best platform for news and views

Please Click here for Share This News

ਭਾਜਪਾਈ ਟਿਕਟ ਲਈ ਲਾਉਣ ਗੇੜੇ, ਕਾਂਗਰਸੀ,ਆਪ ਤੇ ਬਸਪਾ ਲੋਕਾਂ ਦੇ ਵਿਹੜੇ

ਰਾਜਨ ਮਾਨ

ਹੁਸ਼ਿਆਰਪੁਰ,17 ਅਪਰੈਲ : ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਤੇ ਹੋਰ ਦੂਸਰੀਆਂ ਸਿਆਸੀ ਧਿਰਾਂ ਵਲੋਂ ਆਪੋ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤੇ ਜਾਣ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਅਜੇ ਤੱਕ ਆਪਣਾ ਉਮੀਦਵਾਰ ਐਲਾਨਣ ਵਿੱਚ ਪੱਛੜੀ ਹੋਈ ਹੈ। ਦੂਸਰੇ ਉਮੀਦਵਾਰ ਹਲਕੇ ਅੰਦਰ ਚੋਣ ਸਰਗਰਮੀਆਂ ਵਿੱਚ ਜੁਟ ਗਏ ਹਨ ਅਤੇ ਭਾਜਪਾ ਆਪਣਾ ਉਮੀਦਵਾਰ ਲੱਭਣ ਵਿੱਚ ਲੱਗੀ ਹੋਈ ਹੈ। ਭਾਜਪਾਈ ਟਿਕਟ ਲਈ ਆਪਣੇ ਆਕਾਵਾਂ ਦੇ ਗੇੜੇ ਲਾ ਰਹੇ ਹਨ ਅਤੇ ਕਾਂਗਰਸੀ,ਆਪ ਤੇ ਬਸਪਾ ਦੇ ਉਮੀਦਵਾਰ ਲੋਕਾਂ ਦੇ ਵਿਹੜੇ ਜਾ ਰਹੇ ਹਨ।
ਮੈਦਾਨੀ, ਕੁਝ ਕੰਡੀ ਤੇ ਨੀਂਮ ਪਹਾੜੀ ਖੇਤਰਾਂ ਵਿੱਚ ਪੈਂਦੇ ਇਸ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਪ੍ਰਾਪਤੀ ਲਈ ਪਾਰਟੀ ਦੇ ਮੌਜੂਦਾ ਸਾਂਸਦ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਫਗਵਾੜਾ ਤੋਂ ਪਾਰਟੀ ਵਿਧਾਇਕ ਸੋਮ ਪ੍ਰਕਾਸ਼ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਦੋਹਾਂ ਹੀ ਆਗੂਆਂ ਵਲੋਂ ਆਪੋ ਆਪਣੇ ਆਕਾਵਾਂ ਦੇ ਦਰਾਂ ਤੇ ਦਸਕਤ ਦਿੱਤੀ ਜਾ ਰਹੀ ਹੈ। ਪਾਰਟੀ ਵਲੋਂ ਪੰਜਾਬ ਦੀਆਂ ਸਾਰੀਆਂ ਸੀਟਾਂ ਉਪਰ ਅਜੇ ਤੱਕ ਕੋਈ ਉਮੀਦਵਾਰ ਨਹੀਂ ਐਲਾਨਿਆਂ ਗਿਆ। ਭਾਜਪਾ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਚੋਣ ਪਰਚਾਰ ਵਿੱਚ ਪੱਛੜ ਗਈ ਹੈ। ਮਾਝੇ ਦੀਆਂ ਵੀ ਦੋ ਸੀਟਾਂ ਅੰਮ੍ਰਿਤਸਰ ਤੇ ਗੁਰਦਾਸਪੁਰ ਤੋਂ ਅਜੇ ਤੱਕ ਭਾਜਪਾ ਨੂੰ ਕੋਈ ਰਹਿਬਰ ਨਹੀਂ ਮਿਲ ਰਿਹਾ ਜੋ ਉਹਨਾਂ ਦੀ ਬੇੜੀ ਪਾਰ ਲਗਾ ਸਕੇ।
ਹੁਸਿ਼ਆਰਪੁਰ ਤੋਂ ਫਗਵਾੜਾ ਤੋਂ ਪਾਰਟੀ ਵਿਧਾਇਕ ਸੋਮ ਪ੍ਰਕਾਸ਼ ਦੇ ਨਾਮ ਦੇ ਚਰਚੇ ਚੱਲ ਰਹੇ ਹਨ। ਉਧਰ ਵਿਜੇ ਸਾਂਪਲਾ ਵੀ ਟਿਕਟ ਦੀ ਹਾਂ ਹੋਣ ਦੇ ਦਾਅਵੇ ਕਰ ਰਹੇ ਹਨ। ਦੋਹਾਂ ਆਗੂਆਂ ਵਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਜ਼ਿਲ੍ਹਾ ਜਲੰਧਰ ਨਾਲ ਸਬੰਧਤ ਸ੍ਰੀ ਸਾਂਪਲਾ ਨੇ ਚੋਣ ਜਿੱਤਣ ਤੋਂ ਬਾਅਦ ਹੁਸ਼ਿਆਰਪੁਰ ਸ਼ਹਿਰ ਵਿਚ ਆਪਣੀ ਰਿਹਾਇਸ਼ ਬਣਾ ਲਈ ਸੀ, ਜਿਸ ਤੋਂ ਲੋਕਾਂ ਨੂੰ ਆਸ ਸੀ ਉਹ ਹਲਕੇ ਦਾ ਵੱਡੇ ਪੱਧਰ ਤੇ ਵਿਕਾਸ ਕਰਵਾਉਣਗੇ ਕੇੱਦਰੀ ਮੰਤਰੀ ਹੋਣ ਦੇ ਬਾਵਜੂਦ ਉਹ ਨਾ ਹੁਸ਼ਿਆਰਪੁਰ ਅਤੇ ਨਾ ਬਾਕੀ 8 ਵਿਧਾਨ ਸਭਾ ਹਲਕਿਆਂ ਵਿਚ ਖ਼ਾਸ ਕਾਰਗੁਜ਼ਾਰੀ ਦਿਖਾ ਸਕੇ। ਹੁਸ਼ਿਆਰਪੁਰ ਤੇ ਜਲੰਧਰ ਦਰਮਿਆਨ ਪੈਂਦੇ ਆਦਮਪੁਰ ਤੋਂ ਦਿੱਲੀ ਤੱਕ ਹਵਾਈ ਉਡਾਣ ਸ਼ੁਰੂ ਕਰਵਾ ਕੇ ਉਨ੍ਹਾਂ ਨੇ ਦੋਆਬੇ ਦੇ ਐਨਆਰਆਈ ਤਬਕੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਆਮ ਜਨਤਾ ਦੇ ਅਰਮਾਨਾਂ ਨੂੰ ਵੀ ਇਸ ਰੰਨਵੇਅ ਤੋਂ ਉਡਾ ਦਿੱਤਾ ਗਿਆ ਜਿਸ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕੰਢੀ ਦਾ ਇਲਾਕਾ ਪੱਛੜਿਆ ਹੋਣ ਕਰ ਕੇ ਵਿਸ਼ੇਸ਼ ਸਹੂਲਤਾਂ ਦੀ ਮੰਗ ਕਰਦਾ ਹੈ, ਪਰ ਕੇਂਦਰ ਤੋਂ ਇਸ ਇਲਾਕੇ ਲਈ ਕੋਈ ਪੈਕੇਜ ਨਹੀਂ ਲਿਆ ਸਕੇ। ਐਮਪੀ ਲੈਡ ਫੰਡ ਦਾ ਸਾਲਾਨਾ 5 ਕਰੋੜ ਰੁਪਏ ਦਾ ਫੰਡ ਛੋਟੀਆਂ-ਛੋਟੀਆਂ ਰਾਸ਼ੀਆਂ ’ਚ ਵੰਡਿਆ ਗਿਆ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਖੁਸ਼ ਕੀਤਾ ਜਾ ਸਕੇ, ਪਰ ਮੰਤਰੀ ਅਹੁਦੇ ਦੇ ਮੁਕਾਬਲੇ ਦਾ ਵੀ ਕੋਈ ਪ੍ਰਾਜੈਕਟ ਹਲਕੇ ਨੂੰ ਨਹੀਂ ਮਿਲਿਆ।ਪਾਰਟੀ ਵਲੋਂ ਵੀ ਇਹਨਾਂ ਮੱਦਾਂ ਨੂੰ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ। ਪਾਰਟੀ ਨੇ ਸਾਂਪਲਾ ਨੂੰ ਕੇੱਦਰ ਵਿੱਚ ਵਜ਼ੀਰੀ ਦੇ ਕੇ ਹਲਕੇ ਦੀ ਸ਼ਡਿਊਲ ਕਾਸਟ ਵੋਟ ਨੂੰ ਨਾਲ ਲਾਉਣ ਦੀ ਕੋਸਿ਼ਸ਼ ਕੀਤੀ ਸੀ ਪਰ ਇਹ ਪੱਤਾ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਇਆ। ਉਧਰ ਪਾਰਟੀ ਸੋਮ ਪ੍ਰਕਾਸ਼ ਤੇ ਵੀ ਦਾਅ ਖੇਡਣਾ ਚਾਹੰੁਦੀ ਹੈ। ਹਾਲ ਦੀ ਘੜੀ ਭਾਜਪਾ ਦਾ ਕੇਡਰ ਨਰਾਸ਼ ਬੈਠਾ ਹੈ ।
ਇਸ ਹਲਕੇ ਤੋਂ ਕਾਗਰਸ ਪਾਰਟੀ ਵਲੋਂ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਡਾ. ਰਾਜ ਵਿਧਾਇਕ ਹੋਣ ਦੇ ਨਾਲ-ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐੱਸਸੀ ਵਿੰਗ ਦੇ ਚੇਅਰਮੈਨ ਵੀ ਹਨ। ਉਹਨਾਂ ਨੂੰ ਮੈਦਾਨ ਵਿੱਚ ਉਤਾਰਨ ਨਾਲ ਪਾਰਟੀ ਦੀ ਸ੍ਰੀਮਤੀ ਸੰਤੋਸ਼ ਚੌਧਰੀ ਜੋ ਦੋਆਬੇ ਦੇ ਸੀਨੀਅਰ ਮਹਿਲਾ ਸਿਆਸਤਦਾਨਾਂ ’ਚੋਂ ਇਕ ਹਨ। ਪਿਛਲੀ ਵਾਰ ਕਾਂਗਰਸ ਨੇ ਉਨ੍ਹਾਂ ਦੇ ਨਾਂ ’ਤੇ ਕੂਚੀ ਇਸ ਲਈ ਫ਼ੇਰ ਦਿੱਤੀ ਸੀ ਕਿ ਉਨ੍ਹਾਂ ਨੂੰ ਸਥਾਪਨਾ ਵਿਰੋਧੀ ਲਹਿਰ ਦਾ ਸਾਹਮਣਾ ਕਰਨਾ ਪਵੇਗਾ, ਪਰ ਇਸ ਵਾਰ ਫਿਰ ਉਹਨਾਂ ਦਾ ਪੱਤਾ ਕੱਟੇ ਜਾਣ ਕਾਰਨ ਉਹ ਮੁਖਾਲਫਿਤ ਤੇ ਉਤਰ ਆਈ ਹੈ। ਉਸ ਵਲੋਂ ਪਾਰਟੀ ਉਮੀਦਵਾਰ ਦਾ ਵਿਰੋਧ ਕੀਤਾ ਜ ਰਿਹਾ ਹੈ ਜਿਸ ਦਾ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਉਧਰ ਭਾਜਪਾ ਲਈ ਵੀ ਪੈਂਡਾ ਬਿਖੜਾ ਹੈ। ਭਾਜਪਾ ਨੂੰ ਪ‍ਿਛਲੀਵਾਰ ਬੀਬੀ ਜਗੀਰ ਕੌਰ ਦੇ ਹਲਕੇ ਭੁਲੱਥ ਵਿਚੋਂ ਵੱਡੀ ਲੀਡ ਮਿਲੀ ਸੀ ਪਰ ਇਸਵਾਰ ਬੀਬੀ ਜਗੀਰ ਕੌਰ ਖੁਦ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਹਨ ਅਤੇ ਇਸ ਕਰਕੇ ਉਹ ਆਪਣੇ ਹਲਕੇ ਅੰਦਰ ਪਹਿਲਾਂ ਦੀ ਤਰ੍ਹਾਂ ਵਕਤ ਨਹੀਂ ਦੇ ਪਾਉਣਗੇ ਅਤੇ ਇਸ ਚੀਜ਼ ਦਾ ਵੀ ਭਾਜਪਾ ਨੂੰ ਨੁਕਸਾਨ ਹੋ ਸਕਦਾ ਹੈ।
ਆਮ ਆਦਮੀ ਪਾਰਟੀ ਨੇ ਦੋਆਬਾ ਜ਼ੋਨ ਦੇ ਪ੍ਰਧਾਨ ਡਾ. ਰਵਜੋਤ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਡਾ. ਰਵਜੋਤ ਪਿਛਲੀ ਵਾਰ ਸ਼ਾਮਚੁਰਾਸੀ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਹਨ। ਉਧਰ ਖਹਿਰਾ ਫਰੰਟ ਵਲੋਂ ਇਹ ਸੀਟ ਬਸਪਾ ਨੂੰ ਛੱਡੀ ਜਾਣ ਕਰਕੇ ਬਸਪਾ ਨੇ ਇਸ ਹਲਕੇ ਤੋਂ ਖੁਸ਼ੀ ਰਾਮ ਜੋ ਸੇਵਾਮੁਕਤ ਆਈ ਏ ਐਸ ਅਧਿਕਾਰੀ ਹੈ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕਿਸੇ ਸਮੇਂ ਇਸ ਹਲਕੇ ਅੰਦਰ ਬਸਪਾ ਦਾ ਚੰਗਾ ਦਬਦਬਾ ਹੰੁਦਾ ਸੀ ਪਰ ਹੁਣ ਇਹ ਦਿਨੋ ਦਿਨ ਘਟਦਾ ਜਾ ਰਿਹਾ ਹੈ। ਸੰਨ੍ਹ 1996 ਵਿਚ ਬਸਪਾ ਸੁਪਰੀਮੋ ਕਾਂਸ਼ੀ ਰਾਮ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਨਾਲ ਇੱਥੋਂ ਜਿੱਤੇ ਸਨ, ਪਰ ਉਸ ਤੋਂ ਬਾਅਦ ਪਾਰਟੀ ਦਾ ਗ੍ਰਾਫ਼ ਲਗਾਤਾਰ ਡਿੱਗਦਾ ਰਿਹਾ। ਪਿਛਲੀ ਲੋਕ ਸਭਾ ਚੋਣ ’ਚ ਇਸ ਦੇ ਉਮੀਦਵਾਰ ਨੂੰ ਸਿਰਫ਼ 40497 ਵੋਟਾਂ ਪਈਆਂ ਸਨ। ਇਸ ਹਲਕੇ ਤੋਂ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਤੇ ਭਾਜਪਾ ਅਕਾਲੀ ਦਲ ਦੇ ਉਮੀਦਵਾਰ ਵਿਚਕਾਰ ਹੀ ਹੋਵੇਗਾ।

Please Click here for Share This News

Leave a Reply

Your email address will not be published. Required fields are marked *