ਫ਼ਰੀਦਕੋਟ : ਸੱਤਾਧਾਰੀ ਅਕਾਲੀ ਦਲ ਬਾਦਲ ਖਿਲਾਫ ਲੋਕਾਂ ਦਾ ਗੁੱਸਾ ਚੋਣਾ ਦੇ ਦਿਨਾਂ ਵਿਚ ਬਾਹਰ ਆ ਰਿਹਾ ਹੈ। ਭਾਵੇਂ ਸਰਕਾਰ ਵਲੋਂ ਆਖਰੀ ਦਿਨਾਂ ਵਿਚ ਗਰਾਂਟਾਂ ਦੇ ਗੱਫੇ ਵੰਡ ਕੇ ਅਤੇ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਕੇ ਲੋਕਾਂ ਦਾ ਗੁੱਸਾ ਠੰਡਾ ਕਰਨ ਦਾ ਯਤਨ ਕੀਤਾ ਗਿਆ, ਪਰ ਜਥੇਦਾਰਾਂ ਦੀਆਂ ਵਧੀਕੀਆਂ ਨੂੰ ਆਮ ਵੋਟਰ ਭੁੱਲਾ ਨਹੀਂ ਰਹੇ। ਇਸ ਦਾ ਕਾਰਨ ਬਿਨਾਂ ਕਿਸੇ ਲੋਕ ਆਧਾਰ ਦੇ ਫਰਜੀ ਆਗੂਆਂ ਨੂੰ ਵੱਡੇ ਆਹੁਦਿਆਂ ਤੇ ਬਿਠਾਉਣਾ ਵੀ ਹੋ ਸਕਦਾ ਹੈ, ਜੋ ਤਾਕਤ ਦੇ ਨਸ਼ੇ ਵਿਚ ਆਮ ਲੋਕਾਂ ਦੇ ਵਧੀਕੀਆਂ ਕਰਦੇ ਹਨ। ਇਸ ਦੀ ਤਾਜਾ ਮਿਸਾਲ ਸੱਤਾਧਾਰੀ ਅਕਾਲੀ ਦਲ ਦੇ ਮੀਤ ਪ੍ਰਧਾਨ ਲਖਵੀਰ ਸਿੰਘ ਅਰਾਈਆਂਵਾਲਾ ਦੇ ਆਪਣੇ ਹੀ ਪਿੰਡ ਦੇ ਦਰਜਨ ਤੋਂ ਵੱਧ ਪਰਿਵਾਰਾਂ ਦੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਨਾਲ ਸਾਹਮਣੇ ਆਈ ਹੈ। ਸ੍ਰੀ ਅਰਾੲੀਆਂਵਾਲਾ ਦਾ ਪਾਰਟੀ ਵਿਚ ਤਾਂ ਭਾਵੇਂ ਬਹੁਤ ਵੱਡਾ ਆਹੁਦਾ ਹੈ ਅਤੇ ਮੁੱਖ ਮੰਤਰੀ ਦੇ ਕਰੀਬੀ ਸਮਝੇ ਜਾਂਦੇ ਹਨ, ਪਰ ਪਿਛਲੀਆਂ ਪੰਚਾਇਤ ਚੋਣਾ ਵਿਚ ਉਨ੍ਹਾਂ ਨੇ ਆਪਣੇ ਪਿੰਡ ਵਿਚ ਹੀ ਸਰਪੰਚੀ ਦੀ ਚੋਣ ਲੜੀ ਸੀ ਅਤੇ ਹਰਚਰਨ ਸਿੰਘ ਸੰਧੂ ਪਾਸੋਂ ਵੱਡੇ ਫਰਕ ਨਾਲ ਹਾਰ ਗਏ ਸਨ। ਸੱਤਾਧਾਰੀ ਅਕਾਲੀ ਦਲ ਨੇ ਸਰਪੰਚੀ ਹਾਰਨ ਵਾਲੇ ਇਸ ਆਗੂ ਨੂੰ ਜਿਲਾ ਯੋਜਨਾ ਬੋਰਡ ਦਾ ਚੇਅਰਮੈਨ ਲਗਾ ਦਿੱਤਾ ਸੀ। ਪਰ ਆਪਣੇ ਪਿੰਡ ਵਿਚ ਸੀਨੀਅਰ ਅਕਾਲੀ ਆਗੂ ਆਮ ਲੋਕਾਂ ਨੂੰ ਪਾਰਟੀ ਨਾਲ ਜੋੜਨ ਵਿਚ ਕਿਨ੍ਹਾਂ ਕੁ ਕਾਮਯਾਬ ਹੋਇਆ ਹੈ ਇਸ ਦੀ ਮਿਸਾਲ ਕੱਲ੍ਹ ਪਿੰਡ ਦੇ ਦਰਜਨ ਤੋਂ ਵੱਧ ਪਰਿਵਾਰਾਂ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ ਹੈ।
‘ਆਪ’ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਇਨ੍ਹਾਂ ਪਰਿਵਾਰਾਂ ਨੂੰ ‘ਆਪ’ ਵਿੱਚ ਸ਼ਾਮਲ ਕਰਵਾਉਣ ਲਈ ਪਿੰਡ ਅਰਾਈਆਂਵਾਲਾ ਪੁੱਜੇ। ਇਸ ਮੌਕੇ ਹੋਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਮਾਂ ਆਉਣ ’ਤੇ ਗ਼ਰੀਬ ਵਰਗ, ਕਿਸਾਨਾਂ, ਮਜ਼ਦੂਰਾਂ ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਸਰਕਾਰ ਲੋਕਪੱਖੀ ਨੀਤੀਆਂ ਲੈ ਕੇ ਆਵੇਗੀ। ‘ਆਪ’ ਵਿੱਚ ਸ਼ਾਮਿਲ ਹੋਣ ਵਾਲੇ ਗੁਰਤੇਜ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਜਸਵੰਤ ਸਿੰਘ, ਦੀਪਕ ਸਿੰਘ, ਸਵਰਨ ਸਿੰਘ, ਰਵੀ ਕੁਮਾਰ, ਗੁਰਵਿੰਦਰ ਸਿੰਘ, ਕਰਮਜੀਤ ਸਿੰਘ, ਬੂਟਾ ਸਿੰਘ, ਨਿਸ਼ਾਨ ਸਿੰਘ, ਹਰਪ੍ਰੀਤ ਸਿੰਘ ਅਤੇ ਜਗਤਾਰ ਸਿੰਘ ਨੇ ਕਿਹਾ ਕਿ ਉਹ ਪਿਛਲੇ ਚਾਰ ਦਹਾਕਿਆਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਸਨ ਪਰ ਇੰਨੇ ਸਮੇਂ ਬਾਅਦ ਵੀ ਇਹ ਪਾਰਟੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਸੁਧਾਰ ਨਹੀਂ ਲਿਆ ਸਕੀ। ਇਸੇ ਕਾਰਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ। ‘ਆਪ’ ਆਗੂ ਸ਼ਵਿੰਦਰਪਾਲ ਸਿੰਘ ਸੰਧੂ, ਅਨਮੋਲਪ੍ਰੀਤ ਸਿੰਘ, ਗੁਰਤੇਜ ਸਿੰਘ ਖੋਸਾ, ਬੇਅੰਤ ਕੌਰ, ਰਣਧੀਰ ਸਿੰਘ ਅਤੇ ਸਨਕਦੀਪ ਸਿੰਘ ਨੇ ਕਿਹਾ ਕਿ ਪਿੰਡ ਅਰਾਈਆਂਵਾਲਾ ਅਕਾਲੀ ਦਲ ਦਾ ਗੜ੍ਹ ਮੰਨਿਆ ਜਾ ਰਿਹਾ ਸੀ। ਹੁਣ ਇਸ ਪਿੰਡ ਦੇ ਲੋਕਾਂ ਨੇ ‘ਆਪ’ ਵਿੱਚ ਸ਼ਾਮਿਲ ਹੋ ਕੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁਲਾਰਾ ਦਿੱਤਾ ਹੈ।
ਅਕਾਲੀ ਦਲ ਬਾਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦੇ ਮੁਖੀ ਅਤੇ ਮੈਂਬਰ