ਕੋਟ ਸ਼ਮੀਰ (ਬਠਿੰਡਾ)- ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਵੰਗਾਰਿਆ ਹੈ ਕਿ ਉਹ ਆਪਣੇ ਭਵਿੱਖੀ 9 ਸੂਤਰੀ ਏਂਜਡੇ ਦੀ ਬਜਾਏ ਆਪਣੀ ਪਿਛੱਲੀ ਸਰਕਾਰ ਦੀ ਇਕ ਵੀ ਪ੍ਰਾਪਤੀ ਲੋਕਾਂ ਸਾਹਮਣੇ ਰੱਖਣ।
ਬਠਿੰਡਾ ਦਿਹਾਤੀ ਹਲਕੇ ਵਿਚ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਸਮੇਂ ਪੰਜਾਬ ਵਿਚ ਇਕ ਵੀ ਮਹੱਤਵਪੂਰਨ ਕਾਰਜ ਨਹੀਂ ਹੋਇਆ ਅਤੇ ਉਨ•ਾਂ ਦਾ ਰਾਜ ਐਸਪ੍ਰਸ਼ਤੀ ਅਤੇ ਆਮ ਲੋਕਾਂ ਲਈ ਇਕ ਅਪਹੁੰਚ ਮੁੱਖ ਮੰਤਰੀ ਦਾ ਰਾਜ ਸੀ। ਕੈਪਟਨ ਰਾਜ ਸਮੇਂ ਪੰਜਾਬ ਆਪਣੇ ਸਭ ਤੋਂ ਨੀਂਵੇਂ ਪੱਧਰ ਤੇ ਪਹੁੰਚ ਗਿਆ ਸੀ, ਅਤੇ ਉਹ ਹੁਣ ਫਿਰ ਤੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੀਆਂ ਚਾਲਾਂ ਚੱਲ ਰਹੇ ਹਨ। ਉਨ•ਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਜਿੰਨ•ਾਂ ਨੇ ਅਕਾਲੀ ਭਾਜਪਾ ਸਰਕਾਰ ਵੱਲੋਂ ਪਿੱਛਲੇ 10 ਸਾਲਾਂ ਵਿਚ ਕਰਵਾਏ ਵਿਕਾਸ ਨੂੰ ਵੇਖਿਆ ਹੈ ਉਹ ਹੁਣ ਇਹ ਚੰਗੀ ਤਰਾਂ ਸਮਝ ਚੁੱਕੇ ਹਨ, ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹਾਲਤ ਥੋਥਾ ਚਨਾ, ਵਾਜੇ ਘਣਾ ਵਾਲੀ ਹੋਈ ਪਈ ਹੈ ਜੋ ਕੇਵਲ ਗੱਲਾਂ ਜੋਗੇ ਹੀ ਹਨ।
ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਲਈ ਕੈਪਟਨ ਸਿੰਘ ਤੇ ਤਿੱਖਾ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਬੇਬੁਨਿਆਦ ਸ਼ਿਕਾਇਤਾਂ ਚੋਣ ਕਮਿਸ਼ਨ ਕੋਲ ਕਰ ਰਹੇ ਹਨ। ਉਨ•ਾਂ ਕਿਹਾ ਕਿ ਗਠਜੋੜ ਦੇ ਹੱਕ ਵਿਚ ਲੋਕ ਲਹਿਰ ਤੋਂ ਘਬਰਾ ਕੇ ਹੀ ਕੈਪਟਨ ਵੱਲੋਂ ਅਜਿਹੀਆਂ ਝੂਠੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਗਠਜੋੜ ਲਗਾਤਾਰ ਤੀਜੀ ਵਾਰ ਸਰਕਾਰ ਬਣਾ ਕੇ ਇਤਿਹਾਸ ਸਿਰਜੇਗਾ।
ਇਕ ਹੋਰ ਸਵਾਲ ਦੇ ਜਵਾਬ ਵਿਜ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਤੋਂ ਹਮਾਇਤ ਮੰਗਨ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਇਹ ਸਪਸੱਟ ਕਰਨ ਕਿ ਉਨ•ਾਂ ਦੀ ਸਰਕਾਰ ਨੇ ਐਸ.ਵਾਈ.ਐਲ. ਨਹਿਰ ਦੇ ਮੁੱਦੇ ਦੇ ਪੰਜਾਬ ਵਿਰੋਧੀ ਸਟੈਂਡ ਕਿਉਂ ਲਿਆ। ਉਨ•ਾਂ ਕਿਹਾ ਕਿ ਹਰਿਆਣਾ ਕੇਜਰੀਵਾਲ ਦਾ ਗ੍ਰਹਿ ਸੂਬਾ ਹੈ ਅਤੇ ਆਪਣੇ ਸੂਬੇ ਨੂੰ ਲਾਭ ਦੇਣ ਲਈ ਉਸਨੇ ਪੰਜਾਬ ਦੇ ਹਿੱਤ ਵੀ ਦਾਅ ਤੇ ਲਗਾ ਦਿੱਤੇ ਹਨ, ਪਰ ਪੰਜਾਬ ਦੇ ਲੋਕ ਇਹ ਕਦੇ ਵੀ ਸਹਿਨ ਨਹੀ ਕਰਣਗੇ। ਉਨ•ਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਪਾਰਟੀ ਦੋਨੋਂ ਹੀ ਪੰਜਾਬ ਅਤੇ ਪੰਜਾਬੀਆਂ ਦੇ ਵਿਰੋਧੀ ਹਨ।
ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਐਂਡ ਕੰਪਨੀ ਚਾਹੇ ਆਪਣੀ ਜਿਹੜੀ ਮਰਜੀ ‘ਤੋਪ’ ਨੂੰ ਲੰਬੀ ਤੋਂ ਚੋਣ ਮੈਦਾਨ ਵਿਚ ਲੈ ਆਵੇ। ਉਨ•ਾਂ ਕਿਹਾ ਕਿ ਸਭ ਦਾ ਇਸ ਚੋਣ ਅਖਾੜੇ ਵਿਚ ਸਿਆਸੀ ਜੋਰਅਜਮਾਈ ਲਈ ਨਿੱਘਾ ਸਵਾਗਤ ਹੈ। ਪਰ ਨਾਲ ਹੀ ਉਨ•ਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਨਾ ਕੇਵਲ ਲੰਬੀ ਸਗੋਂ ਸਮੁੱਚੇ ਪੰਜਾਬ ਵਿਚੋਂ ਅਜਿਹੀਆਂ ਪੰਜਾਬ ਵਿਰੋਧੀ ਤਾਕਤਾਂ ਨੂੰ ਕਰਾਰੀ ਹਾਰ ਦੇਣਗੇ। ਉਨ•ਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਪੱਖੀ ਨਿਤੀਆਂ ਨਾਲ ਡੱਟ ਕੇ ਖੜੇ ਹਨ।
ਇਸ ਤੋਂ ਪਹਿਲਾਂ ਸੰਗਤ ਮੰਡੀ, ਕੋਟ ਸਮੀਰ, ਬੱਲੂਆਣਾ ਵਿਖੇ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਆਪ ਪਾਰਟੀ ਮੌਕਾਪ੍ਰਸਤੀ ਅਤੇ ਦਲਬਦਲੀ ਦੀ ਸਿਆਸਤ ਕਰ ਰਹੀਆਂ ਹਨ।