ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਅੱਜ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਫੌਜਾ ਸਿੰਘ ਸਰਾਰੀ ਦੀ ਰਿਸ਼ਵਤ ਮੰਗਣ ਸਬੰਧੀ ਇਕ ਆਡੀਓ ਵਾਇਰਲ ਹੋਈ ਸੀ। ਇਸ ਆਡੀਓ ਵਾਇਰਲ ਹੋਣ ਪਿਛੋਂ ਲਗਾਤਾਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆਈ ਹੋਈ ਹੈ।
ਫੌਜਾ ਸਿੰਘ ਸਰਾਰੀ ਵਲੋਂ ਇਸ ਆਡੀਓ ਨੂੰ ਐਡਿਟ ਕੀਤੀ ਹੋਈ ਆਡੀਓ ਦੱਸ ਕੇ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਵਿਰੋਧੀ ਪਾਰਟੀਆਂ ਲਗਾਤਾਰ ਫੌਜਾ ਸਿੰਘ ਸਰਾਰੀ ਪਾਸੋਂ ਅਸਤੀਫਾ ਲੈਣ ਦੀ ਮੰਗ ਕਰ ਰਹੀਆਂ ਸਨ।
ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਪਿਛੋਂ ਜਦੋਂ ਕੈਬਨਿਟ ਵਿਚ ਵਾਧਾ ਕੀਤਾ ਗਿਆ ਅਤੇ ਕੁੱਝ ਹੋਰ ਮੰਤਰੀਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਸੀ, ਉਸ ਵੇਲੇ ਹੀ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਬਣਾਇਆ ਗਿਆ ਸੀ। ਫੌਜਾ ਸਿੰਘ ਸਰਾਰੀ ਨੂੰ ਖੁਰਾਕ ਤੇ ਬਾਗਬਾਨੀ ਵਿਭਾਗ ਸੌਂਪੇ ਗਏ ਸਨ। ਸਤੰਬਰ ਮਹੀਨੇ ਵਿਚ ਫੌਜਾ ਸਿੰਘ ਸਰਾਰੀ ਦੀ ਆਪਣੇ ਪੀ ਏ ਨਾਲ ਗੱਲ ਕਰਦੇ ਦੀ ਆਡੀਓ ਲੀਕ ਹੋ ਗਈ ਸੀ। ਇਸ ਆਡੀਓ ਵਿਚ ਮੰਤਰੀ ਰਿਸ਼ਵਤ ਦੀ ਰਕਮ ਬਾਰੇ ਸੈਟਿੰਗ ਕਰ ਰਹੇ ਸਨ। ਇਸ ਤੋਂ ਬਾਅਦ ਲਗਾਤਾਰ ਫੌਜਾ ਸਿੰਘ ਸਰਾਰੀ ਦਾ ਵਿਰੋਧ ਹੋਣ ਲੱਗਾ ਸੀ।
ਅੱਜ ਫੌਜਾ ਸਿੰਘ ਸਰਾਰੀ ਨੇ ਆਪਣਾਂ ਅਸਤੀਫਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤਾ। ਭਗਵੰਤ ਮਾਨ ਸਰਕਾਰ ਵਿਚ ਮੰਤਰੀ ਦੀ ਕੁਰਸੀ ਗੁਆਉਣ ਵਾਲੇ ਇਹ ਦੂਜੇ ਮੰਤਰੀ ਨੇ। ਇਸ ਤੋਂ ਪਹਿਲਾਂ ਸਿਹਤ ਮੰਤਰੀ ਵਿਜੇ ਸਿੰਗਲਾ ‘ਤੇ ਵੀ ਭਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਅਤੇ ਉਨ੍ਹਾਂ ਦੀ ਵੀ ਮੰਤਰੀ ਮੰਡਲ ਵਿਚੋਂ ਛੁੱਟੀ ਕਰ ਦਿੱਤੀ ਸੀ।
ਫੌਜਾ ਸਿੰਘ ਸਰਾਰੀ ਪੰਜਾਬ ਪੁਲੀਸ ਵਿਚੋਂ ਰਿਟਾਇਰਡ ਇੰਸਪੈਕਟਰ ਹਨ। ਉਸ ਨੇ ਜਿਲਾ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਏ ਤੋਂ ਪਹਿਲੀ ਵਾਰ ਹੀ ਚੋਣ ਲੜੀ ਸੀ ਅਤੇ ਪਹਿਲੀ ਵਾਰ ਹੀ ਜਿੱਤ ਗਏ ਸਨ। ਅੱਜ ਫੌਜਾ ਸਿੰਘ ਸਰਾਰੀ ਤੋਂ ਅਸਤੀਫਾ ਲੈਣ ਪਿਛੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀਆਂ ਦੇ ਵਿਭਾਗਾਂ ਵਿਚ ਵੀ ਫੇਰਬਦਲ ਕੀਤਾ ਜਾ ਸਕਦਾ ਹੈ ਅਤੇ ਇਕ ਨਵਾਂ ਮੰਤਰੀ ਵੀ ਸ਼ਾਮਲ ਕੀਤਾ ਜਾ ਸਕਦਾ ਹੈ।