best platform for news and views

ਫ਼ਰੀਦਕੋਟ ਜਿਲੇ ਦੇ ਦੋ ਮੌਜ਼ੂਦਾ ਵਿਧਾਇਕਾਂ ਨੂੰ ਟਿਕਟ ਤੋਂ ਇਨਕਾਰ-ਲੋਕਾਂ ਦੇ ਦੋਸ਼ਾਂ ‘ਤੇ ਅਕਾਲੀ ਤੇ ਕਾਂਗਰਸੀਆਂ ਨੇ ਲਾਈ ਮੋਹਰ

Please Click here for Share This News

ਜਸਵੰਤ ਜੱਸ

ਫਰੀਦਕੋਟ – ਫ਼ਰੀਦਕੋਟ ਜਿਲੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚੋਂ ਇਸ ਵਾਰੀ ਦੋ ਮੌਜ਼ੂਦਾ ਵਿਧਾਇਕਾਂ ਨੂੰ ਪਾਰਟੀਆਂ ਨੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸ਼ਰਾਬ ਦੇ ਉੱਘੇ ਕਾਰੋਬਾਰੀ ਵਿਧਾਇਕ ਦੀਪ ਮਲਹੋਤਰਾ ਨੂੰ ਅਕਾਲੀ ਦਲ ਨੇ ਟਿਕਟ ਦੇਣ ਦੀ ਥਾਂ ਨੌਜਵਾਨ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਟਿਕਟ ਨਾਲ ਨਿਵਾਜਿਆ ਹੈ। ਦੂਜੇ ਪਾਸੇ ਜੈਤੋ ਦੇ ਮੌਜ਼ੂਦਾ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਨਹੀਂ ਦਿੱਤੀ ਅਤੇ ਉਸ ਨੂੰ ਮਲੋਟ ਹਲਕਾ ਦੇਣ ਤੋਂ ਜਵਾਬ ਮਿਲ ਗਿਆ ਹੈ। ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਨੇ ਟਿਕਟਾਂ ਦੀ ਵੰਡ ਤੋਂ ਪਹਿਲਾਂ ਟਿਕਟ ਦੇ ਦਾਅਵੇਦਾਰਾਂ ਬਾਰੇ ਸਰਵੇ ਕਰਵਾਇਆ ਸੀ ਜਿਸ ਵਿੱਚ ਜੋਗਿੰਦਰ ਸਿੰਘ ਦੀ ਕਾਰਗੁਜ਼ਾਰੀ ਨੂੰ ਬੇਹੱਦ ਕਮਜ਼ੋਰ ਦੱਸਿਆ ਗਿਆ ਸੀ ਅਤੇ ਉਸ ਉਪਰ ਪਾਰਟੀ ਵਰਕਰਾਂ ਨਾਲ ਦੁਰਵਿਹਾਰ ਕਰਨ ਅਤੇ ਉਹਨਾਂ ਤੋਂ ਦੂਰੀ ਬਣਾ ਕੇ ਰੱਖਣ ਵਰਗੇ ਦੇ ਦੋਸ਼ ਵੀ ਸ਼ਾਮਿਲ ਸਨ। ਇਸੇ ਤਰ•ਾਂ ਵਿਧਾਇਕ ਦੀਪ ਮਲਹੋਤਰਾ ਨੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਹਲਕੇ ਵੱਲ ਧਿਆਨ ਦੇਣ ਦੀ ਥਾਂ ਆਪਣੇ ਵਪਾਰਿਕ ਹਿੱਤਾਂ ਨੂੰ ਹੀ ਜ਼ਿਆਦਾ ਪਹਿਲ ਦਿੱਤੀ ਜਿਸ ਕਰਕੇ ਅਕਾਲੀ ਦਲ ਦੇ ਬਹੁਤੇ ਵਰਕਰ ਦੀਪ ਮਲਹੋਤਰਾ ਨਾਲ ਨਿਰਾਸ਼ ਚੱਲ ਰਹੇ ਸਨ ਅਤੇ ਇਹ ਪੂਰਾ ਮਾਮਲਾ ਅਕਾਲੀ ਲੀਡਰਸ਼ਿਪ ਦੇ ਧਿਆਨ ਵਿੱਚ ਸੀ। ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਂ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਮੰਨੇ ਜਾਂਦੇ ਹਨ ਅਤੇ ਉਹਨਾਂ ਨੇ ਲਗਾਤਾਰ ਦੋ ਵਾਰ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਨੂੰ ਹਰਾਇਆ ਹੈ। ਪਰੰਤੂ ਇਸ ਵਾਰ ਉਹ ਆਪਣੀਆਂ ਸਰਗਰਮੀਆਂ ਤੋਂ ਪਾਰਟੀ ਹਾਈਕਮਾਂਡ ਨੂੰ ਖੁਸ਼ ਨਹੀਂ ਕਰ ਸਕੇ। ਵਿਧਾਇਕ ਦੀਪ ਮਲਹੋਤਰਾ ਵੀ ਸੁਖਬੀਰ ਬਾਦਲ ਦੇ ਕਰੀਬੀਆਂ ਵਿੱਚੋਂ ਮੰਨੇ ਜਾ ਰਹੇ ਸਨ ਪਰੰਤੂ ਵਰਕਰਾਂ ਤੋਂ ਦੂਰੀ ਨੇ ਦੀਪ ਮਲਹੋਤਰਾ ਨੂੰ ਟਿਕਟ ਤੋਂ ਵਾਂਝੇ ਕਰ ਦਿੱਤਾ।ਵਿਧਾਇਕ ਦੀਪ ਮਲਹੋਤਰਾ ਨੇ ਟਿਕਟ ਨਾ ਮਿਲਣ ਦੇ ਫੈਸਲੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਪਾਰਟੀ ਦੇ ਫੈਸਲੇ ਦਾ ਸੁਆਗਤ ਕਰਦੇ ਹਨ। ਇਸ ਦੇ ਨਾਲ ਹੀ ਵਿਧਾਇਕ ਦੀਪ ਮਲਹੋਤਰਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਫਰੀਦਕੋਟ ਤੋਂ ਇਲਾਵਾ ਕਿਸੇ ਵੀ ਹੋਰ ਹਲਕੇ ਤੋਂ ਚੋਣ ਨਹੀਂ ਲੜਣਗੇ। ਜਦੋਂ ਕਿ ਜੋਗਿੰਦਰ ਸਿੰਘ ਪੰਜਗਰਾਈਂ ਨੂੰ ਟਿਕਟ ਨਾ ਮਿਲਣ ਤੋਂ ਬਾਅਦ ਉਹਨਾਂ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਕਾਂਗਰਸ ਦੇ ਸੂਬਾ ਜਨਰਲ ਸਕੱਤਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਹਨਾਂ ਵਰਕਰਾਂ ਨੂੰ ਹੀ ਟਿਕਟ ਦਿੱਤੀ ਹੈ ਜੋ ਹਰ ਹਾਲਤ ਵਿੱਚ ਚੋਣ ਜਿੱਤਣ ਦੇ ਕਾਬਲ ਹਨ। ਸਾਂਸਦ ਪ੍ਰੋ. ਸਾਧੂ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਵਿਧਾਇਕ ਚੋਣਾਂ ਜਿੱਤਣ ਤੋਂ ਬਾਅਦ ਲੋਕਾਂ ਤੋਂ ਦੂਰੀ ਬਣਾ ਕੇ ਚੱਲੇ ਅਤੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਉਹਨਾ ਕਿਹਾ ਕਿ ਹੁਣ ਇਹਨਾਂ ਵਿਧਾਇਕਾਂ ਦੀਆਂ ਟਿਕਟਾਂ ਕੱਟ ਕੇ ਦੋਹਾਂ ਪਾਰਟੀਆਂ ਨੇ ਲੋਕਾਂ ਦੇ ਦੋਸ਼ਾਂ ਉੱਪਰ ਮੋਹਰ ਲਾ ਦਿੱਤੀ ਹੈ। ਉਹਨਾਂ ਕਿਹਾ ਕਿ ਇਹਨਾਂ ਦੋਹਾਂ ਪਾਰਟੀਆਂ ਦੇ ਨਵੇਂ ਉਮੀਦਵਾਰਾਂ ‘ਤੇ ਲੋਕ ਭਰੋਸਾ ਨਹੀਂ ਕਰਨਗੇ।(ਪੰਜਾਬੀ ਟ੍ਰਿਬਿਊਨ ਵਿਚੋਂ ਧੰਨਵਾਦ ਸਹਿਤ)

Please Click here for Share This News

Leave a Reply

Your email address will not be published.