( ਐ ਦਿਲਾ ਦਲੇਰੀ ਰੱਖ )
ਐ ਦਿਲਾ ਤੂੰ ਰੱਖ ਦਲੇਰੀ,
ਐਂਵੇਂ ਹੀ ਤੂੰ ਰੋਇਆ ਨਾ ਕਰ।
ਨਿੱਕੀ ਨਿੱਕੀ ਗੱਲ ਦੇ ਉਤੇ,
ਹੰਝੂ ਹਾਰ ਪਰੋਇਆ ਨਾ ਕਰ।
ਬੜੀ ਚੰਦਰੀ ਹੈ ਇਹ ਦੁਨੀਆਂ,
ਅੱਲੇ ਜ਼ਖ਼ਮ ਦਿਖਾਇਆ ਨਾ ਕਰ।
ਰਮੀ ਤੂੰ ਆਪਣੇ ਦਰਦ ਛੁਪਾ ਕੇ,
ਹੱਸਿਆ ਕਰ ਹਸਾਇਆ ਕਰ।
ਮਹਿਕ ਵਿਹੂਣੀ ਜ਼ਿੰਦਗੀ ਦੇ ਵਿਚ,
ਤੂੰ ਖੁਸ਼ਬੋ ਫੈਲਾਇਆ ਕਰ।
ਦੇਖ ਅੰਬਰੀਂ ਉਡਦੇ ਪੰਛੀ,
ਵਿਚ ਗਗਨ ਉਡਾਰੀਆਂ ਲਾਇਆ ਕਰ।
ਦੇਖ ਹਵਾ ਸੰਗ ਝੂਮਦੇ ਬੂਟੇ,
ਤੂੰ ਖੁਸ਼ ਹੋ ਮਨ ਪ੍ਰਚਾਇਆ ਕਰ।
ਤਿਤਲੀਆਂ ਭੌਰੇ ਉਡਦੇ ਤੱਕ ਕੇ,
ਤੂੰ ਗੀਤ ਖੁਸ਼ੀ ਦੇ ਗਾਇਆ ਕਰ।
ਫੁੱਲਾਂ ਤੋਂ ਤੂੰ ਖਿੜਨਾ ਸਿੱਖ ਲੈ,
ਕੰਡਿਆ ਤੋਂ ਘਬਰਾਇਆ ਨਾ ਕਰ।
ਅਥਰਾ ਮਨ ਬੇਕਾਬੂ ਹੋ ਜਾਏ,
ਤਾਂ ਧਿਆਨ ਪ੍ਰਭੂ ਵਿਚ ਲਾਇਆ ਕਰ।
ਰਹਿ ਖੜੀ ਤੇ ਰੱਖ ਹੌਂਸਲਾ,
ਨਾ ਐਂਵੇਂ ਢੇਰੀ ਢਾਹਿਆ ਕਰ।
ਭੈ ਮੁਕਤ ਜੇ ਹੋਣਾ ਲੋਚੇਂ ਰਮੀ ਤੂੰ
ਨਾ ਡਰਿਆ ਕਰ ਨਾ ਡਰਾਇਆ ਕਰ।
( ਪ੍ਰਿੰਸੀਪੱਲ ਹਰਜਿੰਦਰ ਕੌਰ ਸੱਧਰ )