best platform for news and views

ਜ਼ਿਲਾ ਬਿਊਰੋ ਬੇ-ਰੋਜ਼ਗਾਰਾਂ ਦੀ ਕਰੇਗੀ ਸਹਾੲਿਤਾ

Please Click here for Share This News

ਚੰਡੀਗੜ੍ਹ, 10 ਸਤੰਬਰ- ‘ਘਰ ਘਰ ਰੋਜ਼ਗਾਰ’ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਜ਼ਿਲ੍ਹਾ ਬਿਊਰੋ ਰੋਜ਼ਗਾਰ ਅਤੇ ਐਂਟਰਪ੍ਰਾਈਜ਼ਿਜ਼ ਦਫਤਰ ਨੌਜਵਾਨਾਂ ਨੂੰ ਵਧੇਰੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਵਿਚ ਸਹਾਇਤਾ ਪ੍ਰਦਾਨ ਕਰਨਗੇ। ਇਸ ਦੇ ਨਾਲ ਹੀ ਆਪਣਾ ਵਪਾਰ ਸ਼ੁਰੂ ਕਰਨ, ਹੁਨਰ ਸਿਖਲਾਈ ਪ੍ਰਾਪਤ ਕਰਨ ਅਤੇ ਵਿਦੇਸ਼ਾਂ ਵਿਚ ਰੋਜ਼ਗਾਰ ਪ੍ਰਾਪਤ ਕਰਨ ਵਿਚ ਵੀ ਇਹ ਬਿਊਰੋ ਨੌਜਵਾਨਾਂ ਦੀ ਸਹਾਇਤਾ ਕਰਨਗੇ ਤਾਂ ਜੋ ‘ਘਰ ਘਰ ਰੋਜ਼ਗਾਰ’ ਮਿਸ਼ਨ ਤਹਿਤ ਹਰੇਕ ਘਰ ਦੇ ਯੋਗ ਨੌਜਵਾਨ ਨੂੰ ਨੌਕਰੀ ਦੇਣ ਦੇ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਜਾ ਸਕੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਬਿਊਰੋ ਇਕੋ ਥਾਂ ਰੋਜ਼ਗਾਰ ਸਬੰਧੀ ਸਾਰੀਆਂ ਸੁਵਿਧਾਵਾਂ ਪ੍ਰਦਾਨ ਕਰਨਗੇ ਜਿੱਥੇ ਵਿਦੇਸ਼ਾਂ ਵਿਚ ਰੋਜ਼ਗਾਰ, ਹੁਨਰ ਸਿਖਲਾਈ, ਸਵੈ-ਰੋਜ਼ਗਾਰ ਅਤੇ ਉੱਦਮੀਆਂ ਦੇ ਵਿਕਾਸ ਵਰਗੇ ਮਹੱਤਵਪੂਰਣ ਕੰਮ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਬਿਊਰੋ ਸਾਰੇ ਵਿਭਾਗਾਂ ਨਾਲ ਤਾਲਮੇਲ ਰੱਖਣਗੇ ਤਾਂ ਜੋ ਕੇਂਦਰੀ ਅਤੇ ਸੂਬਾਈ ਸਕੀਮਾਂ ਨੂੰ ਸਾਰਥਕ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ ਅਤੇ ਇਨ੍ਹਾਂ ਸਕੀਮਾਂ ਦੀ ਸਮੇਂ-ਸਮੇਂ ‘ਤੇ ਸਮੀਖਿਆ ਵੀ ਕੀਤੀ ਜਾ ਸਕੇ।
ਬਿਊਰੋ ਦੇ ਕੰਮਕਾਰ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਹ ਬਿਊਰੋ ਰੋਜ਼ਗਾਰਦਾਤਿਆਂ ਅਤੇ ਨੌਕਰੀ ਦੇ ਚਾਹਵਾਨ ਨੌਜਵਾਨਾਂ ਵਿਚਕਾਰ ਇਕ ਪੁਲ ਦਾ ਕੰਮ ਕਰੇਗਾ ਜਿੱਥੇ ਆਧੁਨਿਕ ਅਤੇ ਰਵਾਇਤੀ ਤਰੀਕਿਆਂ ਨਾਲ ਦੋਵਾਂ ਧਿਰਾਂ ਵਿਚਕਾਰ ਤਾਲਮੇਲ ਬਣਾ ਕੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਿਊਰੋ ਇਹ ਵੀ ਸੁਨਿਸ਼ਚਿਤ ਕਰੇਗਾ ਕਿ ਰੋਜ਼ਗਾਰਦਾਤਿਆਂ ਨੂੰ ਉਨ੍ਹਾਂ ਦੀ ਪਸੰਦ ਅਤੇ ਤਕਨੀਕ ਵਾਲੇ ਹੁਨਰਮੰਦ ਨੌਜਵਾਨ ਮਿਲਣ ਅਤੇ ਇਸੇ ਤਰ੍ਹਾਂ ਨੌਕਰੀ ਪ੍ਰਾਪਤ ਕਰਨ ਵਾਲੇ ਨੌਜਵਾਨ ਵੀ ਕਿਸੇ ਨਾ ਕਿਸੇ ਹੁਨਰ ਦੇ ਮਾਹਿਰ ਹੋਣ। ਬਿਊਰੋ ਨੌਜਵਾਨਾਂ ਨੂੰ ਹੁਨਰ ਪ੍ਰਾਪਤੀ ਲਈ ਅਤੇ ਸਵੈ-ਰੋਜ਼ਗਾਰ ਲਈ ਵੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਕੇਂਦਰੀ ਅਤੇ ਸੂਬਾਈ ਸਕੀਮਾਂ ਤਹਿਤ ਪੇਸ਼ੇਵਰ ਸਿਖਲਾਈ ਲੈਣ ਵਿਚ ਵੀ ਸਹਾਇਤਾ ਦੇਵੇਗਾ। ਜਿਹੜੇ ਨੌਜਵਾਨ ਵਿਦੇਸ਼ਾਂ ਵਿਚ ਨੌਕਰੀ ਕਰਨ ਦੀ ਇੱਛਾ ਰੱਖਦੇ ਹੋਣਗੇ, ਬਿਊਰੋ ਅਜਿਹੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਨੌਕਰੀਆਂ ਦੇ ਮੌਕਿਆਂ, ਲੋੜੀਂਦੇ ਹੁਨਰ ਅਤੇ ਕਿਹੋ-ਜਿਹੀਆਂ ਕਲੀਅਰੈਸਾਂ ਚਾਹੀਦੀਆਂ ਹਨ, ਸਬੰਧੀ ਵੀ ਜਾਣਕਾਰੀ ਅਤੇ ਕੌਂਸਲਿੰਗ ਪ੍ਰਦਾਨ ਕਰੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਦੇ ਨਾਲ ਹੀ ਬਿਊਰੋ ਵੱਖ-ਵੱਖ ਵਿਦਿਅਕ ਸੰਸਥਾਵਾਂ ਅਤੇ ਹੁਨਰ ਸਿਖਲਾਈ ਏਜੰਸੀਆਂ ਨਾਲ ਵੀ ਸਾਂਝੇਦਾਰੀ ਅਤੇ ਰਾਬਤਾ ਬਣਾ ਕੇ ਰੱਖੇਗਾ ਜਿਨ੍ਹਾਂ ਰਾਹੀਂ ਹੁਨਰ ਸਿਖਲਾਈ, ਰੋਜ਼ਗਾਰ ਪ੍ਰਾਪਤੀ ਅਤੇ ਆਪਣੇ ਕੰਮ ਸ਼ੁਰੂ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਰੋਜ਼ਗਾਰ ਪ੍ਰਾਪਤੀ ਵਿਚ ਵੀ ਬਿਊਰੋ ਪੂਰੀ-ਪੂਰੀ ਮਦਦ ਕਰੇਗਾ ਅਤੇ ਦੱਸੇਗਾ ਕਿ ਖੇਤੀ ਅਤੇ ਸਹਾਇਕ ਧੰਦਿਆਂ ਵਿਚ ਮੌਜੂਦਾ ਸਮੇਂ ਕੀ-ਕੀ ਗਤੀਵਿਧੀਆਂ ਲਾਭਕਾਰੀ ਹਨ।
ਉਨ੍ਹਾਂ ਦੱਸਿਆ ਕਿ ਆਧੁਨਿਕ ਤਕਨੀਕਾਂ ਦੀ ਮਦਦ ਲੈਂਦਿਆਂ ਬਿਊਰੋ ਡਿਜੀਟਲ ਤਕਨੀਕਾਂ ਦੀ ਵੀ ਵਰਤੋਂ ਕਰੇਗਾ ਅਤੇ ਸਾਰੀਆਂ ਸਰਕਾਰੀ ਤੇ ਵੱਖ-ਵੱਖ ਸੰਸਥਾਵਾਂ ਵਿਚ ਨਿਕਲੀਆਂ ਨੌਕਰੀਆਂ ਨੂੰ ਵੈੱਬਸਾਈਟਾਂ ਅਤੇ ਅਜਿਹੇ ਹੋਰ ਆਧੁਨਿਕ ਮਾਧਿਅਮਾਂ ਰਾਹੀਂ ਪ੍ਰਚਾਰਿਆਂ ਜਾਵੇਗਾ।
ਬਿਊਰੋ ਦੇ ਸੰਸਥਾਤਮਕ ਢਾਂਚੇ ਦੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਰਾਜ ਪੱਧਰੀ ਅਪੈਕਸ ਕਮੇਟੀ ਵਿਚ 21 ਮੈਂਬਰ ਹੋਣਗੇ ਜਿਸ ਵਿਚ 5 ਨੁਮਾਇੰਦੇ ਉਦਯੋਗਾਂ ਤੋਂ ਹੋਣਗੇ ਅਤੇ ਮੁੱਖ ਸਕੱਤਰ ਇਸ ਦੇ ਚੇਅਰਪਰਸਨ ਹੋਣਗੇ। ਹਰੇਕ ਜ਼ਿਲ੍ਹਾ ਬਿਊਰੋ ਦੀ ਇਕ ਗਵਰਨਿੰਗ ਕੌਂਸਲ ਹੋਵੇਗੀ ਜਿਸ ਵਿਚ ਡਿਪਟੀ ਕਮਿਸ਼ਨਰ ਦੇ ਚੇਅਰਪਰਸਨ ਹੋਣ ਸਮੇਤ 16 ਮੈਂਬਰ ਹੋਣਗੇ, ਵਧੀਕ ਡਿਪਟੀ ਕਮਿਸ਼ਨਰ ਵਾਈਸ ਚੇਅਰਮੈਨ ਕਮ ਸੀਈਓ ਅਤੇ ਇਕ ਡਿਪਟੀ ਸੀਈਓ ਹੋਵੇਗਾ।ਡਿਪਟੀ ਸੀਈਓ ਇਕ ਪੇਸ਼ੇਵਰ ਹੋਵੇਗਾ ਜੋ ਕਿ ਸੀਈਓ ਅਤੇ ਚੇਅਰਪਰਸਨ ਦੀ ਮਦਦ ਕਰੇਗਾ ਅਤੇ ਟੀਮ ਦਾ ਓਵਰਆਲ ਇੰਚਾਰਜ ਵੀ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਰਾਜ ਪੱਧਰੀ ਅਪੈਕਸ ਕਮੇਟੀ ਨੌਕਰੀਆਂ ਸਬੰਧੀ ਸੂਬੇ ਦੀ ਸਾਲਾਨਾ ਯੋਜਨਾ ਦਾ ਖਾਕਾ ਪ੍ਰਵਾਨ ਕਰੇਗੀ ਅਤੇ ਸਮੀਖਿਆ ਕਰੇਗੀ ਕਿ ਟੀਚਾ ਪ੍ਰਾਪਤੀ ਲਈ ਕੀ-ਕੀ ਯੋਜਵਾਨਾਂ ਅਮਲ ਵਿਚ ਲਿਆਂਦੀਆਂ ਜਾਣ। ਇਸ ਤੋਂ ਇਲਾਵਾ ਜ਼ਿਲ੍ਹਾ ਬਿਊਰੋਜ਼ ਦੇ ਕੰਮਕਾਜ ਦੀ ਮੋਨੀਟਰਿੰਗ, ਨਿਗਰਾਨੀ, ਸਲਾਹ ਦੇਣੀ ਅਤੇ ਸਮੀਖਿਆ ਵਰਗੇ ਮਹੱਤਵਪੂਰਣ ਕਾਰਜ ਵੀ ਰਾਜ ਪੱਧਰੀ ਕਮੇਟੀ ਹੀ ਕਰੇਗੀ। ਇਹ ਗਵਰਨਿੰਗ ਕੌਂਸਲ ਜਿੱਥੇ ਓਵਰਆਲ ਨਿਰਦੇਸ਼ ਦੇਵੇਗੀ ਉੱਥੇ ਹੀ ਜ਼ਿਲ੍ਹਾ ਬਿਊਰੋਜ਼ ਦੀ ਸਾਲਾਨਾ ਯੋਜਨਾ, ਸਾਲਾਨਾ ਬਜਟ ਅਤੇ ਦਿੱਤੀਆਂ ਨੌਕਰੀਆਂ ਦੀ ਸਮੀਖਿਆ ਵੀ ਕਰੇਗੀ।
ਇੱਥੇ ਦੱਸ ਦੇਈਏ ਕਿ ਬਿਊਰੋਜ਼ ਨੂੰ ਫੰਡ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਵਿਭਾਗ ਵੱਲੋਂ ਮੁਹੱਈਆ ਕਰਵਾਏ ਜਾਣਗੇ। ਉਂਝ ਬਿਊਰੋ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਬਦਲੇ ਰਾਜ ਪੱਧਰੀ ਕਮੇਟੀ ਦੀ ਮਨਜ਼ੂਰੀ ਲੈ ਕੇ ਨਾਂਮਾਤਰ ਫੀਸ ਰੱਖ ਸਕਦੀਆਂ ਹਨ ਪਰ ਬੇਰੋਜ਼ਗਾਰ ਐਸ.ਸੀ. ਅਤੇ ਓ.ਬੀ.ਸੀ. ਨੌਜਵਾਨਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।

Please Click here for Share This News

Leave a Reply

Your email address will not be published. Required fields are marked *