
ਹੁਸ਼ਿਆਰਪੁਰ ( ਤਰਸੇਮ ਦੀਵਾਨਾ) ਹੁਸ਼ਿਆਰਪੁਰ ਦੀ ਸੰਜਨਾ ਨੇ ਖੇਲੋ ਇੰਡੀਆ ਪ੍ਰੋਗਰਾਮ ਦੇ ਤਹਿਤ ਹੋਏ ਜੁੱਡੋ ਮੁਕਾਬਲੇਬਾਜੀ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਅਤੇ ਪੰਜਾਬ ਭਰ ਵਿੱਚੋਂ ਤੀਜਾ ਸਥਾਨ ਹਾਸਿਲ ਕਰਕੇ ਹੁਸ਼ਿਆਰਪੁਰ ਦਾ ਨਾਮ ਰੋਸ਼ਨ ਕੀਤਾ। ਪੰਜਾਬ ਖੇਡ ਵਿਭਾਗ ਵੱਲੋਂ ਖੇਲੋ ਇੰਡਿਆ ਪ੍ਰੋਗਰਾਮ ਦੇ ਤਹਿਤ 14 ਤੋਂ 17 ਸਾਲ ਤੱਕ ਦੇ ਬੱਚਿਆਂ ਦੇ ਖੇਡ ਮੁਕਾਬਲੇ ਮਿਤੀ 08-01-2017 ਤੋਂ 10-01-2017 ਤੱਕ ਵਾਰ ਹੀਰਜ ਸਟੇਡੀਅਮ ਸੰਗਰੂਰ ਵਿਖੇ ਸੂਬਾ ਪੱਧਰ ਤੇ ਕਰਵਾਏ ਗਏ ਜਿਸ ਵਿੱਚ ਜਿਲਾ ਹੁਸ਼ਿਆਰਪੁਰ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਸੰਜਨਾ ਜੋ ਕਿ ਅਸਲਾਮਾਬਾਦ ਦੇ ਸ਼ੰਨੋ ਮਾਡਲ ਸਕੂਲ ਵਿੱਚ ਪੜਦੀ ਹੈ, ਨੇ ਜੁੱਡੋ ਮੁਕਾਬਲੇਬਾਜੀ ਵਿੱਚ 23 ਕਿਲੋਗ੍ਰਾਮ ਭਾਰ ਵਰਗ ਵਿੱਚ ਵਧੀਆ ਖੇਡ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਿਲ ਕਰਕੇ ਕਾਂਸੇ ਦਾ ਤਗਮਾ ਜਿੱਤਿਆ। ਸੰਜਨਾ ਨੇ ਜਿੱਥੇ ਆਪਣੇ ਸਕੂਲ, ਕੋਚ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਹੀ ਇਸ ਬੱਚੀ ਨੇ ਪੂਰੇ ਪੰਜਾਬ ਵਿੱਚ ਆਪਣੇ ਜਿਲੇ ਹੁਸ਼ਿਆਰਪੁਰ ਦਾ ਸਿਰ ਗਰਵ ਨਾਲ ਉੱਚਾ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ੰਨੋ ਮਾਡਲ ਸਕੂਲ, ਅਸਲਾਮਾਬਾਦ ਦੇ ਪ੍ਰਿੰਸੀਪਲ ਹਰੇਂਦਰ ਬਖਸ਼ੀ ਨੇ ਦੱਸਿਆ ਕਿ ਇਹ ਬੱਚੀ ਜਿੱਥੇ ਖੇਡਾਂ ਦੇ ਖੇਤਰ ਵਿੱਚ ਸਕੂਲ ਦੇ ਨਾਲ ਨਾਲ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਰਹੀ ਹੈ ਉੱਥੇ ਹੀ ਪੜਾਈ ਵਿੱਚ ਵੀ ਪਹਿਲੇ ਸਥਾਨ ਤੇ ਰਹਿ ਕੇ ਸੁਨਹਿਰੀ ਭਵਿੱਖ ਦਾ ਸੁਨੇਹਾ ਦੇ ਰਹੀ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਸੰਜਨਾ ਪਹਿਲਾਂ ਵੀ ਕਈ ਵਾਰ ਸਟੇਟ ਪੱਧਰ ਤੇ ਹੋਏ ਮੁਕਾਬਲਿਆਂ ਵਿੱਚ ਮੈਡਲ ਜਿੱਤ ਚੁੱਕੀ ਹੈ। ਇਸ ਸਭ ਦਾ ਸਿਹਰਾ ਇਸਦੇ ਕੋਚ ਅਤੇ ਇਸਦੇ ਮਾਪਿਆਂ ਦੀ ਯੋਗ ਅਗਵਾਈ ਸਿਰ ਜਾਂਦਾ ਹੈ। ਸੰਜਨਾ ਦੀ ਇਸ ਸਫਲਤਾ ਤੇ ਪ੍ਰਿੰਸੀਪਲ ਬਖਸ਼ੀ ਨੇ ਸੰਜਨਾ ਦੇ ਕੋਚ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।