best platform for news and views

ਹਵਾ ਦੇ ਪ੍ਰਦੂਸ਼ਣ ਦਾ ਰੌਲਾ ਤਾਂ ਪਿਆ ਕਿਉਂਕਿ ਅਮੀਰ ਲੋਕ ਵੀ ਇਸਦੀ ਜਕੜ ਵਿਚ ਆ ਗਏ : ਡਾ. ਆਜ਼ਾਦ

Please Click here for Share This News

ਨਿਰਮਲ ਸਾਧਾਂਵਾਲੀਆ
ਫਰੀਦਕੋਟ : ਅੱਜ ਇਥੇ ਹੋਏ ਪ੍ਰਦੂਸ਼ਨ ਬਾਰੇ ਸੈਮੀਨਾਰ ਵਿਚ ਬੁਲਾਰਿਆਂ ਨੇ ਜੋਰ ਦੇ ਕੇ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਬਾਰੇ ਜਿਆਦਾ ਵਿਵਾਦ ਦਾ ਕਾਰਨ ਇਹ ਹੈ ਕਿ ਹਵਾ ਪ੍ਰਦੂਸ਼ਣ ਦੀ ਲਪੇਟ ਵਿਚ ਵੱਡੇ ਘਰਾਣੇ ਅਤੇ ਅਮੀਰ ਲੋਕ ਵੀ ਆ ਗਏ ਹਨ। ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਪ੍ਰਦੂਸ਼ਣ ਦਾ ਰੌਲਾ ਵੀ ਤਾਂ ਪਿਆ ਕਿਉਂਕਿ ਦਿੱਲੀ ਵਿਚ ਅਮੀਰ ਲੋਕ ਜਿਆਦਾ ਰਹਿੰਦੇ ਹਨ।
ਅੱਜ ਇਥੋਂ ਦੇ ਸਰਕਾਰੀ ਬਰਜਿੰਦਰਾ ਕਾਲਜ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਸਾਹਿਤ ਵਿਚਾਰ ਮੰਚ ਵਲੋਂ ਸਾਂਝੇ ਤੌਰ ਤੇ ਕਰਵਾਏ ਗਏ ਪ੍ਰਦੂਸ਼ਣ ਬਾਰੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ. ਅਮਰ ਸਿੰਘ ਆਜਾਦ ਨੇ ਕਿਹਾ ਕਿ ਬਹੁਤ ਸਮੇਂ ਤੋਂ ਪਾਣੀ ਦਾ ਪ੍ਰਦੂਸ਼ਣ, ਧਰਤੀ ਦਾ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ, ਜਿਸ ਲਈ ਵੱਡੀਆਂ ਕੰਪਨੀਆਂ ਦੋਸ਼ੀ ਹਨ। ਉਨ੍ਹਾਂ ਨੇ ਕਿਹਾ ਕਿ ਹੌਲੀ ਹੌਲੀ ਸਾਡੀ ਹਵਾ ਵੀ ਪਲੀਤ ਹੋਣ ਲੱਗੀ ਹੈ। ਉਨ੍ਹਾਂ ਨੇ ਕਿਹਾ ਕਿ ਧਰਤੀ ਦੇ ਪ੍ਰਦੂਸ਼ਣ ਤੋਂ ਵੱਡੇ ਘਰਾਣੇ ਬਚ ਜਾਂਦੇ ਸਨ ਅਤੇ ਉਹ ਸਰੱਖਿਅਤ ਜਗ੍ਹਾ ‘ਤੇ ਰਹਿਣ ਲੱਗ ਪੈਂਦੇ ਸਨ। ਫਿਰ ਪਾਣੀ ਦੇ ਪ੍ਰਦੂਸ਼ਣ ਤੋਂ ਵੀ ਅਮੀਰ ਵਿਅਕਤੀਆਂ ਦਾ ਬਚਾਅ ਹੋ ਗਿਆ ਕਿਉਂਕਿ ਉਹ ਸ਼ੁੱਧ ਪਾਣੀ ਪੀਣ ਦੀ ਸਮਰੱਥਾ ਰੱਖਦੇ ਸਨ। ਜਦ ਹਾਲਾਤ ਇਹ ਹੋ ਗਏ ਕਿ ਹੁਣ ਸਾਡੀ ਹਵਾ ਵੀ ਪ੍ਰਦੂਸ਼ਿਤ ਹੋ ਗਈ ਤਾਂ ਹਵਾ ਦੇ ਪ੍ਰਦੂਸ਼ਣ ਤੋਂ ਕੋਈ ਨਹੀਂ ਬਚ ਸਕਦਾ। ਜਿੰਨਾ ਮਰਜੀ ਅਮੀਰ ਵਿਅਕਤੀ ਹੋਵੇ, ਉਸ ਤੱਕ ਹਵਾ ਦਾ ਪ੍ਰਦੂਸ਼ਣ ਤਾਂ ਪਹੁੰਚ ਹੀ ਜਾਣਾ ਹੈ। ਇਸੇ ਕਾਰਨ ਹੀ ਅੱਜਕੱਲ੍ਹ ਹਵਾ ਦੇ ਪ੍ਰਦੂਸ਼ਣ ਦਾ ਰੌਲਾ ਪਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਗਰੀਬ ਦੀ ਕੋਈ ਨਹੀਂ ਸੁਣਦਾ, ਜਦੋਂ ਅਮੀਰ ਨੂੰ ਲੱਗਦੀ ਹੈ ਤਾਂ ਰੌਲਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਵੀ ਦਿੱਲੀ ਵਿਚ ਪ੍ਰਦੂਸ਼ਣ ਦਾ ਜਿਆਦਾ ਰੌਲਾ ਪੈ ਰਿਹਾ ਹੈ। ਇਸਦਾ ਕਾਰਨ ਵੀ ਇਹੀ ਹੈ ਕਿ ਦਿੱਲੀ ਵਿਚ ਵੱਡੇ ਘਰਾਣੇ ਰਹਿੰਦੇ ਹਨ।
ਖੇਤੀਬਾੜੀ ਦੇ ਪ੍ਰਦੂਸ਼ਣ ਦੀ ਗੱਲ ਕਰਦਿਆਂ ਡਾ. ਆਜ਼ਾਦ ਨੇ ਕਿਹਾ ਕਿ ਇਸ ਵਿਚ ਕਿਸਾਨਾਂ ਦਾ ਕੋਈ ਕਸੂਰ ਨਹੀਂ। ਅਜੋਕੀ ਖੇਤੀ ਦਾ ਮਾਡਲ ਸਰਕਾਰ ਦੀਆਂ ਵੱਡੀਆਂ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨੇ ਦਿੱਤਾ ਹੈ। ਉਨ੍ਹਾਂ ਨੂੰ ਪਹਿਲਾਂ ਨਹੀਂ ਪਤਾ ਸੀ ਕਿ ਖੇਤੀ ਦੇ ਇਸ ਮਾਡਲ ਦਾ ਕੀ ਅਸਰ ਹੋਵੇਗਾ। ਪਹਿਲਾਂ ਕਿਸਾਨ ਕੁਦਰਤੀ ਢੰਗ ਨਾਲ ਖੇਤੀ ਕਰਦਾ ਸੀ ਤਾਂ ਕੋਈ ਸਮੱਸਿਆ ਨਹੀਂ ਸੀ। ਜਬਰਦਸਤੀ ਕਿਸਾਨ ਨੂੰ ਕੁਦਰਤੀ ਖੇਤੀ ਤੋਂ ਬਦਲ ਕੇ ਗੈਰਕੁਦਰਤੀ ਢੰਗ ਮੁਹਈਆ ਕਰਵਾਏ ਅਤੇ ਸਹੂਲਤਾਂ ਦਿੱਤੀਆਂ। ਹੁਣ ਜਦੋਂ ਕਹਾਣੀ ਵਿਗੜ ਗਈ ਤਾਂ ਕਿਸਾਨ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਣ ਵਿਚ ਪਰਾਲੀ ਦਾ ਯੋਗਦਾਨ ਤਾਂ ਬਹੁਤ ਥੋੜਾ ਹੈ। ਵੱਡੀਆਂ ਇੰਡਸਟਰੀਆਂ, ਵੱਡੀ ਗਿਣਤੀ ਵਾਹਨ ਅਤੇ ਹੋਰ ਅਨੇਕਾਂ ਕਾਰਨ ਹਨ ਜਿਨ੍ਹਾਂ ਨਾਲ ਪ੍ਰਦੂਸ਼ਣ ਫੈਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਲੋੜ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ ਦੀ ਨਹੀਂ ਸਗੋਂ ਇਸ ਦੇ ਅਸਲੀ ਕਾਰਨਾਂ ਦਾ ਹੱਲ ਕਰਕੇ ਪ੍ਰਦੂਸ਼ਣ ਖਤਮ ਕਰਨ ਦੀ ਲੋੜ ਹੈ ਤਾਂ ਜੋ ਮਨੁੱਖਤਾ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਸੰਬੋਧਨ ਕਰਦਿਆਂ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਰਕਾਰਾਂ ਨੇ ਜਾਣ ਬੁੱਝ ਕੇ ਪ੍ਰਦੂਸ਼ਣ ਫੈਲਾਇਆ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਵਿਚ ਵੱਡੀਆਂ ਫੈਕਟਰੀਆਂ ਲਗਾ ਕੇ ਸਾਰਾ ਗੰਦਾ ਪਾਣੀ ਸਤਲੁਜ਼ ਦਰਿਆ ਵਿਚ ਸੁੱਟਿਆ ਗਿਆ, ਜਿਸ ਨਾਲ ਮਾਲਵਾ ਖੇਤਰ ਦੇ ਲੋਕ ਕੈਂਸਰ ਦੇ ਸ਼ਿਕਾਰ ਹੋਣ ਲੱਗੇ, ਨਿਪੁੰਸਕਤਾ ਦੇ ਸ਼ਿਕਾਰ ਹੋਣ ਲੱਗੇ, ਬੱਚੇ ਮੰਦਬੁੱਧੀ ਹੋਣ ਲੱਗੇ। ਉਨ੍ਹਾਂ ਨੇ ਕਿਹਾ ਕਿ ਅਬੋਹਰ ਇਲਾਕੇ ਦੇ ਪਿੰਡਾਂ ਦਾ ਇਹ ਹਾਲ ਹੈ ਕਿ 60 ਤੋਂ 70 ਤੱਕ ਬੱਚੇ ਹਰ ਪਿੰਡ ਵਿਚ ਮੰਦਬੁੱਧੀ ਦਾ ਸ਼ਿਕਾਰ ਹਨ। ਉਨ੍ਹਾਂ ਨੇ ਕਿ ਕਿਸਾਨਾਂ ਨੂੰ ਦੋਸ਼ੀ ਠਹਿਰਾਉਣ ਵਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਫੈਕਟਰੀਆਂ ਦੇ ਪ੍ਰਦੂਸ਼ਣ ਨੂੰ ਰੋਕਿਆ ਜਾਵੇ। ਇਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਡਾ. ਹਰਸ਼ਵਰਧਨ ਨੇ ਪ੍ਰਦੂਸ਼ਣ ਨਾਲ ਸਿਹਤ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਦੱਸਿਆ। ਕਿਸਾਨ ਆਗੂ ਨਿਰਭੈ ਸਿੰਘ ਢੁੱਡੀ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਦੱਸਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣੀ ਮਜਬੂਰੀ ਹੈ ਨਾ ਕਿ ਸ਼ੌਕ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਸਹੂਲਤਾਂ ਦੇਵੇ ਤਾਂ ਪਰਾਲੀ ਨੂੰ ਅੱਗ ਲਾਉਣੋ ਰੋਕਿਆ ਜਾ ਸਕਦਾ ਹੈ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਮ ਜਨਤਾ ਵਿਚ ਵੀ ਪ੍ਰਦੂਸ਼ਣ ਖਿਲਾਫ ਜਾਗਰਤੀ ਫੈਲਾਉਣੀ ਚਾਹੀਦੀ ਹੈ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸੈਮੀਨਾਰ ਨਾਲ ਪ੍ਰਦੂਸ਼ਣ ਬਾਰੇ ਚਰਚਾ ਸ਼ੁਰੂ ਹੋਵੇਗੀ ਅਤੇ ਇਸਦੇ ਚੰਗੇ ਸਿੱਟੇ ਨਿਕਲਣਗੇ। ਸਟੇਜ਼ ਦਾ ਸੰਚਾਲਨ ਸਰਕਾਰੀ ਬਰਜਿੰਦਰਾ ਕਾਲਜ ਦੇ ਪ੍ਰੋਫੈਸਰ ਅਤੇ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਰਾੜ ਨੇ ਕੀਤਾ।

ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਕਰਵਾਏ ਗਏ ਸੈਮੀਨਾਰ ਦਾ ਦ੍ਰਿਸ਼

ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਡਾ. ਪ੍ਰਿਤਪਾਲ ਸਿੰਘ

Please Click here for Share This News

Leave a Reply

Your email address will not be published. Required fields are marked *