ਮੋਗਾ (ਸਵਰਨ ਗੁਲਾਟੀ): ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋਂ ਵੋਟਰਾਂ ਨੂੰ ਵੋਟ ਦੇ ਹੱਕ ਲਈ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਮਤਦਾਨ ਲਈ ਪ੍ਰੇਰਿਤ ਕਰਨ ਲਈ ਇੱਕ ਨਿਵੇਕਲੀ ਪਹਿਲ ਕੀਤੀ ਗਈ ਹੈ। ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਵੀਨ ਕੁਮਾਰ ਥਿੰਦ ਆਈ.ਏ.ਐਸ. ਦੀ ਦੇਖ-ਰੇਖ ਹੇਠ ਆਰੰਭੀ ਗਈ ਇਸ ਪਹਿਲ-ਕਦਮੀ ਤਹਿਤ ਜ਼ਿਲ੍ਹੇ ਦੇ ਹੋਟਲਾਂ/ਰੈਸਟੋਰੈਂਟਾਂ ਆਦਿ ਥਾਂਵਾਂ ‘ਤੇ ਸੁੰਦਰ ਅਤੇ ਆਕਰਸ਼ਕ ਰੰਗਾਂ ਵਿੱਚ ਪ੍ਰੇਰਣਾਦਾਇਕ ਪੋਸਟਰ ਲਗਵਾਏ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਹੋਟਲ ਬਿਗ ਬਿਨ ਵਿਖੇ ਹੋਟਲ ਦੀਆਂ ਦੀਵਾਰਾਂ ‘ਤੇ ਜਾਗਰੂਕਤਾ ਪੋਸਟਰ ਲਗਾਏ ਗਏ ਅਤੇ ਟੇਬਲਾਂ ‘ਤੇ ਜਾਗਰੂਕਤਾ ਟੈਂਟ ਕਾਰਡ ਵੀ ਡਿਸਪਲੇਅ ਕੀਤੇ ਗਏ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਜੇ ਕੁਮਾਰ ਸੂਦ, ਸਹਾਇਕ ਕਮਿਸ਼ਨਰ ਡਾ: ਪਾਲਿਕਾ ਅਰੋੜਾ ਅਤੇ ਐਸ.ਡੀ.ਐਮ ਮੋਗਾ ਚਰਨਦੀਪ ਸਿੰਘ ਵੀ ਮੌਜੂਦ ਸਨ।
ਇਸ ਬਾਰੇ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪ੍ਰਵੀਨ ਕੁਮਾਰ ਥਿੰਦ ਨੇ ਹੋਟਲ ਐਂਡ ਰੈਸਟੋਰੈਂਟ ਅਤੇ ਗੰਨ ਹਾਊਸ ਦੇ ਮਾਲਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵੋਟਰ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ ਜ਼ਿਲ੍ਹੇ ‘ਚ ਵੋਟ ਪ੍ਰਤੀਸ਼ਤਤਾ ਵਧਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਗੰਭੀਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਜ਼ਿਲ੍ਹੇ ਦੇ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਮਤਦਾਨ ਕਰਨ ਲਈ ਪ੍ਰੇਰਿਤ ਕਰਨ ਲਈ ਇਸ ਨਿਵੇਕਲੇ ਉੱਦਮ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ਟੀ-ਸ਼ਰਟਾਂ, ਸਟਿੱਕਰਾਂ, ਬੈਨਰਾਂ, ਫ਼ਲੈਕਸਾਂ, ਟੈਂਟ ਕਾਰਡਾਂ ਅਤੇ ਕਾਪੀਆਂ ਆਦਿ ਰਾਹੀਂ ਵੋਟਰਾਂ ਨੂੰ ਵੋਟ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋਂ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਖਾਣ-ਪੀਣ ਦੀਆਂ ਵਸਤਾਂ ‘ਤੇ ਛੋਟ ਦੇਣ ਲਈ ਸਹਿਮਤੀ ਵੀ ਪ੍ਰਗਟਾਈ।