ਚਰਨਜੀਤ ਭੁੱਲਰ
ਬਠਿੰਡਾ : ਚੋਣ ਜ਼ਾਬਤਾ ਲੱਗਣ ਮਗਰੋਂ ਅੱਜ ਹਾਕਮ ਧਿਰ ਦੇ ਵਿਧਾਇਕ ਅਤੇ ਵਜ਼ੀਰ ਬੱਤੀ ਵਾਲੀ ਗੱਡੀ ਤੋਂ ਵਿਰਵੇ ਹੋ ਗਏ। ਚੋਰੀ ਛਿਪੇ ਕਈ ਵਿਧਾਇਕਾਂ ਨੇ ਸਰਕਾਰੀ ਗੱਡੀ ਦੁਪਹਿਰ ਮਗਰੋਂ ਚੋਣ ਪ੍ਰਚਾਰ ਲਈ ਵਰਤੀ। ਪਤਾ ਲੱਗਾ ਹੈ ਕਿ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਤੋਂ ਸਰਕਾਰੀ ਗੱਡੀ ਵੀ ਵਾਪਸ ਲੈ ਲਈ ਗਈ ਹੈ। ਵਜ਼ੀਰਾਂ ਅਤੇ ਵਿਧਾਇਕਾਂ ਨੂੰ ਸਰਕਾਰੀ ਗੱਡੀ ਦੀ ਵਰਤੋਂ ਸਿਰਫ਼ ਦਫ਼ਤਰੀ ਕੰਮ ਕਾਜ ਲਈ ਵਰਤਣ ਦੀ ਹਦਾਇਤ ਕੀਤੀ ਗਈ ਹੈ। ਇਸੇ ਦੌਰਾਨ ਅੱਕੇ ਹੋਏ ਮੁਲਾਜ਼ਮਾਂ ਨੇ ਦਫ਼ਤਰਾਂ ’ਚੋਂ ਬਾਦਲਾਂ ਦੀਆਂ ਤਸਵੀਰਾਂ ਵਾਲੇ ਕੈਲੰਡਰ ਵੀ ਉਤਾਰ ਦਿੱਤੇ। ਸਿਹਤ ਮਹਿਕਮੇ ਨੇ ਐਬੂਲੈਂਸਾਂ ਤੋਂ ਤਸਵੀਰਾਂ ਉਤਾਰ ਦਿੱਤੀਆਂ ਹਨ। ਚੋਣ ਜ਼ਾਬਤੇ ਦਾ ਐਲਾਨ ਹੁੰਦੇ ਹੀ ਦੁਪਹਿਰ ਮਗਰੋਂ ਇਕਦਮ ਪੂਰਾ ਪ੍ਰਸ਼ਾਸਨ ਹਰਕਤ ਵਿਚ ਆ ਗਿਆ। ਹਸਪਤਾਲਾਂ ਵਿਚਲੇ ਦਫ਼ਤਰਾਂ ’ਚੋਂ ਕੈਲੰਡਰ ਉਤਾਰ ਦਿੱਤੇ ਗਏ ਹਨ। ਮਿੰਨੀ ਸਕੱਤਰੇਤ ਦੇ ਸਾਰੇ ਦਫ਼ਤਰ ਵਿਚ ਅੱਜ ਕਿਧਰੇ ਪੁਰਾਣਾ ਸਰਕਾਰੀ ਕੈਲੰਡਰ ਨਹੀਂ ਦਿਸਿਆ।
ਸਿਵਲ ਸਰਜਨ ਡਾ.ਐਮ.ਐਸ.ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਦਰਜਨ ਐਂਬੂਲੈਂਸਾਂ ਹਨ ਜਿਨ੍ਹਾਂ ਤੋਂ ਤਸਵੀਰਾਂ ਉਤਾਰਨ ਦੇ ਹੁਕਮ ਦਿੱਤੇ ਗਏ ਹਨ। ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹੀ ਜ਼ਿਲ੍ਹਾਂ ਪ੍ਰਸ਼ਾਸਨ ਕੋਲ 30 ਸ਼ਿਕਾਇਤਾਂ ਪੁੱਜ ਗਈਆਂ ਸਨ। ਪਾਵਰਕੌਮ ਨੇ ਵੀ ਅੱਜ ਜ਼ੁਬਾਨੀ ਹੁਕਮ ਕਰਕੇ ਬਿਜਲੀ ਦੇ ਖੰਭਿਆਂ ਅਤੇ ਇਮਾਰਤਾਂ ਤੋਂ ਸਿਆਸੀ ਪੋਸਟਰ ਉਤਾਰਨ ਦੇ ਹੁਕਮ ਜਾਰੀ ਕੀਤੇ ਹਨ। ਪੱਛਮੀ ਜ਼ੋਨ ਦੇ ਚੀਫ਼ ਇੰਜੀਨੀਅਰ ਐਮ.ਐਸ.ਬਰਾੜ ਨੇ ਦੱਸਿਆ ਕਿ ਮਾਡਲ ਕੋਡ ਆਫ ਕੰਡਕਟ ਲਾਗੂ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ। ਪਾਵਰਕੌਮ ਦੇ ਅਫਸਰਾਂ ਨੇ ਚੋਣ ਜ਼ਾਬਤਾ ਲੱਗਣ ਮਗਰੋਂ ਸੁੱਖ ਦਾ ਸਾਹ ਲਿਆ। ਮਾਲਵਾ ਖ਼ਿੱਤੇ ਵਿਚ 1 ਜੂਨ ਤੋਂ ਹੁਣ ਤੱਕ 42 ਹਜ਼ਾਰ ਟਿਊਬਵੈੱਲ ਕੁਨੈਕਸ਼ਨ ਦਿੱਤੇ ਗਏ ਹਨ ਜਿਨ੍ਹਾਂ ਨੇ ਪਾਵਰਕੌਮ ਦੇ ਅਫਸਰਾਂ ਦੀ ਨੀਂਦ ਉਡਾਈ ਹੋਈ ਸੀ। ਇਸੇ ਤਰ੍ਹਾਂ ਚੋਣ ਜ਼ਾਬਤੇ ਤੋਂ ਪਹਿਲਾਂ ਮੁੱਖ ਮੰਤਰੀ ਵਲੋਂ ਸੰਗਤ ਦਰਸ਼ਨਾਂ ਵਿਚ ਬਠਿੰਡਾ ਜ਼ਿਲ੍ਹੇ ਦੇ ਹਲਕਾ ਬਠਿੰਡਾ ਦਿਹਾਤੀ ਅਤੇ ਭੁੱਚੋ ਨੂੰ 14 ਕਰੋੜ ਦੇ ਫੰਡ ਦਿੱਤੇ ਗਏ ਸਨ, ਉਨ੍ਹਾਂ ਦੇ ਕੰਮ ਚਾਲੂ ਕਰਾਏ ਗਏ।
ਜ਼ਿਲ੍ਹਾ ਚੋਣ ਅਫਸਰ ਘਣਸ਼ਿਆਮ ਥੋਰੀ ਨੇ ਅੱਜ ਜ਼ਿਲ੍ਹੇ ਭਰ ਦੇ ਅਫਸਰਾਂ ਨੂੰ ਕੋਡ ਆਫ ਕੰਡਕਟ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਦੂਸਰੇ ਰਾਜਾਂ ਦੇ ਸੱਤ ਅਬਜ਼ਰਵਰ ਤਾਇਨਾਤ ਹੋਣੇ ਹਨ। ਸਰਕਾਰੀ ਇਮਾਰਤਾਂ ਤੋਂ 99 ਫੀਸਦੀ ਸਰਕਾਰੀ ਤੇ ਸਿਆਸੀ ਪੋਸਟਰ ਉਤਾਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਭਲਕੇ ਸਿਆਸੀ ਧਿਰਾਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਚੋਣ ਜ਼ਾਬਤਾ ਲੱਗਣ ਨਾਲ ਹੀ ਮੁੱਖ ਮੰਤਰੀ ਤੀਰਥ ਯਾਤਰਾ ਨੂੰ ਵੀ ਬਰੇਕ ਲੱਗ ਗਈ ਹੈ। ਪੀ.ਆਰ.ਟੀ.ਸੀ. ਮੁਲਾਜ਼ਮ ਯੂਨੀਅਨ ਦੇ ਨਿਰਮਲ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਚੋਣ ਜ਼ਾਬਤਾ ਪਹਿਲਾਂ ਲੱਗ ਜਾਂਦਾ ਤਾਂ ਘੱਟੋ ਘੱਟੋ ਕਾਰਪੋਰੇਸ਼ਨ ਦਾ ਥੋੜਾ ਮਾਲੀ ਬਚਾਓ ਹੋ ਜਾਣਾ ਸੀ।
ਸ੍ਰੀ ਮੁਕਤਸਰ ਸਾਹਿਬ(ਨਿੱਜੀ ਪੱਤਰ ਪ੍ਰੇਰਕ): ਦੁਪਹਿਰ ਵੇਲੇ ਚੋਣ ਜ਼ਾਬਤੇ ਦਾ ਐਲਾਨ ਹੋਇਆ ਤੇ ਨਾਲੋ-ਨਾਲ ਪ੍ਰਸ਼ਾਸਨ ਹਰਕਤ ਵਿਚ ਆ ਗਿਆ। ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਕਰਦਿਆਂ ਸਰਕਾਰੀ ਇਮਾਰਤਾਂ ‘ਚ ਲੱਗੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਸਣੇ ਹੋਰ ਮੰਤਰੀਆਂ ਦੀਆਂ ਤਸਵੀਰਾਂ ਅਤੇ ਸਰਕਾਰ ਦੀ ਕਾਰਗੁਜ਼ਾਰੀ ਦਰਸਾਉਂਦੇ ਫਲੈਕਸ ਲਾਹੁਣ ਦੀ ਕਾਰਵਾਈ ਸ਼ੁਰੂ ਹੋ ਗਈ। ਮੁਕਤਸਰ ਦੇ ਡਿਪਟੀ ਕਮਿਸ਼ਨਰ ਦਫਤਰ ’ਚ ‘ਸੇਵਾ ਕੇਂਦਰ’ ਮੂਹਰੇ ਲੱਗੇ ਵੱਢ ਆਕਾਰ ਫਲੈਕਸ ਸਣੇ ਹੋਰ ਦਫਤਰਾਂ ’ਚ ਲੱਗੇ ਫਲੈਕਸ ਲਾਹ ਦਿੱਤੇ ਗਏ। ਦਫਤਰਾਂ ‘ਚ ਟੰਗੇ ਕੈਲੰਡਰ ਵੀ ਉਤਾਰ ਦਿੱਤੇ। ਕਈ ਨਾ ਲੱਥਣ ਵਾਲੇ ਇਸ਼ਤਿਹਾਰਾਂ ਨੂੰ ਢੱਕ ਦਿੱਤਾ ਗਿਆ। ਚੋਣ ਜ਼ਾਬਤਾ ਲੱਗਦਿਆਂ ਹੀ ਡਿਪਟੀ ਕਮਿਸ਼ਨਰ ਦਫਤਰ ’ਚ ਨਵੇਂ ਅਸਲਾ ਲਾਇਸੰਸ ਬਣਾਉਣ ਵਾਲਿਆਂ ਦੀ ਭਾਰੀ ਹਫੜਾ-ਦਫੜੀ ਵੇਖਣ ਨੂੰ ਮਿਲੀ। ਲੋਕਾਂ ਪ੍ਰੇਸ਼ਾਨ ਹਾਲਤ ‘ਚ ਆਪਣੇ ਲਾਇਸੰਸ ਬਾਰੇ ਪਤਾ ਕਰ ਰਹੇ ਸਨ ਪਰ ਸਬੰਧਤ ਕਰਮਚਾਰੀਆਂ ਨੇ ਚੋਣ ਜ਼ਾਬਤਾ ਲੱਗਣ ਦੇ ਸਮੇਂ ਤੋਂ ਬਾਅਦ ਨਵੇਂ ਲਾਇਸੰਸ ਦਾ ਕੰਪਿਊਟਰੀਕਰਨ ਬੰਦ ਕਰ ਦਿੱਤਾ। ਇਕ ਅਧਿਕਾਰੀ ਨੇ ਕਿਹਾ ਕਿ ਆਦਰਸ਼ਨ ਚੋਣ ਜ਼ਾਬਤੇ ਨੇ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਮਨਾਂ ਤੋਂ ਸਿਆਸੀ ਅਧਿਕਾਰੀਆਂ ਦਾ ਬੋਝ ਲਾਹ ਦਿੱਤਾ ਪਰ ਨਾਲ ਹੀ ਚੋਣਾਂ ਦੇ ਮਿਤੀਬੱਧ ਤੇ ਭਾਰੀ ਜ਼ਿੰਮੇਵਾਰੀ ਵਾਲੇ ਕੰਮ ਦਾ ਬੋਝ ਚੜ੍ਹਾ ਦਿੱਤਾ ਹੈ। ਇਸ ਦੌਰਾਨ ਮੁਕਤਸਰ ਦੇ ਰਿਟਰਨਿੰਗ ਅਫਸਰ-ਕਮ-ਐਸ ਡੀ ਐਮ ਰਾਮ ਸਿੰਘ ਨੇ ਦੱਸਿਆ ਕਿ ਆਦਰਸ਼ਨ ਚੋਣ ਜ਼ਾਬਤੇ ਦੀ ਪਾਲਣਾ ਸ਼ੁਰੂ ਹੋ ਗਈ ਹੈ। ਦਫਤਰਾਂ ’ਚ ‘ਸਫਾਈ’ ਚਾਲੂ ਹੈ ਤੇ ਇਕ-ਦੋ ਦਿਨਾਂ ‘ਚ ਸ਼ਹਿਰ ਤੇ ਪਿੰਡਾਂ ‘ਚ ਵੀ ਕਰ ਦਿੱਤੀ ਜਾਵੇਗੀ। ਹੁਣ ਪ੍ਰਚਾਰ ਦਾ ਪਾਈ-ਪਾਈ ਖਰਚਾ ਉਮੀਦਵਾਰ ਦੇ ਖਰਚੇ ‘ਚ ਸ਼ਾਮਲ ਹੋਵੇਗਾ।
(we are thankful to punjabi tribune)