best platform for news and views

ਹੌਸਲੇ ਦੀ ਪ੍ਰਤੱਖ ਮਿਸਾਲ : ਜੀਰੋ ਤੋਂ ਹੀਰੋ ਬਣਿਆ ਕੈਨੇਡਾ ਦਾ ਅਰਬਪਤੀ ਹਰਿੰਦਰ ਸਿੰਗਲਾ

Please Click here for Share This News

ਬੇਹੱਦ ਮਿੱਠਬੋਲੜੇ ਅਤੇ ਮਿਹਨਤੀ ਇਨਸਾਨ ਹਰਿੰਦਰ ਸਿੰਗਲਾ ਕੈਨੇਡਾ ਵਿਚ ਹੀਰਿਆਂ ਦਾ ਕਾਰੋਬਾਰ ਵੱਡੇ ਪੱਧਰ ‘ਤੇ ਕਰ ਰਹੇ ਹਨ ਅਤੇ ਕੈਨੇਡਾ ਵਿਚ ਅਰਬਪਤੀ ਪੰਜਾਬੀ ਬਿਜਨਸਮੈਨ ਹਨ। ਹਰ ਇਕ ਵਿਅਕਤੀ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਰਿੰਦਰ ਸਿੰਗਲਾ ਦੀ ਜ਼ਿੰਦਗੀ ਹਰ ਮਿਹਨਤੀ ਵਿਕਅਤੀ ਲਈ ਪ੍ਰੇਰਨਾਸ੍ਰੋਤ ਅਤੇ ਉਤਸ਼ਾਹ ਪੈਦਾ ਕਰਦੀ ਹੈ।

ਪੰਜਾਬ ਦੇ ਜਿਲਾ ਸੰਗਰੂਰ ਦੇ ਜੰਮਪਲ ਹਰਿੰਦਰ ਸਿੰਗਲਾ ਨੇ ਚਾਰਟਡ ਅਕਾਊਂਟੈਂਟ (ਸੀ.ਏ.) ਦੀ ਪੜ੍ਹਾਈ ਕਰਨ ਪਿਛੋਂ 1982 ਵਿਚ ਆਪਣਾ ਕਾਰੋਬਾਰ ਸ਼ੁਰੂ ਕੀਤਾ। ਜਦੋਂ ਸ੍ਰੀ ਸਿੰਗਲਾ ਨੇ ਪੜ੍ਹਾਈ ਮੁਕੰਮਲ ਕਰਨ ਪਿਛੋਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਸ ਨੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਹੈ ਤਾਂ ਪਿਤਾ ਨੇ ਕਿਹਾ ਕਿ ਵਪਾਰ ਲਈ ਤਾਂ ਪੈਸਾ ਚਾਹੀਦਾ ਹੈ, ਪਰ ਆਪਣੇ ਕੋਲ ਪੈਸਾ ਨਹੀਂ ਹੈ। ਪਿਤਾ ਨੇ ਪੁੱਛਿਆ ਕਿ ਤੇਰੇ ਕੋਲ ਵਪਾਰ ਵਾਸਤੇ ਕਿੰਨੇ ਪੈਸੇ ਹਨ ਤਾਂ ਹਰਿੰਦਰ ਸਿੰਗਲਾ ਨੇ ਕਿਹਾ 200 ਰੁਪਏ ਹਨ। ਪਿਤਾ ਨੇ ਕਿਹਾ ਕਿ ਇੰਨੇ ਪੈਸਿਆਂ ਨਾਲ ਤਾਂ ਗੋਲਗੱਪਿਆਂ ਦੀ ਰੇਹੜੀ ਵੀ ਨਹੀਂ ਲਗਾਈ ਜਾਣੀ। ਇਸ ‘ਤੇ ਹਰਿੰਦਰ ਨੇ ਕਿਹਾ ਕਿ ਪਿਤਾ ਜੀ ਮੈਂ ਤਾਂ ਸਿਰਫ ਇਜਾਜਤ ਲੈਣੀ ਹੈ, ਬਾਕੀ ਪ੍ਰਬੰਧ ਆਪੇ ਹੋ ਜਾਵੇਗਾ। ਇਸ ‘ਤੇ ਪਿਤਾ ਜੀ ਨੇ ਵਪਾਰ ਕਰਨ ਦੀ ਇਜਾਜਤ ਦੇ ਦਿੱਤੀ। ਹਰਿੰਦਰ ਸਿੰਗਲਾ ਦੇ ਇਕ ਦੋਸਤ ਦੇ ਪਿਤਾ ਜੀ ਪੰਜਾਬ ਨੈਸ਼ਨਲ ਬੈਂਕ ਵਿਚ ਮੈਨੇਜਰ ਸਨ। ਇਸ ਲਈ ਉਨ੍ਹਾਂ ਨੇ ਦੋਸਤ ਦੇ ਪਿਤਾ ਨਾਲ ਗੱਲ ਕੀਤੀ ਅਤੇ ਬੈਂਕ ਪਾਸੋਂ ਕਰਜਾ ਲੈਣ ਬਾਰੇ ਸੋਚਿਆ। ਹਰਿੰਦਰ ਸਿੰਗਲਾ ਨੇ ਆਪਣਾ ਪ੍ਰੋਜੈਕਟ ਤਿਆਰ ਕਰਕੇ ਬੈਂਕ ਨੂੰ ਦਿੱਤਾ ਅਤੇ ਬੈਂਕ ਤੋਂ ਕਰਜਾ ਲੈ ਕੇ ਚੰਡੀਗੜ੍ਹ ਵਿਖੇ ਇਕ ਦਵਾਈਆਂ ਦੀ ਫੈਕਟਰੀ ਲਗਾ ਲਈ। ਇਸ ਫੈਕਟਰੀ ਵਿਚ ਉਨ੍ਹਾਂ ਨੇ ਆਪਣੇ ਇਕ ਸੀ.ਏ. ਦੋਸਤ ਨੂੰ ਹਿੱਸੇਦਾਰ ਬਣਾ ਲਿਆ। ਜਦੋਂ ਸਾਰੀਆਂ ਦਵਾਈਆਂ ਬਣਾਉਣੀਆਂ ਸ਼ੁਰੂ ਕਰ ਲਈਆਂ ਤਾਂ ਮਾਰਕੀਟਿੰਗ ਦੀ ਸਮੱਸਿਆ ਆ ਗਈ। ਹਰਿੰਦਰ ਸਿੰਗਲਾ ਦੇ ਹਿੱਸੇਦਾਰ ਦੋਸਤ ਦਾ ਭਰਾ ਦਵਾਈਆਂ ਦੀ ਇਕ ਵੱਡੀ ਕੰਪਨੀ ਵਿਚ ਮਾਰਕੀਟਿੰਗ ਮੈਨੇਜਰ ਸੀ। ਇਸ ਲਈ ਉਸ ਨੂੰ ਵੱਧ ਤਨਖਾਹ ਦਾ ਲਾਲਚ ਦੇ ਕੇ ਮਾਰਕੀਟਿੰਗ ਮੈਨੇਜਰ ਰੱਖ ਲਿਆ ਅਤੇ ਉਸ ਨੇ ਆਪਣੇ ਇਕ ਜੂਨੀਅਰ ਮਾਰਕੀਟਿੰਗ ਮੈਨੇਜਰ ਨੂੰ ਵੀ ਨਾਲ ਹੀ ਸ੍ਰੀ ਸਿੰਗਲਾ ਦੀ ਕੰਪਨੀ ਵਿਚ ਹੀ ਲਿਆਂਦਾ। ਇਸ ਤਰਾਂ ਉਨ੍ਹਾਂ ਦੀ ਫੈਕਟਰੀ ਦੀ ਮਾਰਕੀਟਿੰਗ ਦੀ ਟੀਮ ਵੀ ਬਣ ਗਈ। ਇਸ ਫੈਕਟਰੀ ਦੀ ਵਿੱਕਰੀ ਇੰਨੀ ਵਧ ਗਈ ਕਿ ਕੇਵਲ ਦੋ ਸਾਲ ਵਿਚ ਹੀ ਉਨ੍ਹਾਂ ਨੇ ਦਵਾਈਆਂ ਦੀਆਂ ਤਿੰਨ ਫੈਕਟਰੀਆਂ ਲਗਾ ਲਈਆਂ। ਇਸ ਪਿਛੋਂ ਸ੍ਰੀ ਹਰਿੰਦਰ ਸਿੰਗਲਾ ਨੇ ਆਪਣਾ ਹਿੱਸਾ ਕੱਢ ਕੇ ਵੱਡੀ ਫੈਕਟਰੀ ਲਗਾਉਣ ਦੀ ਯੋਜਨਾ ਉਲੀਕੀ ਅਤੇ ਜੀਰਕਪੁਰ ਤੋਂ ਅੰਬਾਲਾ ਰੋਡ ‘ਤੇ ਜਗ੍ਹਾ ਖਰੀਦ ਕੇ ਫੈਕਟਰੀ ਲਗਾਉਣੀ ਸ਼ੁਰੂ ਕਰ ਦਿੱਤੀ। ਜਦੋਂ ਫੈਕਟਰੀ ਦੀ ਸਾਰੀ ਮਸ਼ੀਨਰੀ ਖਰੀਦੀ ਜਾ ਚੁੱਕੀ ਸੀ ਅਤੇ ਇਮਾਰਤਾਂ ਦੀ ਉਸਾਰੀ ਵੀ ਲਗਭਗ ਮੁਕੰਮਲ ਹੋ ਚੁੱਕੀ ਸੀ ਤਾਂ ਸਰਕਾਰ ਨੇ ਹਾਈਵੇ ਦੇ ਨੇੜੇ ਉਸਾਰੀ ਨਾ ਕਰਨ ਦਾ ਇਤਰਾਜ ਲਗਾ ਕੇ ਫੈਕਟਰੀ ‘ਤੇ ਰੋਕ ਲਗਾ ਦਿੱਤੀ। ਇਸ ਕਾਰਨ ਦੋ ਸਾਲ ਫੈਕਟਰੀ ਨਾ ਚੱਲ ਸਕੀ ਅਤੇ ਸਾਰਾ ਪੈਸਾ ਵੀ ਖਰਚ ਹੋ ਗਿਆ। ਸ੍ਰੀ ਸਿੰਗਲਾ ਦੀ ਆਰਥਿਕ ਹਾਲਤ ਵੀ ਬਹੁਤ ਮਾੜੀ ਹੋ ਗਈ।

ਅਚਾਨਕ ਇਕ ਦਿਨ ਕਿਸੇ ਦੋਸਤ ਨਾਲ ਬੈਠਿਆਂ ਦੋਸਤ ਨੇ ਕਿਸੇ ਫਾਈਬਰ ਗਲਾਸ ਕੰਪਨੀ ਦਾ ਹਵਾਲਾ ਦਿੱਤਾ ਕਿ ਉਹ ਕੰਪਨੀ ਏਜੰਸੀ ਦੇ ਰਹੀ ਹੈ। ਸ੍ਰੀ ਸਿੰਗਲਾ ਨੇ ਅਗਲੇ ਦਿਨ ਹੀ ਦਿੱਲੀ ਨੂੰ ਏਜੰਸੀ ਲੈਣ ਲਈ ਚਾਲੇ ਪਾ ਦਿੱਤੇ। ਏਜੰਸੀ ਲੈਣ ਪਿਛੋਂ ਜਿਸ ਇਲਾਕੇ ਵਿਚ ਇਸ ਫਾਈਬਰ ਗਲਾਸ ਕੰਪਨੀ ਦੀ ਇਕ ਸਾਲ ਦੀ ਵਿੱਕਰੀ 5 ਲੱਖ ਰੁਪਏ ਦੀ ਸੀ, ਉਸੇ ਇਲਾਕੇ ਵਿਚ ਸ੍ਰੀ ਸਿੰਗਲਾ ਨੇ ਪਹਿਲੇ ਸਾਲ ਹੀ 50 ਲੱਖ ਰੁਪਏ ਦੀ ਵਿੱਕਰੀ ਕਰ ਦਿੱਤੀ। ਕੰਪਨੀ ਵਾਲੇ ਬੇਹੱਦ ਖੁਸ਼ ਹੋਏ 10 ਗੁਣਾ ਵਿੱਕਰੀ ਦੇਖ ਕੇ। ਉਨ੍ਹਾਂ ਨੇ ਸ੍ਰੀ ਸਿੰਗਲਾ ਨੂੰ ਹੋਰ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹੌਲੀ ਹੌਲੀ ਸ੍ਰੀ ਸਿੰਗਲਾ ਨੇ ਕੋਲਡ ਸਟੋਰਾਂ ਵਿਚ ਇੰਸੋਲੇਸ਼ਨ ਦੇ ਕੰਟਰੈਕਟ ਲੈਣੇ ਸ਼ੁਰੂ ਕਰ ਦਿੱਤੇ ਅਤੇ ਥੋੜੇ ਸਮੇਂ ਵਿਚ ਹੀ ਕਰੋੜਾਂ ਰੁਪਏ ਦੀ ਕਮਾਈ ਹੋਣ ਲੱਗੀ। ਜਿਆਦਾ ਪੈਸਾ ਆਉਣ ਨਾਲ ਉਹ ਫਿਰ ਰਸਤੇ ਤੋਂ ਭਟਕਣ ਲੱਗੇ ਅਤੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨਾਲ ਦੋ ਬਾਡੀਗਾਰਡ ਹੁੰਦੇ ਸਨ ਅਤੇ ਸਾਰਾ ਕੰਮ ਉਨ੍ਹਾਂ ਨੇ ਆਪਣੇ ਮੈਨੇਜਰਾਂ ‘ਤੇ ਛੱਡ ਦਿੱਤਾ। ਉਨ੍ਹਾਂ ਦੇ ਆਪਣੇ ਕਾਰੋਬਾਰ ਵੱਲ ਘੱਟ ਧਿਆਨ ਦੇਣ ਕਾਰਨ ਉਨ੍ਹਾਂ ਦੇ ਮੁਲਾਜ਼ਮਾਂ ਨੇ ਚੂਨਾ ਲਾਉਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਮੁਨਾਫੇ ਦੀ ਥਾਂ ਘਾਟਾ ਪੈਣਾ ਸ਼ੁਰੂ ਹੋ ਗਿਆ। ਕੁੱਝ ਸਾਲਾਂ ਵਿਚ ਹੀ ਘਾਟਾ ਇੰਨਾ ਵਧ ਗਿਆ ਕਿ ਸ੍ਰੀ ਸਿੰਗਲਾ ਦਾ ਸਭ ਕੁੱਝ ਵਿਕ ਗਿਆ। ਇਥੋਂ ਤੱਕ ਕਿ ਉਨ੍ਹਾਂ ਨੂੰ ਆਪਣਾ ਘਰ ਵੀ ਵੇਚਣਾ ਪੈ ਗਿਆ ਅਤੇ ਕਾਰ ਵੀ ਵੇਚਣੀ ਪੈ ਗਈ। ਸ੍ਰੀ ਸਿੰਗਲਾ ਇਕ ਵਾਰ ਫਿਰ ਅਰਸ਼ ਤੋਂ ਫਰਸ਼ ‘ਤੇ ਆ ਗਏ ਅਤੇ ਕਾਰੋਬਾਰ ਵਿਚ ਜੀਰੋ ਹੋ ਗਏ।

ਇਸ ਤੋਂ ਬਾਅਦ ਸ੍ਰੀ ਸਿੰਗਲਾ ਨੇ ਦੇਸ਼ ਤੋਂ ਬਾਹਰ ਜਾਣ ਦਾ ਫੈਸਲਾ ਕੀਤਾ ਅਤੇ ਕੈਨੇਡਾ ਦਾ ਵੀਜ਼ਾ ਲਗਵਾ ਲਿਆ। ਸਾਲ 1997 ਵਿਚ ਪਰਿਵਾਰ ਸਮੇਤ ਕੈਨੇਡਾ ਪਹੁੰਚ ਗਏ। ਕੈਨੇਡਾ ਆਉਣ ਸਮੇਂ ਉਹ ਆਪਣੇ ਨਾਲ ਵੱਖ ਵੱਖ ਤਰਾਂ ਦੇ ‘ਨਗ’ ਲੈ ਆਏ, ਪਰ ਉਨ੍ਹਾਂ ਨੂੰ ਨਗਾਂ ਦੇ ਕਾਰੋਬਾਰ ਬਾਰੇ ਨਾ ਤਾਂ ਕੋਈ ਜਾਣਕਾਰੀ ਸੀ ਅਤੇ ਨਾ ਹੀ ਕੋਈ ਤਜ਼ਰਬਾ ਸੀ। ਕੈਨੇਡਾ ਪਹੁੰਚ ਕੇ ਉਨ੍ਹਾਂ ਨੇ ਕਈ ਹੋਲਸੇਲ ਦੇ ਵਪਾਰੀਆਂ ਨਾਲ ਗੱਲ ਕੀਤੀ, ਪਰ ਕਿਸੇ ਨੇ ਵੀ ਨਗ ਖਰੀਦਣ ਲਈ ਕੋਈ ਹੁੰਗਾਰਾ ਨਾ ਭਰਿਆ। ਆਖਰ ਸ੍ਰੀ ਸਿੰਗਲਾ ਨੇ ਖੁਦ ਖੁੱਲ੍ਹੀ ਮੰਡੀ ਵਿਚ ਲੋਕਾਂ ਨੂੰ ਨਗ ਵੇਚਣ ਦਾ ਫੈਸਲਾ ਕਰਕੇ ਨਗਾਂ ਦੀ ਪੈਕਿੰਗ ਕੀਤੀ ਅਤੇ ਆਮ ਮੰਡੀ ਵਿਚ ਲੋਕਾਂ ਨੂੰ ਨਗ ਵੇਚਣੇ ਸ਼ੁਰੂ ਕੀਤੇ। ਸ੍ਰੀ ਸਿੰਗਲਾ ਵਿਚ ਮਾਰਕੀਟ ਦੀ ਕਲਾ ਤਾਂ ਪਹਿਲਾਂ ਹੀ ਵਾਧੂ ਸੀ, ਇਸੇ ਲਈ ਪਹਿਲੇ ਹਫਤੇ ਹੀ 10 ਹਜਾਰ ਡਾਲਰ ਦੇ ਨਗ ਵੇਚ ਦਿੱਤੇ ਅਤੇ ਉਹ ਮੁੜ ਹੌਸਲੇ ਵਿਚ ਹੋ ਗਏ। ਉਨ੍ਹਾਂ ਨੇ ਕਾਫੀ ਸਮਾਂ ਨਗਾਂ ਦਾ ਕਾਰੋਬਾਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਘੜੀਆਂ ਅਤੇ ਬੈਲਟਾਂ ਵੇਚਣੀਆਂ ਸ਼ੁਰੂ ਕੀਤੀਆਂ। ਘੜੀਆਂ ਅਤੇ ਬੈਲਟਾਂ ਦੀ ਵੀ ਇੰਨੀ ਵਿੱਕਰੀ ਕੀਤੀ ਕਿ ਕੰਪਨੀ ਵਾਲੇ ਵੀ ਹੈਰਾਨ ਰਹਿ ਗਏ। ਸ੍ਰੀ ਸਿੰਗਲਾ ਨੇ ਆਪਣੇ ਡਿਜ਼ਾਈਨ ਦੀਆਂ ਬੈਲਟਾਂ ਤਿਆਰ ਕਰਵਾਈਆਂ ਤਾਂ ਉਹ ਵੀ ਬਹੁਤ ਪਸੰਦ ਕੀਤੀਆਂ ਜਾਣ ਲੱਗੀਆਂ ਅਤੇ ਧੜਾਧੜ ਵਿੱਕਰੀ ਹੋਣ ਲੱਗੀ। ਇਸ ਵੇਲੇ ਤੱਕ ਉਨ੍ਹਾਂ ਕੋਲ ਪੈਸਾ ਵੀ ਸੀ ਅਤੇ ਵਪਾਰੀਆਂ ਨਾਲ ਲਿੰਕ ਵੀ ਬਣ ਗਏ ਸਨ। ਇਸ ਪਿਛੋਂ ਉਨ੍ਹਾਂ ਨੇ 10 ਵੱਖ ਵੱਖ ਸ਼ਾਪਿੰਕ ਕੰਪਲੈਕਸਾਂ ਵਿਚ ਪ੍ਰਫਿਊਮ, ਘੜੀਆਂ ਅਤੇ ਬੈਲਟਾਂ ਦੀਆਂ ਦੁਕਾਨਾਂ ਖੋਲ੍ਹ ਦਿੱਤੀਆਂ। ਉਨ੍ਹਾਂ ਨੇ ਕੈਨੇਡਾ ਵਿਚ ਰੌਕ ਯੂਨੀਵਰਸ ਦੇ ਨਾਮ ‘ਤੇ ਸਟੋਰ ਖੋਲ੍ਹਣੇ ਸ਼ੁਰੂ ਕਰ ਦਿੱਤੇ। ਇਸ ਵੇਲੇ ਵੱਖ ਵੱਖ ਥਾਵਾਂ ‘ਤੇ 18 ਸਟੋਰ ਖੋਲ੍ਹੇ ਹੋਏ ਹਨ, ਜੋ ਕਿ ਪੂਰੀ ਤਰਾਂ ਲੋਕਪ੍ਰਿਆ ਹੋ ਚੁੱਕੇ ਹਨ।

ਇਸ ਤੋਂ ਬਾਅਦ ਸ੍ਰੀ ਸਿੰਗਲਾ ਨੇ ਮੁੜ ਨਗ, ਹੀਰੇ ਅਤੇ ਸੋਨੇ ਦਾ ਕਾਰੋਬਾਰ ਸ਼ੁਰੂ ਲਿਆ ਅਤੇ ਇਸ ਵੇਲੇ ਉਨ੍ਹਾਂ ਦੀ ਕੰਪਨੀ ਇਲਾਈਟ ਜਵੈਲਜ਼ ਕੈਨੇਡਾ ਵਿਚ ਪ੍ਰਸਿੱਧ ਹੋ ਚੁੱਕੀ ਹੈ ਅਤੇ ਹੀਰਿਆਂ ਦਾ ਕਾਰੋਬਾਰ ਵੱਡੇ ਪੱਧਰ ‘ਤੇ ਚੱਲ ਰਿਹਾ ਹੈ। ਇਸੇ ਦੌਰਾਨ ਸ੍ਰੀ ਸਿੰਗਲਾ ਨੂੰ ਕੈਨੇਡਾ ਵਿਚ ਆਪਣੀਆਂ ਬਿਲਡਿੰਗਾਂ ਖਰੀਦਣ ਦਾ ਵੀ ਸ਼ੌਕ ਪੈ ਗਿਆ ਅਤੇ ਇਸ ਵੇਲੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਉਨ੍ਹਾਂ ਦੀਆਂ ਆਪਣੀਆਂ ਬਿਲਡਿੰਗਾਂ ਹਨ ਅਤੇ ਸ਼ਾਪਿੰਗ ਕੰਪਲੈਕਸ ਬਣਾਏ ਹੋਏ ਹਨ।

ਸ੍ਰੀ ਸਿੰਗਲਾ ਕੈਨੇਡਾ ਵਿਚ ਅਰਬਪਤੀ ਪੰਜਾਬੀ ਹੋਣ ਦੇ ਬਾਵਜੂਦ ਵੀ ਅੱਜ ਤੱਕ ਹਰ ਵਿਅਕਤੀ ਦੇ ਕੰਮ ਆਉਂਦੇ ਹਨ ਅਤੇ ਹਰ ਵਿਅਕਤੀ ਦੀ ਮੱਦਦ ਕਰਦੇ ਹਨ। ਉਨ੍ਹਾਂ ਦਾ ਵਿਚਾਰ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਵਿਅਕਤੀ ਦੀ ਮੱਦਦ ਕਰਕੇ ਜੋ ਸਕੂਨ ਮਿਲਦਾ ਹੈ, ਉਹ ਹੋਰ ਕਿਤੋਂ ਨਹੀਂ ਮਿਲਦਾ। ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਉਨ੍ਹਾਂ ਤੋਂ ਸਿੱਖ ਕੇ ਬਹੁਤ ਸਾਰੇ ਵਿਅਕਤੀਆਂ ਨੇ ਬਹੁਤ ਵੱਡੇ ਕਾਰੋਬਾਰ ਸ਼ੁਰੂ ਕੀਤੇ ਹਨ ਅਤੇ ਉਹ ਅੱਜ ਵੀ ਉਨ੍ਹਾਂ ਦਾ ਪੂਰਾ ਸਤਿਕਾਰ ਕਰਦੇ ਹਨ। ਇਸ ਲਈ ਅਜਿਹੀ ਪੰਜਾਬੀ ਸਖਸ਼ੀਅਤ ‘ਤੇ ਪੰਜਾਬ ਦੀ ਧਰਤੀ ਅਤੇ ਪੰਜਾਬ ਦੇ ਲੋਕਾਂ ਨੂੰ ਬੇਹੱਦ ਮਾਣ ਹੈ।

ਨਿਰਮਲ ਸਾਧਾਂਵਾਲੀਆ (+919876071600)

Nirmal Sadhanwalia

Please Click here for Share This News

Leave a Reply

Your email address will not be published. Required fields are marked *