ਪੰਜਾਬ ਸਾਹਿਬ ਅਕਾਡਮੀ ਚੰਡੀਗੜ੍ਹ ਦੇ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ ਜੀ ਵੱਲੋਂ ਲਹਿੰਦੇ ਪੰਜਾਬ ਦੇ ਕਵੀਆਂ ਦਾ ਕਵੀ ਦਰਬਾਰ ਆਯੋਜਿਤ ਕੀਤਾ ਗਿਆ । ਡਾ : ਸਰਬਜੀਤ ਕੌਰ ਸੋਹਲ ਜੀ ਦਾ ਵਿਚਾਰ ਹੈ ਕਿ ਇਸ ਵੈਬੀਨਾਰ ਵਿੱਚ ਆਪਣਿਆਂ ਦੀ ਗੱਲ ਕਰੀਏ ਤੇ ਆਪਣਿਆਂ ਦੀ ਗੱਲ ਸੁਣੀਏ । ਇਕ ਦੂਸਰੇ ਨਾਲ ਮੁੱਹਬਤੀ ਸਾਂਝ ਪਾਈਏ । ਬਹੁਤ ਹੀ ਨਿਵੇਕਲਾ ਤੇ ਸ਼ਲਾਘਾਯੋਗ ਉਪਰਾਲਾ ਹੈ । 17 ਜੁਲਾਈ ਨੂੰ ਹੋਏ ਇਸ ਵੈਬੀਨਾਰ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਨਾਮਵਰ ਸ਼ਖ਼ਸੀਅਤਾਂ , ਸਾਹਿਤਕਾਰਾਂ ਤੇ ਬੁੱਧੀ-ਜੀਵੀਆਂ ਨੇ ਬਹੁ ਗਿਣਤੀ ਵਿੱਚ ਸ਼ਿਰਕਤ ਕੀਤੀ । ਅੱਜ ਦੇ ਇਸ ਵੈਬੀਨਾਰ ਦੇ ਕੋ – ਆਰਡੀਨੇਟਰ ਅਰਵਿੰਦਰ ਢਿੱਲੋਂ ਸੀ । ਇਹਨਾਂ ਦਾ ਬੋਲਣ ਦਾ ਅੰਦਾਜ਼ ਤੇ ਕੰਮ ਕਰਨ ਦਾ ਤਰੀਕਾ ਕਾਬਿਲੇ ਤਾਰੀਫ਼ ਹੈ । ਇਸ ਵੈਬੀਨਾਰ ਦੇ ਮੁੱਖ ਮਹਿਮਾਨ ਡਾ : ਸਲੀਮ ਮਜ਼ਹਰ ਪਰੋ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਲਾਹੌਰ ਸਨ । ਡਾ : ਇਕਬਾਲ ਸ਼ਾਹਿਦ ਡੀਨ ਪੰਜਾਬ ਯੂਨੀਵਰਸਿਟੀ ਲਾਹੌਰ ਤੇ ਸ : ਅਜੈਬ ਸਿੰਘ ਚੱਠਾ ਚੇਅਰਮੈਨ ਜਗਤ ਪੰਜਾਬੀ ਸਭਾ ਤੇ ਵਰਲਡ ਪੰਜਾਬੀ ਕਾਨਫ਼ਰੰਸ ਵਿਸ਼ੇਸ਼ ਮਹਿਮਾਨ ਸਨ । ਡਾ : ਸਤੀਸ਼ ਕੁਮਾਰ ਵਰਮਾ ਸਕੱਤਰ ਪੰਜਾਬ ਸਾਹਿਤ ਨੇ ਸਵਾਗਤ ਕਰਤਾ ਸੀ , ਉਹਨਾਂ ਨੇ ਵੈਬੀਨਾਰ ਵਿੱਚ ਹਾਜ਼ਰੀਨ ਮੈਂਬਰਜ਼ ਨੂੰ ਨਿੱਘਾ ਜੀ ਆਇਆ ਕਿਹਾ । ਲਹਿੰਦੇ ਪੰਜਾਬ ਦੇ ਹੋਰ ਕਵੀਆਂ ਵਿੱਚ ਡਾ : ਸਾਇਮਾ ਬੈਤੂਲ , ਅਲੀ ਅਹਿਮਦ ਗੁਜਰਾਤੀ , ਡਾ : ਅਨਵਰ ਅਹਿਮਦ ਇਜਾਜ , ਸਾਮੀਨਾ ਆਸਮਾ , ਡਾ : ਰਾਣਾ ਅਕਰਮ ਮੁਹੰਮਦ ਸ਼ਾਹਿਦ ਸਨ । ਵੈਬੀਨਾਰ ਦੀ ਪ੍ਰਧਾਨਗੀ ਡਾ : ਸਰਬਜੀਤ ਕੌਰ ਸੋਹਲ ਜੀ ਨੇ ਕੀਤੀ । ਡਾ : ਸਰਬਜੀਤ ਕੌਰ ਸੋਹਲ ਜੀ ਨੇ ਮੀਟਿੰਗ ਦੀ ਸ਼ੁਰੂਆਤ ਆਪਣੀ ਨਜ਼ਮ ( ਮਾਸੂਮ ਰਿਸ਼ਤਾ ) ਸੁਣਾ ਕੇ ਕੀਤੀ , ਜਿਸ ਵਿੱਚ ਉਹਨਾਂ ਬਹੁਤ ਡੂੰਘੇ ਅਹਿਸਾਸ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਲੈ ਕੇ ਪਰੋਏ ਹਨ । ਅਰਵਿੰਦਰ ਸਿੰਘ ਢਿੱਲੋਂ ਨੇ ਲਹਿੰਦੇ ਪੰਜਾਬ ਦੇ ਨਾਮਵਰ ਕਵੀਆਂ ਨੂੰ ਵਾਰੀ ਨਾਲ ਆਪਣੀ ਰਚਨਾ ਪੇਸ਼ ਕਰਨ ਲਈ ਕਿਹਾ । ਹੋਸਟ ਅਰਵਿੰਦਰ ਢਿੱਲੋਂ ਹਰ ਕਵੀ ਦੇ ਬਾਰੇ ਵਿੱਚ ਪਹਿਲਾਂ ਉਹਨਾਂ ਦੀ ਇੰਟਰੋਡਕਸ਼ਨ ਦਿੰਦੇ ਸਨ । ਸੱਭ ਤੋਂ ਪਹਿਲਾਂ ਉਹਨਾਂ ਨੇ ਡਾ : ਅਨਵਰ ਅਹਿਮਦ ਇਜਾਜ ਨੂੰ ਆਪਣੀ ਰਚਨਾ ਪੇਸ਼ ਕਰਨ ਲਈ ਕਿਹਾ । ਉਹਨਾਂ ਦਰਦਾਂ ਭਰੀ ਝਨਾਂਅ ਵਿੱਚੋਂ ਆਪਣੀ ਨਜ਼ਮ ਸੁਣਾਈ । ਡਾ : ਅਨਵਰ ਛੋਟੀ ਨਜ਼ਮ ਦੇ ਸ਼ਾਇਰ ਨੇ । ਉਹਨਾਂ ਮਿਰਜ਼ਾ ਸਾਹਿਬ ਤੇ ਆਪਣੀ ਰਚਨਾ ਸੁਣਾਈ ਜੋਕਿ ਬਾਕਮਾਲ ਸੀ । ਫਿਰ ਅਲੀ ਅਹਿਮਦ ਗੁਜਰਾਤੀ ਨੂੰ ਆਪਣੀ ਰਚਨਾ ਪੇਸ਼ ਕਰਨ ਲਈ ਕਿਹਾ ਜੋ ਕਿ ( ਦਿਲ ਦਰਿਆ ਸੰਸਥਾ ਨਾਲ ਜੁੜੇ ਹੋਏ ਹਨ ਤੇ ਬਹੁਤ ਕੰਮ ਕਰ ਰਹੇ ਹਨ ) ਇਹਨਾਂ ਨੇ ( ਤੱਕ ਮੇਰਾ ਪੰਜਾਬ ਨੀ ਅੜੀਏ ) ਸੁਣਾ ਕੇ ਸੱਭ ਨੂੰ ਮੰਤਰ ਮੁੱਗਧ ਕਰ ਦਿੱਤਾ । ਸਮੀਨਾ ਅਸਮਾ ਨੇ ( ਸ਼ਾਹ ਹੂਸੈਨ ਦੀ ਵੇਲ ) ਵਿੱਚੋਂ ਆਪਣੀ ਕਵਿਤਾ ( ਇਹ ਅਵਾਜ਼ਾਂ ਕਹੀਆਂ ਨੇ , ਬੰਦ ਦਰਵਾਜ਼ਾ ਖੁੱਲ ਨਹੀਂ ਹੁੰਦਾ ) ਬਹੁਤ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤੀ । ਡਾ : ਰਾਣਾ ਅਕਰਮ ਮੁਹੰਮਦ ਸ਼ਾਹਿਦ ਜੋ ਕਿ ( ਦਿਲ ਦਰਿਆ ) ਸੰਸਥਾ ਦੇ ਜਨਰਲ ਸਕੱਤਰ ਨੇ ਆਪਣੀ ਨਜ਼ਮ ਪੇਸ਼ ਕੀਤੀ । ਡਾ : ਸਾਇਮਾ ਬੈਤੂਲ ਜੀ ਨੇ ਬਹੁਤ ਹੀ ਭਾਵੁਕ ਕਵਿਤਾ ( ਰੱਬ ਦੀ ਮਿਹਰ ਬੜੀ ਨੀ ਮਾਏ , ਯਾਦ ਪਿਟਾਰੀ ਖੋਲਾਂ ਜੱਦ ਵੀ , ਹੰਝੂਆਂ ਦੀ ਵਗੇ ਨਹਿਰ ਨੀ ਮਾਏ ) ਪੇਸ਼ ਕੀਤੀ । ਡਾ : ਇਕਬਾਲ ਮੁਹੰਮਦ ਸ਼ਾਹਿਦ ਜੀ ਨਾਮਵਰ ਲੇਖਕ , ਚਿੰਤਕ ਤੇ ਸ਼ਾਇਰ ਹਨ , ਉਹਨਾਂ ( ਬੋਲ ਬੋਲ ਪੰਜਾਬੀ ਦਿਲ ਦਾ ਬੂਹਾ ਖੋਲ ਪੰਜਾਬੀ ) ਨਜ਼ਮ ਸੁਣਾਈ । ਅਰਵਿੰਦਰ ਢਿੱਲੋਂ ਨੇ ਡਾ : ਸਲੀਮ ਮਜ਼ਹਰ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕੀਤੀ । ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਨੇ ਡਾ : ਸਰਬਜੀਤ ਕੌਰ ਜੀ ਦੇ ਇਹਨਾਂ ਉਪਰਾਲਿਆਂ ਦੀ ਬਹੁਤ ਤਾਰੀਫ਼ ਕੀਤੀ । ਲਹਿੰਦੇ ਪੰਜਾਬ ਦੇ ਸੱਭ ਨਾਮਵਰ ਕਵੀਆਂ ਨੇ ਸ : ਅਜੈਬ ਸਿੰਘ ਚੱਠਾ ਜੀ ਦੇ ਕੰਮਾਂ ਦੀ ਬਹੁਤ ਸਰਾਹਣਾ ਕੀਤੀ ਤੇ ਕਿਹਾ ਕਿ ਸ : ਅਜੈਬ ਸਿੰਘ ਚੱਠਾ ਜੀ ਦੇਸ਼ਾਂ ਪ੍ਰਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ , ਪੰਜਾਬੀਅਤ , ਨੈਤਿਕਤਾ ਤੇ ਸਭਿਆਚਾਰ ਲਈ ਬਹੁਤ ਸ਼ਲਾਘਾਯੋਗ ਕੰਮ ਕਰ ਹਨ । ਲਹਿੰਦੇ ਪੰਜਾਬ ਦੇ ਕਵੀਆਂ ਦਾ ਕਹਿਣਾ ਸੀ ਕਿ ਉਹ ਤੇ ਬਾਰ ਬਾਰ ਦਿਨ , ਪਹਿਰ ਤੇ ਘੜੀਆਂ ਗਿਣਦੇ ਰਹਿੰਦੇ ਹਨ ਕਿ ਕੱਦ ਇਹੋ ਜਿਹੇ ਪ੍ਰੋਗ੍ਰਾਮ ਹੋਣ ਤੇ ਅਸੀਂ ਉਸ ਵਿੱਚ ਸ਼ਾਮਿਲ ਹੋਈਏ । ਡਾ : ਸਤੀਸ਼ ਕੁਮਾਰ ਵਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਉਹ ਬਹੁਤ ਸੋਹਣਾ ਬੋਲਦੇ ਨੇ , ਸ਼ਬਦਾਂ ਦਾ ਭੰਡਾਰ ਹੈ ਉਹਨਾਂ ਕੋਲ । ਡਾ : ਸਰਬਜੀਤ ਕੌਰ ਸੋਹਲ ਜੀ ਦਾ ਕਹਿਣਾ ਹੈ ਕਿ ਅਸੀਂ ਸੱਭ ਇਕ ਦੂਸਰੇ ਦੇ ਪੂਰਕ ਹਾਂ । ਹਰਿਆਣਾ ਸਾਹਿਤ ਅਕਾਦਮੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ । ਹਰੇਕ ਮੈਂਬਰਜ਼ ਨੇ ਲਹਿੰਦੇ ਪੰਜਾਬ ਦੇ ਇਸ ਕਵੀ ਦਰਬਾਰ ਦੀ , ਡਾ : ਸਰਬਜੀਤ ਕੌਰ ਸੋਹਲ ਜੀ ਤੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਦੇ ਕਾਰਜਾਂ ਦੀ ਬਹੁਤ ਪ੍ਰਸ਼ੰਸਾ ਕੀਤੀ । ਡਾ : ਸਰਬਜੀਤ ਕੌਰ ਸੋਹਲ ਜੀ ਤੇ ਸਾਰੀ ਟੀਮ ਵਧਾਈ ਦੀ ਪਾਤਰ ਹੈ । ਅਰਵਿੰਦਰ ਢਿੱਲੋਂ ਬੇਹਤਰੀਨ ਹੋਸਟਿੰਗ ਕਰਦੇ ਹਨ , ਕਾਬਿਲੇਤਾਰੀਫ ਹੈ ।ਧੰਨਵਾਦ ਸਹਿਤ ।
ਰਮਿੰਦਰ ਰਮੀ