ਭਿੱਖੀਵਿੰਡ, 11 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)- ਪੰਜਾਬ ਸਰਕਾਰ ਵੱਲੋਂ ਡੀ.ਟੀ.ੳ. ਦੀਆਂ ਪੋਸਟਾਂ ਖਤਮ ਕਰਕੇ ਟਰਾਂਸਪੋਰਟ ਦਾ ਕੰਮ ਆਰ.ਟੀ.ਏ ਦੇ ਹਵਾਲੇ ਕਰ ਦਿੱਤੇ ਜਾਣ ਦੇ ਖਿਲਾਫ ਮਿੰਨੀ ਬੱਸ ਉਪਰੇਟਰ ਯੂਨੀਅਨ ਪ੍ਰਧਾਨ ਜੁਗਰਾਜ ਸਿੰਘ ਡਲੀਰੀ ਦੀ ਅਗਵਾਈ ਹੇਠ ਮੀਤ ਪ੍ਰਧਾਨ ਗੁਰਸੇਵਕ ਸਿੰਘ, ਸੈਕਟਰੀ ਰੂਪ ਸਿੰਘ ਮੱਦਰ, ਗੁਰਬਿੰਦਰ ਸਿੰਘ, ਪ੍ਰਤਾਪ ਸਿੰਘ ਵਾਂ, ਬਲਜੀਤ ਸਿੰਘ ਲਹੁਕਾ, ਸਕੱਤਰ ਸਿੰਘ ਖਾਲੜਾ, ਰੇਸ਼ਮ ਸਿੰਘ ਨਾਰਲਾ, ਸਤਨਾਮ ਸਿੰਘ, ਸੇਵਕ ਸਿੰਘ, ਗੁਲਾਬ ਸਿੰਘ ਆਦਿ ਦਾ ਵਫਦ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ ਗਿਆ। ਇਸ ਮੰਗ ਪੱਤਰ ਵਿਚ ਮਿੰਨੀ ਬੱਸ ਉਪਰੇਟਰ ਯੂਨੀਅਨ ਨੇ ਪੰਜਾਬ ਸਰਕਾਰ ਦਾ ਧਿਆਨ ਦਿਵਾਉਦਿਆਂ ਕਿਹਾ ਕਿ ਕਿ ਡੀ.ਟੀ.ੳ. ਦਫਤਰ ਨੂੰ ਭੰਗ ਕਰਕੇ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਅੰਮ੍ਰਿਤਸਰ ਨਾਲ ਜੋੜ ਦਿੱਤੇ ਜਾਣ ਕਰਕੇ ਟਰਾਂਸਪੋਰਟ ਧੰਦੇ ਨਾਲ ਜੁੜੇ ਲੋਕਾਂ ਨੂੰ ਕੰਮ ਕਰਵਾਉਣ ਲਈ ਤਰਨ ਤਾਰਨ ਦੀ ਬਜਾਏ ਅੰਮ੍ਰਿਤਸਰ ਵਿਖੇ ਜਾਣਾ ਪੈ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਪਰੋਕਤ ਮਿੰਨੀ ਬੱਸ ਉਪਰੇਟਰ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਹਿਲਾਂ ਦੀ ਤਰ੍ਹਾਂ ਜਿਲ੍ਹਾ ਵਾਈਜ ਡੀ.ਟੀ.ੳ. ਤੈਨਾਤ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
