best platform for news and views

ਹੋਂਦ-ਚਿੱਲੜ ਅਤੇ ਗੁੜਗਾਓ-ਪਟੌਦੀ ਨਸਲਕੁਸ਼ੀ

Please Click here for Share This News

ਚੰਡੀਗੜ੍ਹ, 22 ਨਵੰਬਰ 2019
1984 ‘ਚ ਸਿੱਖਾਂ ਦੀ ਸੋਚੀ-ਸਮਝੀ ਨਸਲਕੁਸ਼ੀ ਦੌਰਾਨ ਹਰਿਆਣਾ ਦੇ ਪਿੰਡ ਹੋਂਦ-ਚਿੱਲੜ (ਰਿਵਾੜੀ) ਅਤੇ ਗੁੜਗਾਓ-ਪਟੌਦੀ ‘ਚ ਬੇਰਹਿਮੀ ਨਾਲ ਕਤਲ ਕੀਤੇ ਗਏ 79 ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਦੇਣ ਲਈ ਇਸ ਕੇਸ ਦੀ ਦਹਾਕਿਆਂ ਤੋਂ ਪੈਰਵੀ ਕਰ ਰਹੇ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ‘ਆਪ’ ਵਿਧਾਇਕਾਂ ਨੂੰ ਮਿਲਿਆ ਅਤੇ ਜਸਟਿਸ ਟੀ.ਪੀ. ਗਰਗ ਦੀਆਂ ਇਨਕੁਆਰੀ ਰਿਪੋਰਟਾਂ ਸੌਂਪਦੇ ਹੋਏ ਇਨਸਾਫ਼ ਲਈ ਹਰਿਆਣਾ ਸਰਕਾਰ ਕੋਲ ਮਾਮਲਾ ਉਠਾਉਣ ਦੀ ਮੰਗ ਕੀਤੀ।
ਹਰਪਾਲ ਸਿੰਘ ਚੀਮਾ ਨੇ ਭਰੋਸਾ ਦਿੱਤਾ ਕਿ ਉਹ ਇਹ ਮਾਮਲਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸਪੀਕਰ ਗਿਆਨ ਚੰਦ ਗੁਪਤਾ ਨੂੰ ਮਿਲ ਕੇ ਜਿੱਥੇ ਦੋਸ਼ੀਆਂ ਨੂੰ ਸਜਾ ਦੇਣ ਦੀ ਮੰਗ ਕਰਨਗੇ ਉੱਥੇ ਇਹ ਰਿਪੋਰਟ ਵਿਧਾਨ ਸਭਾ ਦੇ ਫਲੌਰ ‘ਤੇ ਵਿਸਥਾਰ ਸਹਿਤ ਵਿਚਾਰੇ ਜਾਣ ‘ਤੇ ਜ਼ੋਰ ਦੇਣਗੇ।
ਹਰਪਾਲ ਸਿੰਘ ਚੀਮਾ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਹੋਂਦ-ਚਿੱਲੜ ‘ਚ 32 ਅਤੇ ਗੁੜਗਾਓ ਅਤੇ ਪਟੌਦੀ ‘ਚ 47 ਸਿੱਖਾਂ ਨੂੰ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ, ਹੋਂਦ-ਚਿੱਲੜ ਪਿੰਡ ਦੇ ਖੰਡਰ ਅੱਜ ਵੀ ਉਸ ਕਰੂਰਤਾ ਦੀ ਗਵਾਹੀ ਭਰਦੇ ਹਨ। ਉਨ੍ਹਾਂ ਦੱਸਿਆ ਕਿ ਭਾਰੀ ਜੱਦੋਜਹਿਦ ਉਪਰੰਤ ਇਸ ਕਤਲੇਆਮ ਦੀ ਜਾਂਚ ਲਈ ਗਠਿਤ ਜਸਟਿਸ ਟੀ.ਪੀ. ਗਰਗ (ਰਿਟਾ.) ਵੱਲੋਂ 6 ਸਾਲ ਦੀ ਜਾਂਚ ਉਪਰੰਤ 4 ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਕੋਤਾਹੀ ਦੇ ਦੋਸ਼ੀ ਪਾਉਂਦੇ ਹੋਏ ਇਨ੍ਹਾਂ ਵਿਰੁੱਧ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਅਤੇ 10.6 ਕਰੋੜ ਹੋਂਦ-ਚਿੱਲੜ ਅਤੇ 13 ਕਰੋੜ ਰੁਪਏ ਗੁੜਗਾਓ-ਪਟੌਦੀ ਦੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਮੁਆਵਜ਼ਾ ਤਾਂ ਦੇ ਦਿੱਤਾ ਪਰੰਤੂ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ, ਇੱਥੋਂ ਤੱਕ ਕਿ ਗੁੜਗਾਓ-ਪਟੌਦੀ ਦੇ ਨਰਸੰਹਾਰ ਨੂੰ ਹਾਦਸਾ ਕਰਾਰ ਦਿੱਤਾ ਅਤੇ ਇੱਕ ਵੀ ਦੋਸ਼ੀ ਸਾਹਮਣੇ ਨਹੀਂ ਲਿਆਂਦਾ ਗਿਆ।
ਚੀਮਾ ਨੇ ਕਿਹਾ ਕਿ ਇੱਕ ਪਾਸੇ ਹਰਿਆਣਾ ਸਰਕਾਰ ਨੇ ਮੁਆਵਜ਼ਾ ਰਾਸ਼ੀ ਦੇ ਕੇ ਕਤਲੇਆਮ ਕਬੂਲ ਕਰ ਲਿਆ, ਦੂਜੇ ਪਾਸੇ ਇੱਕ ਵੀ ਦੋਸ਼ੀ ‘ਤੇ ਕਾਰਵਾਈ ਨਹੀਂ ਕੀਤੀ, ਜੋ ਭਾਰੀ ਬੇਇਨਸਾਫ਼ੀ ਹੈ।
ਇਸ ਮੌਕੇ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰਿੰਸੀਪਲ ਬੁੱਧ ਰਾਮ ਅਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ ਸਮੇਤ ਜਗਜੀਤ ਸਿੰਘ ਅਤੇ ਹੋਂਦ-ਚਿੱਲੜ ਤਾਲਮੇਲ ਕਮੇਟੀ ਦੇ ਹੋਰ ਨੁਮਾਇੰਦੇ ਮੌਜੂਦ ਸਨ।

 

Please Click here for Share This News

Leave a Reply

Your email address will not be published.