ਖਡੂਰ ਸਾਹਿਬ, 10 ਸਤੰਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਜੀ ਬਾਦਲ ਪੰਜਾਬ ਵਿੱਚ ਨਸ਼ੇਆਂ ਦੇ ਮਾਮਲੇ ਨੂੰ ਲੈ ਕੇ ਲੋਕਾਂ ਨੂੰ ਗੁਮਰਾਹ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਲਈ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ।
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਵਿਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਕੀਤੀ ਗਈ ਠਾਠਾਂ ਮਾਰਦੀ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ: ਬਾਦਲ ਨੇ ਕਿਹਾ ਕਿ ਇੰਡੀਅਨ ਕੌਂਸਲ ਆਫ਼ ਰੀਸਰਚ ਵੱਲੋਂ ਪੀ ਜੀ ਆਈ ਦੁਆਰਾ ਕਰਾਏ ਗਏ ਇੱਕ ਉੱਚ ਪੱਧਰੀ ਸਰਵੇਖਣ ਵਿੱਚ ਪੰਜਾਬ ਵਿੱਚ ਸਿਰਫ਼ ਸਿਫ਼ਰ ਪੁਆਇੰਟ ਅੱਠ ( 0. 8%) ਲੋਕਾਂ ਦੇ ਨਸ਼ਾ ਕਰਨਾ ਪਾਇਆ ਗਿਆ। ਇਸ ਤੌ ਪਹਿਲਾਂ ਫੌਜ ਅਤੇ ਪੁਲੀਸ ਦੀ ਭਰਤੀ ਦੌਰਾਨ ਵੀ ਇੱਕ ਫੀਸਦੀ ਨੌਜਵਾਨ ਦਾ ਨਸ਼ਾ ਕਰਨਾ ਸਾਹਮਣੇ ਆਇਆ। ਅਕਾਲੀ ਦਲ ਦੇ ਪ੍ਰਧਾਨ ਨੇ ਦੋਸ਼ ਲਾਇਆ ਕਿ ਸਿਆਸੀ ਮੁਫ਼ਾਦ ਖ਼ਾਤਰ ਰਾਹੁਲ ਗਾਂਧੀ ਅਤੇ ਕੇਜਰੀਵਾਲ ਨੇ 2012 ਦੌਰਾਨ ਪੰਜਾਬ ਦੇ ਨੌਜਵਾਨਾਂ ਦਾ 70 ਫੀਸਦੀ ਨਸ਼ੇਈ ਹੋਣ ਦਾ ਕੂੜ ਪ੍ਰਚਾਰ ਕੀਤਾ। ਉਹਨਾਂ ਉਕਤ ਦੋਹਾਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਹਨਾਂ ਲੋਕਾਂ ਵੱਲੋਂ ਕੀਤੇ ਗਏ ਗੁਮਰਾਹਕੁਨ ਪ੍ਰਚਾਰ ਨੇ ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ ਪ੍ਰਤੀ ਬਹੁਤ ਵੱਡਾ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਉਕਤ ਲੋਕਾਂ ਦੇ ਕੂੜ ਪ੍ਰਚਾਰ ਸਦਕਾ ਵੱਡੀਆਂ ਕੰਪਨੀਆਂ ਅਤੇ ਵਿਦੇਸ਼ੀ ਪੂੰਜੀ ਨਿਵੇਸ਼ ਮੌਕੇ ਕਈ ਔਕੜਾਂ ਆਈਆਂ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਦੀ ਲੜਾਈ ਅਕਾਲੀ ਦਲ ਨਾਲ ਸੀ ਪਰ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਦਾ ਵੱਡਾ ਨੁਕਸਾਨ ਕੀਤਾ। ਅੱਜ ਜਦ ਕਿ ਇਹ ਸਭ ਦੇ ਸਾਹਮਣੇ ਆ ਚੁੱਕੀ ਹੈ ਕਿ ਇਹਨਾਂ ਲੋਕਾਂ ਆਪਣੀਆਂ ਮਾੜੀਆਂ ਕਰਤੂਤਾਂ ਲਈ ਪੰਜਾਬ ਦੇ ਲੋਕਾਂ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।ਸੁਖਬੀਰ ਬਾਦਲ ਨੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਹੋਕਾ ਦਿੰਦਿਆਂ ਕਿਹਾ ਕਿ ਕਿਸੇ ਵੀ ਅਕਾਲੀ ਵਰਕਰ, ਦਲਿਤ , ਮਜ਼ਦੂਰ, ਕਾਰੋਬਾਰੀ ਨੂੰ ਕੋਈ ਤੰਗ ਪ੍ਰੇਸ਼ਾਨ ਜਾਂ ਧੱਕਾ ਕਰੇ ਤਾਂ ਉਸ ਵਿਰੁੱਧ ਇੱਕਜੁੱਟ ਹੋ ਕੇ ਖੜੇ ਹੋਣ ਦੀ ਤਾਈਦ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਸੂਰਮਤਾਈ ਨਾਲ ਭਰਿਆ ਪਿਆ ਹੈ ਉਹ ਕਿਸੇ ਨੂੰ ਵੀ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਨਹੀਂ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਰਾਜ ਦਾ ਪਾਣੀ ਦੂਜੇ ਰਾਜਾਂ ਨੂੰ ਦੇਣ ਨੂੰ ਲੈ ਕੇ ਕੇਂਦਰ ਤਕ ਪਹੁੰਚ ਕਰ ਰਹੀ ਹੈ ਪਰ ਉਹ ਸਪਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਪੰਜਾਬ ‘ਚ ਨਾ ਫਾਲਤੂ ਪਾਣੀ ਹੈ ਅਤੇ ਨਾ ਹੀ ਕਿਸੇ ਰਾਜ ਨੂੰ ਇੱਕ ਬੂੰਦ ਪਾਣੀ ਦਿੱਤਾ ਜਾਵੇਗਾ। ਉਹਨਾਂ ਕਿਹਾ ਕ ਰਾਜ ਵਿੱਚ ਕਿਸੇ ਪਾਸੇ ਵੀ ਸਰਕਾਰ ਹੋਣ ਦਾ ਪ੍ਰਮਾਣ ਨਹੀਂ ਮਿਲ ਰਿਹਾ। ਹਰ ਵਰਗ ਨੂੰ ਗੁਮਰਾਹ ਕਰਕੇ ਅਤੇ ਝੂਠ ਬੋਲ ਕੇ ਸਤਾ ਤਾਂ ਹਾਸਲ ਕਰ ਲਈ ਪਰ ਹੁਣ ਛੇ ਮਹੀਨਿਆਂ ‘ਚ ਸਿਵਾਏ ਪ੍ਰੈੱਸ ਕਾਨਫਰੰਸਾਂ ਦੇ ਕੋਈ ਵੀ ਸਾਰਥਿਕ ਕਾਰਜ ਨਜ਼ਰ ਨਹੀਂ ਆ ਰਿਹਾ।ਲੋਕ ਭਲਾਈ ਸਕੀਮਾਂ ਬੰਦ ਕਰਦਿਤੀਆਂ ਗਈਆਂ ਹਨ ਅਤੇ ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਨਾਮ ‘ਤੇ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਾਮ ‘ਤੇ ਵੱਡੇ ਵੱਡੇ ਡਰਾਮੇ ਕੀਤੇ ਜਾ ਰਹੇ ਹਨ। ਉਹਨਾਂ ਨਵਜੋਤ ਸਿੰਘ ਸਿੱਧੂ ਤੇ ਵਿਅੰਗ ਕਸਦਿਆਂ ਉਸ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਵਿਕਾਸ ਕਾਰਜ ਰੋਕ ਦੇਣ ਦੀ ਸਖ਼ਤ ਆਲੋਚਨਾ ਕੀਤੀ। ਉਹਨਾਂ ਕਿਹਾ ਕਿ ਜੇ ਇਹੀ ਹਾਲ ਰਹਾ ਤਾਂ ਪੰਜਾਬ ਦੀ ਜਨਤਾ ਕਾਂਗਰਸ ਨੂੰ 25 ਸਾਲ ਤਕ ਸਤਾ ਵਿੱਚ ਦੁਬਾਰਾ ਨਹੀਂ ਆਉਣ ਦੇਵੇਗੀ।
ਸਾਬਕਾ ਮੰਤਰੀ ਤੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਠੋਕ ਵਜਾ ਕੇ ਨਿਭਾਵੇਗਾ।ਕਿਸਾਨਾਂ ਦਾ ਕਰਜ਼ਾ ਮੁਆਫ਼ ਨਾ ਕਰਨ ਲਈ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਉਹਨਾਂ ਕਿਹਾ ਕਿ ਛੇ ਮਹੀਨਿਆਂ ‘ਚ 200 ਤੋਂ ਵਧ ਕਿਸਾਨਾਂ ਵੱਲੋਂ ਕੀਤੀ ਗਈ ਖੁਦਕੁਸ਼ੀ ਕਾਂਗਰਸ ਸਰਕਾਰ ਦੇ ਮੱਥੇ ਵੱਡਾ ਕਲੰਕ ਹੈ। ਕਰਜ਼ਾ ਖੁਦਕੁਸ਼ੀਆਂ ਲਈ ਉਹਨਾਂ ਚੋਣ ਮੈਨੀਫੈਸਟੋ ਤਿਆਰ ਕਰਨ ਵਾਲੇ ਮਨਪ੍ਰੀਤ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ। ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਉਹਨਾਂ ਸਿੱਧੂ ਨੂੰ ਗਿਰਗਿਟ ਦੀ ਤਰਾਂ ਰੰਗ ਬਦਲਣ ਵਾਲਾ ਮੌਕਾ ਪ੍ਰਸਤ ਕਰਾਰ ਦਿੱਤਾ। ਉਹਨਾਂ ਦੋਸ਼ ਲਾਇਆ ਕਿ ਸਿੱਧੂ ਆਪਣੀ ਜੇਬ ਗਰਮ ਕਰਨ ਲਈ ਭਾਸ਼ਾ ਬਦਲ ਲੈਣ ਵਾਲਾ ਬੰਦਾ ਹੈ। ਉਹਨਾਂ ਕਿਹਾ ਕਿ ਸਿੱਧੂ ਲਈ ਰਾਹੁਲ ਗਾਂਧੀ ਪੱਪੂ ਹੋਇਆ ਕਰਦਾ ਸੀ ਅਤੇ ਡਾ: ਮਨਮੋਹਨ ਸਿੰਘ ਨੂੰ ਉਹ ਸਰਦਾਰ ਤਾਂ ਕੀ ਅਸਰਦਾਰ ਵੀ ਨਹੀਂ ਸੀ ਮੰਨਦਾ, ਅੱਜ ਸੋਨੀਆ ਗਾਂਧੀ ਮੁਨੀ ਬਾਈ ਹੋਣ ਦੀ ਥਾਂ ਉਸ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਰਿਹਾ ਹੈ। ਹਲਕਾ ਖਡੂਰ ਸਾਹਿਬ ਦੇ ਵਿਧਾਇਕ ਸ: ਸਿਕੀ ਤੇ ਸ਼ਬਦੀ ਹਮਲਾ ਬੋਲਦਿਆਂ ਉਹਨਾਂ ਕਿਹਾ ਕਿ ਜਿਸ ਸ਼ਖਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਸਹਾਰਦਿਆਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਕਿਹਾ ਸੀ ਕਿ ਜਦ ਤਕ ਦੋਸ਼ੀ ਫੜੇ ਨਹੀਂ ਜਾਣਗੇ ਵਿਧਾਇਕ ਨਹੀਂ ਬਨਾਂਗਾ ਉਹ ਕਾਂਗਰਸ ਦੇ ਰਾਜ ਵਿੱਚ ਹੋ ਰਹੀਆਂ ਸਿਆਸੀ ਬੇਅਦਬੀਆਂ ਨੂੰ ਖਾਮੋਸ਼ ਹੋ ਕੇ ਵੇਖ ਰਿਹਾ ਹੈ।
ਇਸ ਮੌਕੇ ਸੰਸਦ ਸਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਲੋਕ ਸੇਵਾ ਨਾਲ ਕੋਈ ਸਰੋਕਾਰ ਨਹੀਂ।ਅੱਜ ਰੇਤਾ ਬਜਰੀ ਛੇ ਗੁਣਾ ਮਹਿੰਗੀ ਹੋਚੁਕੀ ਹੈ। ਅਮਨ ਕਾਨੂੰਨ ਦੀ ਸਥਿਤੀ ਬਦ ਤੋ ਬਦਤਰ ਹੈ। ਲੋਕਾਂ ਨੂੰ ਦਿਖਾਏ ਗਏ ਸਬਜ਼ਬਾਗ ਟੁੱਟ ਚੁੱਕੇ ਹਨ ਅਤੇ ਲੋਕ ਆਪਣੇ ਆਪ ਨੂੰ ਠੱਗੇ ਗਏ ਮਹਿਸੂਸ ਕਰ ਰਹੇ ਹਨ। ਉਹਨਾਂ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਹਮਾਇਤ ਦੇ ਰਹੇ ਲੋਕਾਂ ਨੂੰ ਆਪਣੇ ਫੈਸਲੇ ‘ਤੇ ਮੁੜ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਵੀਰ ਸਿੰਘ ਲੋਪੋਕੇ, ਮਲਕੀਤ ਸਿੰਘ ਏ ਆਰ, ਡਾ: ਦਲਬੀਰ ਸਿੰਘ ਵੇਰਕਾ, ਸੁਰਜੀਤ ਸਿੰਘ ਭਿਟੇਵਡ, ਤਲਬੀਰ ਸਿੰਘ ਗਿੱਲ, ਪ੍ਰੋ: ਸਰਚਾਂਦ ਸਿੰਘ, ਆਦਿ ਵੀ ਮੌਜੂਦ ਸਨ।