best platform for news and views

24 ਵਰ੍ਹਿਆਂ ਬਾਅਦ ਪੰਜਾਬ ਕਰੇਗਾ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ: ਕਰਤਾਰ ਸਿੰਘ

Please Click here for Share This News

ਚੰਡੀਗੜ੍ਹ, 11 ਸਤੰਬਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 64ਵੀਂ ਲੜਕਿਆਂ ਅਤੇ 22ਵੀਂ ਲੜਕੀਆਂ ਦੀ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ 29 ਨਵੰਬਰ ਤੋਂ 1 ਦਸੰਬਰ ਤੱਕ ਪੀ.ਏ.ਪੀ. ਜਲੰਧਰ ਦੇ ਐਮ.ਐਸ. ਭੁੱਲਰ ਇੰਡੋਰ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਪੰਜਾਬ 24 ਸਾਲ ਬਾਅਦ ਕੌਮੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਜਾਣਕਾਰੀ ਪੰਜਾਬ ਕੁਸ਼ਤੀ ਸੰਸਥਾ ਦੇ ਪ੍ਰਧਾਨ ਅਤੇ ਪਦਮ ਸ੍ਰੀ ਪਹਿਲਵਾਨ ਕਰਤਾਰ ਸਿੰਘ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਕਰਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਕੁਸ਼ਤੀ ਸੰਸਥਾ ਵੱਲੋਂ ਕਰਵਾਈ ਜਾਣ ਵਾਲੀ ਇਸ ਚੈਂਪੀਅਨਸ਼ਿਪ ਵਿਚ ਪੂਰੇ ਭਾਰਤ ਤੋਂ ਲਗਭਗ 1400 ਪਹਿਲਵਾਨ, ਕੋਚ ਅਤੇ ਆਫ਼ੀਸ਼ਿਅਲਜ਼ ਹਿੱਸਾ ਲੈਣਗੇ। ਇਸ ਚੈਂਪੀਅਨਸ਼ਿਪ ਵਿਚ ਕੌਮਾਂਤਰੀ ਪੱਧਰ ਦੇ ਚੋਟੀ ਦੇ ਪਹਿਲਵਾਨ ਜਿਵੇਂ ਕਿ ਸੁਸ਼ੀਲ ਕੁਮਾਰ, ਬਜਰੰਗ ਪੂਨੀਆ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਗੁਰਪਾਲ ਸਿੰਘ, ਨਵਜੋਤ ਕੌਰ, ਗੁਰਸ਼ਰਨ ਕੌਰ, ਵਿਨੇਸ਼ ਫ਼ੋਗਾਟ ਆਦਿ ਖਿੱਚ ਦਾ ਕੇਂਦਰ ਹੋਣਗੇ। ਇਹ ਚੈਂਪੀਅਨਸ਼ਿਪ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਚੈਂਪੀਅਨਸ਼ਿਪ ਦੇ ਵੱਖ-ਵੱਖ ਭਾਰ ਵਰਗਾਂ ਦੇ ਜੇਤੂ ਪਹਿਲਵਾਨ ਅਗਲੇ ਸਾਲ 2020 ਵਿੱਚ ਟੋਕੀਓ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਦੇ ਕੁਆਲੀਫ਼ਾਇੰਗ ਟੂਰਨਾਮੈਂਟ ਵਿਚ ਭਾਗ ਲੈਣ ਲਈ ਚੁਣੇ ਜਾਣਗੇ। ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਦੇ ਜੇਤੂ ਪਹਿਲਵਾਨਾਂ ਨੂੰ ਪੰਜਾਬ ਕੁਸ਼ਤੀ ਸੰਸਥਾ ਵੱਲੋਂ ਵਿਸ਼ੇਸ਼ ਇਨਾਮ ਦਿੱਤੇ ਜਾਣਗੇ।
ਕਰਤਾਰ ਸਿੰਘ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਪੰਜਾਬ ਕੁਸ਼ਤੀ ਸੰਸਥਾ ਵੱਲੋਂ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਸ ਚੈਂਪੀਅਨਸ਼ਿਪ ਲਈ ਕੁੱਲ 3 ਕੁਸ਼ਤੀ ਮੈਟਾਂ ਅਤੇ 6 ਇਲੈਕਟ੍ਰੋਨਿਕ ਸਕੋਰ ਬੋਰਡਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਮੁਕਾਬਲੇ ਵਿਚ ਭਾਗ ਲੈ ਰਹੇ ਪਹਿਲਵਾਨਾਂ, ਕੋਚਾਂ ਅਤੇ ਆਫ਼ੀਸ਼ਿਅਲਜ਼ ਦੀ ਰਿਹਾਇਸ਼ ਅਤੇ ਖਾਣੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਿਸ ਵਿਚ ਲੜਕੀਆਂ ਦੀ ਰਿਹਾਇਸ਼ ਜਲੰਧਰ ਸ਼ਹਿਰ, ਲੜਕਿਆਂ ਦੀ ਰਿਹਾਇਸ਼ ਪੀ.ਏ.ਪੀ. ਕੰਪਲੈਕਸ ਅਤੇ ਆਫ਼ੀਸ਼ਿਅਲਜ਼ ਦੀ ਰਿਹਾਇਸ਼ ਵੱਖ-ਵੱਖ ਹੋਟਲਾਂ ਵਿਖੇ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਆਪਣੀ ਪ੍ਰਾਹੁਣਚਾਰੀ ਲਈ ਮਸ਼ਹੂਰ ਹੈ, ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਇਸ ‘ਤੇ ਬਰਕਰਾਰ ਰਹਿਣ ਲਈ ਵਚਨਬੱਧ ਹਾਂ।
ਕਰਤਾਰ ਸਿੰਘ ਨੇ ਸ੍ਰੀ ਗੁਰੂੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ‘ਤੇ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਕਰਾਉਣ ਦਾ ਮੌਕਾ ਪੰਜਾਬ ਨੂੰ ਦੇਣ ਲਈ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਸ੍ਰੀ ਬਰਿਜਭੂਸ਼ਨ ਸ਼ਰਨ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਦਾ ਲਾਈਵ ਟੈਲੀਕਾਸਟ ਸੋਸ਼ਲ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ‘ਤੇ ਵੀ ਹੋਵੇਗਾ ਜਿਸ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਕੁਸ਼ਤੀ ਨੂੰ ਪਿਆਰ ਕਰਨ ਵਾਲੇ ਇਸ ਮਹਾਂ ਮੁਕਾਬਲੇ ਦਾ ਲੁਤਫ਼ ਲੈ ਸਕਣਗੇ।
ਪੰਜਾਬ ਕੁਸ਼ਤੀ ਸੰਸਥਾ ਦੇ ਸਕੱਤਰ ਅਤੇ ਭਾਰਤੀ ਕੁਸ਼ਤੀ ਟੀਮ ਦੇ ਸਾਬਕਾ ਚੀਫ ਕੋਚ ਪੀ.ਆਰ.ਸੌਂਧੀ ਨੇ ਅੱਗੇ ਦੱਸਿਆ ਕਿ ਸੀਨੀਅਰ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦੀ ਚੋਣ ਸਬੰਧੀ ਪੰਜਾਬ ਕੁਸ਼ਤੀ ਸੰਸਥਾ ਵੱਲੋਂ ਕੁਸ਼ਤੀ ਚੈਂਪੀਅਨਸ਼ਿਪ 19 ਤੇ 20 ਅਕਤੂਬਰ ਨੂੰ ਪੀ.ਏ.ਪੀ. ਦੇ ਹੀ ਐਮ.ਐਸ. ਭੁੱਲਰ ਇੰਡੋਰ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਨਾਮੀ ਪਹਿਲਵਾਨ ਇਸ ਚੈਂਪੀਅਨਸ਼ਿਪ ਵਿਚ ਭਾਗ ਲੈਣ ਅਤੇ ਪੰਜਾਬ ਦੀ ਨੈਸ਼ਨਲ ਟੀਮ ਦਾ ਹਿੱਸਾ ਬਣ ਕੇ ਪੰਜਾਬ ਦਾ ਨਾਮ ਰੌਸ਼ਨ ਕਰਨ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਕੁਸ਼ਤੀ ਸੰਸਥਾ ਵੱਲੋਂ ਉਚੇਚੇ ਤੌਰ ‘ਤੇ ਪੰਜਾਬ ਦੇ ਪਹਿਲਵਾਨਾਂ ਨੂੰ ਕੋਚਿੰਗ ਲਈ ਬੁਲਾਏ ਇਰਾਨੀ ਕੋਚ ਮੋਆਜ਼ੇਨ ਗੋਲਾਮਰੇਜ਼ਾ ਨੂੰ ਬੁਲਾਇਆ ਗਿਆ ਹੈ ਜਿਸ ਨੂੰ ਪ੍ਰਤੀ ਮਹੀਨਾ 2000 ਡਾਲਰ ਮਿਹਨਤਾਨਾ ਦਿੱਤਾ ਜਾਂਦਾ ਹੈ।
ਇਸ ਮੌਕੇ ਇਰਾਨੀ ਕੋਚ, ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੀਤ ਪ੍ਰਧਾਨ ਅਤੇ ਪਹਿਲਵਾਨ ਹਰਪਾਲ ਸਿੰਘ ਹਰਪੁਰਾ, ਪੰਜਾਬ ਕੁਸ਼ਤੀ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਅਮਰਪਾਲ ਸਿੰਘ, ਖਜਾਨਚੀ ਗੁਰਮੀਤ ਸਿੰਘ, ਰਾਕੇਸ਼ ਮਿਨਹਾਸ ਤੇ ਰਾਜਿੰਦਰ ਸਿੰਘ ਬਡਹੇੜੀ ਵੀ ਹਾਜ਼ਰ ਸਨ।

Please Click here for Share This News

Leave a Reply

Your email address will not be published.