ਨਕੋਦਰ – ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ – ਨਕੋਦਰ ਵੱਲੋਂ ਮੰਜਕੀ ਪੰਜਾਬੀ ਸੱਥ- ਭੰਗਾਲਾ, ਯੂਰਪੀ ਪੰਜਾਬੀ ਸੱਥ- ਵਾਲਸਾਲ (ਯੂ.ਕੇ.) ਅਤੇ ਸ਼ਮ੍ਹਾਦਾਨ ਅਦਾਰੇ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਪਰਵਾਸੀ ਕਵੀ ਦਰਬਾਰ ਕਰਵਾਇਆ। ਜਿਸ ਦੀ ਪ੍ਰਧਾਨਗੀ ਪੰਜਾਬੀ ਸੱਥ ਦੀ ਨੀਂਹ ਰੱਖਣ ਵਾਲੇ ਸ. ਮੋਤਾ ਸਿੰਘ ਵੱਲੋਂ ਕੀਤੀ ਗਈ। ਇਸ ਕਵੀ ਦਰਬਾਰ ਵਿਚ ਵੱਖ ਵੱਖ ਦੇਸਾਂ ਵਿੱਚ ਵਸਦੇ ਪੰਜਾਬੀ ਸਾਹਿਤਕਾਰਾਂ ਨੇ ਭਾਗ ਲਿਆ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਪੰਜਾਬੀ, ਪੰਜਾਬ ਤੇ ਪੰਜਾਬੀਅਤ ਲਈ ਝੱਲਕਦੇ ਦਰਦ ਤੇ ਪਿਆਰ ਨੂੰ ਦਰਸ਼ਕਾਂ ਨੇ ਬਹੁਤ ਸਰਾਹਿਆ।
ਸਾਰੇ ਪ੍ਰੋਗਰਾਮ ਦਾ ਮੰਚ ਸੰਚਾਲਨ ਕਲਮ ਨਾਦ ਦੇ ਲੇਖਕ ਪ੍ਰੀਤ ਲੱਧੜ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਦਲਜਿੰਦਰ ਰਹਿਲ (ਇਟਲੀ) ਹੋਰਾਂ ਨੂੰ ਸੱਦਾ ਦਿੱਤਾ। ਦਲਜਿੰਦਰ ਰਹਿਲ ਬੜੇ ਸੁਲਝੇ ਲੇਖਕ ਹਨ। ਉਨ੍ਹਾਂ ਨੇ ਪੁਰਾਣੇ ਪੰਜਾਬ ਤੇ ਨਵੇਂ ਪੰਜਾਬ ਸੰਬੰਧੀ ਆਪਣੀਆਂ ਕਵਿਤਾਵਾਂ ਪੜ੍ਹੀਆਂ। ਇਸ ਉਪਰੰਤ ਕਨੇਡਾ ਵਸਦੀ ਪੰਜਾਬੀ ਲੇਖਿਕਾ ਸੁਰਜੀਤ ਕੌਰ ਹੋਰਾਂ ਆਪਣੀਆਂ ਖੁੱਲ੍ਹੀਆਂ ਕਵਿਤਾਵਾਂ ਦਾ ਪਾਠ ਕਰਕੇ ਸ੍ਰੋਤਿਆਂ ਦਾ ਮਨ ਮੋਹ ਲਿਆ। ਜਿਸ ਮਗਰੋਂ ਪ੍ਰਿੰ. ਗਿਆਨ ਸਿੰਘ ਹੋਰਾਂ ਕਰੋਨਾ ਸੰਬੰਧੀ ਕਵਿਤਾ ਸੁਣਾਈ ਅਤੇ ਵਾਹ ਵਾਹ ਖੱਟੀ। ਇਸ ਤਰ੍ਹਾਂ ਕਵੀਆਂ ਵਿੱਚ ਅਗਲਾ ਸੱਦਾ ਇਟਲੀ ਵਿੱਚ ਵਸਦੇ ਕਵੀ ਸਿੱਕੀ ਝੱਜੀ ਪਿੰਡ ਵਾਲਾ ਨੂੰ ਦਿੱਤਾ ਗਿਆ ਜਿਨ੍ਹਾਂ ਛੋਟੀਆਂ ਛੋਟੀਆਂ ਦੋ ਕਵਿਤਾਵਾਂ ਸੁਣਾਈਆਂ।
ਐੱਲ.ਡੀ.ਡੀ.ਟੀ.ਵੀ. ਦੇ ਫੇਸਬੁੱਕ ਪੰਨੇ ‘ਤੇ ਲਾਈਵ ਟੈਲੀਕਾਸਟ ਵਿੱਚ ਅਗਲੀ ਹਾਜ਼ਰੀ ਇਟਲੀ ਤੋਂ ਸਤਵੀਰ ਸਾਂਝ ਹੋਰਾਂ ਭਰੀ ਜਿਨ੍ਹਾਂ ਮਾਂ ਨੂੰ ਸਮਰਪਿਤ ਕਵਿਤਾ ਪੜ੍ਹੀ ਤੇ ਬਹੁਤ ਭਾਵੁਕ ਹੋ ਗਈ। ਉਸ ਦੀ ਕਵਿਤਾ ਤੇ ਕਾਵਿ-ਖ਼ਿਆਲ ਦਰਸ਼ਕਾਂ ਦੀਆਂ ਅੱਖਾਂ ਵਿੱਚ ਹੰਝੂ ਬਣ ਵਹਿਣ ਲੱਗੇ। ਉਨ੍ਹਾਂ ਤੋਂ ਬਾਅਦ ਪੰਜਾਬੀ ਸੱਥ – ਕੁਵੈਤ ਦੇ ਮੁੱਖ ਸੇਵਕ ਅਤੇ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ-ਕੁਵੈਤ ਦੇ ਪ੍ਰਧਾਨ ਲਸ਼ਕਰੀ ਰਾਮ ਜੱਖੂ ਲੱਧੜ ਹੋਰਾਂ ਆਪਣੀਆਂ ਗ਼ਜ਼ਲਾਂ ਨੂੰ ਤਰਾਨੁਮ ਵਿੱਚ ਪੇਸ਼ ਕਰਕੇ ਦਰਸ਼ਕਾਂ ਦਾ ਦਿਲ ਮੋਹ ਲਿਆ। ਉਨ੍ਹਾਂ ਨੇ ਸ. ਮੋਤਾ ਸਿੰਘ ਸਰਾਏ ਨੂੰ ਪੰਜਾਬੀ ਬੋਲੀ ਦਾ ਅਸਲੀ ਵਾਰਸ ਦੱਸਿਆ ਜਿਨ੍ਹਾਂ ਨੇ ਦੁਨੀਆਂ ਭਰ ਵਿੱਚ ਪੰਜਾਬੀ ਸੱਥਾਂ ਬਣਾਈਆਂ ਅਤੇ ਪੰਜਾਬੀ ਬੋਲੀ ਤੇ ਸਾਹਿਤ ਦਾ ਵੱਡੇ ਪੱਧਰ ‘ਤੇ ਪ੍ਰਚਾਰ ਤੇ ਪ੍ਰਸਾਰ ਕੀਤਾ। ਇਨ੍ਹਾਂ ਤੋਂ ਬਾਅਦ ਕਨੇਡਾ ਵਸਦੀ ਕਵਿੱਤਰੀ ਰਮਿੰਦਰ ਰਮੀ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ। ਉਨ੍ਹਾਂ ਨੇ ਫੇਸਬੁੱਕ ‘ਤੇ ਜੁੜੇ ਦਰਸ਼ਕਾਂ ਤੋਂ ਦਾਦ ਲਈ।
ਆਖ਼ਰ ਵਿੱਚ ਅੰਤਰਰਾਸ਼ਟਰੀ ਕਵੀ ਦਰਬਾਰ ਦੀ ਸਰਪ੍ਰਸਤੀ ਕਰ ਰਹੇ ਸ਼ਾਇਰ ਜਸਵੀਰ ਵੱਲੋਂ ਕਵੀ ਦਰਬਾਰ ਵਿੱਚ ਸ਼ਾਮਲ ਕਵੀਆਂ ਅਤੇ ਲਾਈਵ ਟੈਲੀਕਾਸਟ ਦੇਖ ਰਹੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਕਵੀ ਦਰਬਾਰ ਨੂੰ 1500 ਦੇ ਕਰੀਬ ਲੋਕਾਂ ਵੱਲੋਂ ਲਾਈਵ ਦੇਖਿਆ ਗਿਆ। ਇਸ ਲਾਈਵ ਪ੍ਰੋਗਰਾਮ ਵਿੱਚ ਕੁਲਵਿੰਦਰ ਸਿੰਘ ਸਰਾਏ (ਮੰਜਕੀ ਪੰਜਾਬੀ ਸੱਥ-ਭੰਗਾਲਾ), ਡਾ.ਰਵਿੰਦਰ ਸਿੰਘ, ਰਵਨੀਤ ਕੌਰ (ਸ਼ਮ੍ਹਾਦਾਨ ਬਾਨੀ ਸੰਪਾਦਕ) ਰਣਜੀਤ ਕੌਰ ‘ਨਜ਼ਮ’, ਬਲਰਾਜ ਸਿੰਘ, ਜਸਵੀਰ ਸਿੰਘ ਆਦਿ ਸ਼ਾਮਲ ਹੋਏ।