ਚਿੰਤਾ ਦਾ ਸਬੰਧ ਭਵਿੱਖ ਨਾਲ ਹਬੰਦਾ ਹੈ ਅਤੇ ਅਤੀਤ ਨਾਲ ਵੀ। ਅੱਜਕੱਲ੍ਹ ਤਾਂ ਬੈੱਚੇ ਦੇ ਜਨਮ ਤੋਂ ਪਹਿਲਾਂ ਹੀ ਉਸਦੇ ਸਕੂਲ ਦਾਖਲੇ ਦੀ ਚਿੰਤਾ, ਫਿਰ ਫੀਸਾਂ ਭਰਨ ਦੀ ਚਿੰਤਾ, ਬੱਚੇ ਦੇ ਨੰਬਰਾਂ ਦੀ ਚਿੰਤਾ, ਨਤੀਜੇ ਦੀ ਚਿੰਤਾ, ਚੰਗੇ ਕੋਰਸ ਵਿਚ ਦਾਖਲੇ ਦੀ ਚਿੰਤਾ, ਦਫਤਰ ਵਿਚ ਤਰੱਕੀ ਦੀ ਚਿੰਤਾ, ਆਉਣ ਵਾਲੀਆਂ ਚੋਣਾ ਵਿਚ ਟਿਕਟ ਮਿਲਣ ਅਤੇ ਜਿੱਤਣ ਦੀ ਚਿੰਤਾ, ਵਪਾਰ ਅਤੇ ਦੁਕਾਨ ਚੱਲਣ ਦੀ ਚਿੰਤਾ ਅਤੇ ਭਵਿੱਖ ਵਿਚ ਨੌਕਰੀ ਮਿਲਣ ਦੀ ਚਿੰਤਾ। ਮਨੁੱਖ ਹਮੇਸ਼ਾਂ ਭਵਿੱਖ ਦੇ ਬਾਰੇ ਵਿਚ ਚਿੰਤਾਗ੍ਰਸਤ ਰਹਿੰਦਾ ਹੈ ਜਾਂ ਫਿਰ ਅਤੀਤ ਵਿਚ ਵਾਪਰੀਆਂ ਘਟਨਾਵਾਂ ਕਾਰਨ। ਕੌੜੀ ਸਚਾਈ ਇਹ ਹੈ ਕਿ ਤੁਹਾਡਾ ਸਹਿ ਕਰਮਚਾਰੀ ਤੁਹਾਡੇ ਨਾਲੋਂ ਪਹਿਲਾਂ ਤਰੱਕੀ ਲੈ ਗਿਆ। ਕਿਸੇ ਰਿਸ਼ਤੇਦਾਰ, ਗੁਆਂਢੀ ਜਾਂ ਬੌਸ ਵਲੋਂ ਦੁਰਵਿਵਹਾਰ ਕੀਤਾ ਗਿਆ। ਕਿਸੇ ਪ੍ਰੇਮੀ ਨੇ ਧੋਖਾ ਦੇ ਦਿੱਤਾ। ਕੋਈ ਕਿਰਾਏਦਾਰ ਮਕਾਨ ਖਾਲੀ ਨਹੀਂ ਕਰ ਰਿਹਾ। ਅਤੀਤ ਦੇ ਅਜਿਹੇ ਨਾਕਾਰਾਤਮਕ ਅਤੇ ਕੌੜੇ ਅਨੁਭਵ ਮਨੁੱਖ ਦੇ ਅਵਚੇਤਨ ਮਨ ਵਿਚ ਘਰ ਜਾਂਦੇ ਹਨ। ਇਨ੍ਹਾਂ ਦੀਆਂ ਕੌੜੀਆਂ ਯਾਦਾਂ ਮਨੁੱਖ ਨੂੰ ਤਣਾਅ ਵਿਚ ਲੈ ਆਉੱਦੀਆਂ ਹਨ। ਤੁਸੀਂ ਕਦੇ ਖਿਆਲ ਕੀਤਾ ਹੈ ਕਿ ਇਕ ਪਾਸੇ ਤੁਹਾਨੂੰ ਅਤੀਤ ਦੀਆਂ ਕੌੜੀਆਂ ਯਾਦਾਂ ਅਤੇ ਨਾਕਾਰਾਤਮਕ ਅਨੁਭਵਾਂ ਵਲੋਂ ਤਣਾਅ ਮਿਲ ਰਿਹਾ ਹੈ ਅਤੇ ਦੂਜੇ ਪਾਸੇ ਭਵਿੱਖ ਦੀ ਚਿੰਤਾ ਖਾ ਰਹੀ ਹੈ। ਨਤੀਜੇ ਵਜੋਂ ਮਨੁੱਖ ਭੂਤ ਅਤੇ ਭਵਿੱਖ ਵਿਚ ਪਿਸਣ ਲੱਗਦਾ ਹੈ। ਅਜਿਹੀ ਸਥਿੱਤੀ ਤੋਂ ਬਚਣ ਲਈ ਸਿਰਫ ਵਰਤਮਾਨ ਵਿਚ ਜਿਉਣਾ ਚਾਹੀਦਾ ਹੈ। ਸਿਰਫ ਉਹੀ ਵਿਅਕਤੀ ਤਣਾਅ ਅਤੇ ਚਿੰਤਾ ਤੋਂ ਮੁਕਤ ਰਹਿ ਸਕਦਾਹੈ, ਜਿਸਨੂੰ ਵਰਤਮਾਨ ਵਿਚ ਜਿਉਣ ਦੀ ਕਲਾ ਆਉਂਦੀ ਹੈ। ਜੇਕਰ ਤੁਸੀਂ ਸ਼ਾਂਤੀ ਅਤੇ ਆਰਾਮ ਨਾਲ ਜਿਉਣਾ ਚਾਹੁੰਦੇ ਹੋ ਤਾਂ ਹਰ ਪਲ ਨੂੰ ਜਿਉਣ ਦੀ ਕਲਾ ਸਿੱਖੋ। ਇਸ ਦਾ ਮਤਲਬ ਇੰਨਾ ਹੀ ਨਹੀਂ ਕਿ ਭਵਿੱਖ ਵੱਲ ਨਾ ਵੇਖਿਆ ਜਾਵੇ ਜਾਂ ਫਿਰ ਭੂਤ ਵਿਚ ਵਾਪਰੀਆਂ ਘਟਨਾਵਾਂ ਤੋਂ ਕੁੱਝ ਨਾ ਸਿੱਖਿਆ ਜਾਵੇ। ਅਤੀਤ ਦੀਆਂ ਗਲਤੀਆਂ ਤੋਂ ਸਬਕ ਲੈ ਕੇ ਭਵਿੱਖ ਦੀਆਂ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ। ਸੁਪਨਾ ਲਵੋ, ਉਦੇਸ਼ ਮਿਥੋ, ਮੰਜਿਲ ਤਹਿ ਕਰੋ ਅਤੇ ਆਪਣੀ ਮੰਜਿਲ ਦੀ ਤਰਫ ਦ੍ਰਿੜ ਇਰਾਦੇ, ਪੂਰਨ ਸੰਕਲਪ, ਇੱਛਾ ਸ਼ਕਤੀ, ਸਖਤ ਮਿਹਨਤ ਅਤੇ ਯੋਜਨਾਬੱਧ ਅਨੁਸਾਸ਼ਨ ਨਾਲ ਅੱਗੇ ਵਧੋ। ਪਰ ਜੇ ਤੁਸੀਂ ਚਿੰਤਾਗ੍ਰਸਤ ਰਹੋਗੇ ਤਾਂ ਮੰਜਿਲ ‘ਤੇ ਪਹੁੰਚਣਾ ਮੁਸ਼ਕਲ ਹੀ ਨਹੀਂ ਅਸੰਭਵ ਹੋਵੇਗਾ। ਇਸੇ ਕਾਰਨ ਚਿੰਤਾ ਅਤੇ ਤਣਾਅ ਨੂੰ ਸਫਲਤਾ ਦੇ ਵੱਡੇ ਦੁਸ਼ਮਣ ਗਰਦਾਨਿਆ ਗਿਆ ਚਹੈ।
ਚਿੰਤਾ ਅਤੇ ਤਣਾਅ ਨੂੰ ਘਟਾਉਣ ਦੇ ਉਪਾਅ ਕਰਨੇ ਜਰੂਰੀ ਹਨ। ਉਦਾਹਰਣ ਵਜੋਂ ਜੇ ਤੁਸੀਂ ਇਸ ਕਰਕੇ ਚਿੰਤਾਗ੍ਰਸਤ ਹੋ ਕਿੇ ਮੋਟਾਪੇ ਕਾਰਨ ਤੁਹਾਡੇ ਵਿਆਹ ਵਿਚ ਅਣਚਣ ਆ ਸਕਦੀ ਹੈ, ਤੁਸੀਂ ਡਾਇਰੀ ਚੁੱਕੋ ਅਤੇ ਆਪਣੇ ਮੋਟਾਪੇ ਦੇ ਕਾਰਨਾਂ ਦੀ ਸੂਚੀ ਬਣਾਓ। ਜਿਆਦਾ ਖਾਣਾ, ਜੰਕ ਫੂਡ ਦੀ ਜਿਆਦਾ ਵਰਤੋਂ, ਕਸਰਤ ਨਾ ਕਰਨਾ, ਸੈਰ ਨਾ ਕਰਨਾ। ਬੱਸ ਜਦੋਂ ਤੁਹਾਨੂੰ ਕਾਰਨ ਪਤਾ ਲੱਗ ਜਾਵੇ ਤਾਂ ਉਪਾਅ ਵੀ ਨਾਲ ਦੀ ਨਾਲ ਸੁੱਝ ਜਾਣਗੇ। ਜਿਵੇਂ ਖਾਣਾ ਘੱਟ ਕਰਨਾ, ਤਲੀਆਂ ਚੀਜਾਂ ਨਾ ਖਾਣੀਆਂ, ਸਮੇਂ ਸਿਰ ਖਾਣਾ, ਰੋਜ਼ਾਨਾ ਜਲਦੀ ਉੱਠਣਾ, ਕਸਰਤ ਕਰਨੀ ਆਦਿ।
Dr Harjinder Walia
+91-98723-14380
Patiala (Punjab) INDIA