 1908 ਵਿੱਚ ਜ਼ਿਲ੍ਹਾ ਲਾਇਲਪੁਰ (ਇਸ ਵੇਲੇ ਫੈਸਲਾਬਾਦ, ਮਾਨਚੈਸਟਰ ਆਫ਼ ਪਾਕਿਸਤਾਨ) ਵਿੱਚ ਇਕ ਸਕੂਲ ਤੋਂ ਸ਼ੁਰੂਆਤ ਹੋਈ ਸੀ। ਜਿਸ ਦਾ ਨੀਂਹ ਪੱਥਰ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਹੁਰਾਂ ਰੱਖਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਪੰਥ ਰਤਨ ਮਾਸਟਰ ਤਾਰਾ ਸਿੰਘ ਹੁਰਾਂ ਬਿਨਾਂ ਤਨਖ਼ਾਹ ਲਿਆਂ ਇਸ ਸੰਸਥਾ ਆਪਣੀਆਂ ਸੇਵਾਵਾਂ ਦਿੱਤੀਆਂ। 1947 ਦੇ ਲਕੀਰ ਦੇ ਦੁਖਾਂਤ ਮਗਰੋਂ ਇਹ ਸੰਸਥਾ ਜਲੰਧਰ ਵਿੱਚ ਸਥਾਪਤ ਕੀਤੀ ਗਈ। ਇਸ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਦਾ ਹੀ ਲਾਇਲਪੁਰ ਦੀ ਦੁਨੀਆਂ ਵਿੱਚ ਵੱਖਰੀ ਛਾਪ ਛੱਡੀ ਹੈ।
ਲਫ਼ਜ਼ਾਂ ਦੀ ਦੁਨੀਆਂ-ਐੱਲ.ਡੀ.ਡੀ. ਟੀ.ਵੀ. ਦੇ ਫੇਸਬੁੱਕ ਪੇਜ ‘ਤੇ ਲਾਈਵ ਟੈਲੀਕਾਸਟ ਹੋ ਰਹੇ ਇਤਿਹਾਸਕ ਪੈੜਾਂ ਪ੍ਰੋਗਰਾਮ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਦੇ ਮੌਜੂਦਾ ਮੁਖੀ ਡਾ.ਗੋਪਾਲ ਸਿੰਘ ਬੁੱਟਰ ਹੁਰਾਂ ਵਿਭਾਗ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਜਿੱਥੇ ਉਨ੍ਹਾਂ ਇਤਿਹਾਸਕ ਪੈਂਡੇ ‘ਤੇ ਝਾਤ ਪੁਆਈ। ਉੱਥੇ ਪੰਜਾਬੀ ਵਿਭਾਗ ਦੀ ਰਹਿਤਲ ਵਿਚੋਂ ਉਪਜੇ ਸਾਂਝੀਵਾਲਤਾ ਦੇ ਭਾਵੁਕ ਅਹਿਸਾਸਾਂ ਨੂੰ ਵੀ ਸਾਂਝਿਆਂ ਕੀਤਾ। ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਡਾ. ਕਿਰਪਾਲ ਸਿੰਘ ਕਸੇਲ ਕਾਲਜ ਦੇ ਪੰਜਾਬੀ ਵਿਭਾਗ ਦੇ ਪਹਿਲੇ ਮੁਖੀ ਬਣੇ ਸਨ। ਜਦਕਿ ਪ੍ਰੋ. ਗੁਰਦੀਪ ਸਿੰਘ,ਪ੍ਰੋ.ਐੱਸ.ਐੱਸ. ਅਮੋਲ,ਪ੍ਰੋ.ਪਿਆਰਾ ਸਿੰਘ ਗਿੱਲ, ਡਾ.ਹਰਜਿੰਦਰ ਸਿੰਘ ਢਿੱਲੋਂ, ਪ੍ਰੋ. ਅਮਰੀਕ ਸਿੰਘ, ਪ੍ਰੋ.ਨਿਰੰਜਨ ਸਿੰਘ ਢੇਸੀ,ਪ੍ਰੋ. ਨਰਜੀਤ ਖੈਹਰਾ,ਡਾ. ਜਸਪਾਲ ਸਿੰਘ ਰੰਧਾਵਾ,ਮੈਡਮ ਇੰਦਰਜੀਤ ਕੌਰ ਬੇਦੀ,ਡਾ. ਕੁਲਵੰਤ ਸਿੰਘ ਸੰਧੂ, ਪ੍ਰੋ.ਮੋਹਨ ਸਿੰਘ, ਡਾ. ਹਰਚਰਨ ਸਿੰਘ, ਡਾ.ਵਰਿਆਮ ਸਿੰਘ ਸੰਧੂ, ਡਾ. ਜੋਗਿੰਦਰ ਸਿੰਘ ਪੁਆਰ, ਡਾ.ਐੱਸ.ਪੀ. ਸਿੰਘ, ਡਾ. ਬਰਜਿੰਦਰ ਸਿੰਘ ਹਮਦਰਦ, ਡਾ. ਹਰਜਿੰਦਰ ਸਿੰਘ ਚੰਦ,ਨਾਟਕਕਾਰ ਡਾ.ਆਤਮਜੀਤ ਆਦਿ ਅਨੇਕਾਂ ਸਖ਼ਸ਼ੀਅਤਾਂ ਨੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੰਜਾਬੀ ਵਿਭਾਗ ਨਾਲ ਅਧਿਆਪਕ ਤੇ ਵਿਦਿਆਰਥੀ ਹੋਣ ਪੱਖੋਂ ਸਾਂਝ ਰੱਖਦੇ ਹਨ।
ਇਸ ਲਾਈਵ ਪ੍ਰੋਗਰਾਮ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਦੀਆਂ ਇਤਿਹਾਸਕ ਤਸਵੀਰਾਂ ਦੀ ਸਕਰੀਨ ਸ਼ੇਅਰਿੰਗ ਡਾ. ਸੁਰਿੰਦਰਪਾਲ ਮੰਡ ਹੁਰਾਂ ਕੀਤੀ। ਜਦਕਿ ਸਾਰੇ ਪ੍ਰੋਗਰਾਮ ਦੌਰਾਨ ਡਾ. ਸੁਖਦੇਵ ਸਿੰਘ ਨਾਗਰਾ, ਡਾ. ਹਰਜਿੰਦਰ ਸਿੰਘ ਸੇਖੋਂ, ਪ੍ਰੋ. ਕੁਲਦੀਪ ਸੋਢੀ ਅਤੇ ਅਨੇਕਾਂ ਵਿਦਿਆਰਥੀਆਂ ਜੁੜੇ ਹੋਏ ਸਨ। ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ, ਨਕੋਦਰ ਦੇ ਪ੍ਰਧਾਨ ਪ੍ਰੋ. ਜਸਵੀਰ ਸਿੰਘ ਹੁਰਾਂ ਆਪਣੇ ਕਾਲਜ ਦੇ ਲਾਈਵ ਪ੍ਰੋਗਰਾਮ ਨੂੰ ਇਤਿਹਾਸਕ ਦਸਤਾਵੇਜ਼ ਦੱਸਦਿਆਂ, ਜਿੱਥੇ ਪ੍ਰਿੰਸੀਪਲ ਸਾਹਿਬ, ਪੰਜਾਬੀ ਵਿਭਾਗ ਦੇ ਮੁਖੀ, ਸ਼ਾਮਲ ਪ੍ਰੋਫ਼ੈਸਰ ਸਾਹਿਬਾਨਾ ਅਤੇ ਵਿਦਿਆਰਥੀਆਂ ਤੋਂ ਇਲਾਵਾ ਫੇਸਬੁੱਕ ਲਾਈਵ ਦੇਖ ਰਹੇ ਦਰਸ਼ਕਾਂ ਦਾ ਧੰਨਵਾਦ ਕੀਤਾ। ਉੱਥੇ ਉਨ੍ਹਾਂ ਦੂਆ ਕੀਤੀ ਕਿ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਤੇ ਕਾਲਜ ਦਾ ਪੰਜਾਬੀ ਵਿਭਾਗ ਨਿੱਤ ਦਿਨ ਨਵੀਆਂ ਪੁਲਾਂਘਾਂ ਪੁੱਟਦਾ ਰਹੇ। ਇਸ ਲਾਈਵ ਪ੍ਰੋਗਰਾਮ ਤੱਕ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੇ ਪਹੁੰਚ ਕੀਤੀ।