
ਗੁਰਦਾਸਪੁਰ : ਇਥੋਂ ਦੀ ਜੇਲ ਵਿਚ ਬੰਦ ਸੰਤ ਸਮਾਜ ਦੇ ਆਗੂ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਅੱਜ ਰਿਹਾ ਕਰ ਦਿੱਤਾ। ਜੇਲ ਵਿਚੋਂ ਰਿਹਾਅ ਹੋਣ ਪਿਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਦਾਦੂਵਾਲ ਨੇ ਕਿਹਾ ਕਿ ਬਾਦਲ ਦਾ ਰਾਜ ਤਾਂ ਮੁਗਲਾਂ ਤੋਂ ਵੀ ਮਾੜਾ ਹੈ। ਉਨ੍ਹਾਂ ਨੇ ਕਿਹਾ ਕਿ ਬਾਦਲ ਸਰਕਾਰ ਵਲੋਂ ਸਿੱਖਾਂ ਨੂੰ ਆਪਣੇ ਗੁਰਧਾਮਾਂ ਦੇ ਦਰਸਨ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਪੁਰਬ ਮੌਕੇ ਪਟਨਾ ਸਾਹਿਬ ਜਾਣਾ ਚਾਹੁੰਦੇ ਸਨ। ਪਰ ਬਾਦਲ ਸਰਕਾਰ ਨੇ ਬਿਨਾਂ ਵਜ੍ਹਾ ਤੋਂ ਹੀ ਉਨ੍ਹਾਂ ਨੂੰ ਜੇਲ ਵਿਚ ਬੰਦ ਕਰ ਦਿੱਤਾ ਤਾਂ ਜੋ ਉਹ ਪਟਨਾ ਸਾਹਿਬ ਨਾ ਜਾਣ। ਉਨ੍ਹਾਂ ਨੇ ਕਿਹਾ ਕਿ ਜੋ ਸਰਕਾਰ ਸਿੱਖਾਂ ਨੂੰ ਆਪਣੇ ਧਾਰਮਿਕ ਅਸਥਾਨਾ ਦੇ ਦਰਸਨਾਂ ਤੋਂ ਵੀ ਰੋਕ ਰਹੀ ਹੈ, ਉਸ ਤੋਂ ਵੱਡਾ ਸਿੱਖਾ ਦੁਸਮਣ ਕੋਈ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਬਾਦਲ ਦੀ ਗੁੰਡਾਗਰਦੀ ਹੁਣ ਖਤਮ ਹੋ ਚੁੱਕੀ ਹੈ। ਚੋਣ ਜਾਬਤਾ ਲੱਗਣ ਤੋਂ ਪਹਿਲਾਂ ਬਾਦਲ ਦੀ ਗੁੰਡਾਗਰਦੀ ਚਲਦੀ ਰਹੀ ਹੈ ਅਤੇ ਹੁਣ ਪੰਜਾਬ ਦੇ ਲੋਕ ਪੰਥ ਵਿਰੋਧੀ ਧਿਰ ਨੂੰ ਚੋਣਾ ਵਿਚ ਸਬਕ ਸਿਖਾਉਣਗੇ। ਉਨ੍ਹਾਂ ਨੇ ਕਿਹਾ ਕਿ ਚੋਣ ਜਾਬਤਾ ਲੱਗਣ ਪਿਛੋਂ ਲੋਕਾਂ ਦਾ ਗੁੱਸਾ ਆਪ ਮੁਹਾਰੇ ਬਾਹਰ ਆਉਣ ਲੱਗਾ ਹੈ ਅਤੇ ਪੰਜਾਬ ਦੇ ਲੋਕ ਹੁਣ ਬਾਦਲ ਨੂੰ ਕਿਸੇ ਵੀ ਹਾਲਤ ਵਿਚ ਸੱਤਾ ਵਿਚ ਨਹੀਂ ਆਉਣ ਦੇਣਗੇ।