
ਚੰਡੀਗੜ : ਸੋਸ਼ਲ ਮੀਡੀਆ ਉੱਤੇ ਇੱਕ ‘ਜਾਅਲੀ ਚਿੱਠੀ’ ਫੈਲਾਏ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ (ਆਪ) ਨੇ ਅੱਜ ਭਾਰਤ ਦੇ ਚੋਣ ਕਮਿਸ਼ਨ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਨਾਲ ਹੀ ਮੰਗ ਕੀਤੀ ਹੈ ਕਿ ਪੰਜਾਬ ਦੇ ਡੀ.ਜੀ.ਪੀ. ਨੂੰ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਦੀ ਸਿਫ਼ਾਰਸ਼ ਕੀਤੀ ਜਾਵੇ ਅਤੇ ਉਨਾਂ ਦੋਸ਼ੀਆਂ ਵਿਰੁੱਧ ਅਪਰਾਧਕ ਮਾਮਲਾ ਦਰਜ ਕਰਵਾਇਆ ਜਾਵੇ, ਜਿਨਾਂ ਨੇ ਸੋਸ਼ਲ ਮੀਡੀਆ ਉੱਤੇ ਇਹ ਜਾਅਲੀ ਚਿੱਠੀ ਜਾਣਬੁੱਝ ਕੇ ਫੈਲਾਈ ਹੈ।
ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਫੈਲਾਈ ਜਾ ਰਹੀ ‘ਜਾਅਲੀ ਚਿੱਠੀ’ ਬੇਹੱਦ ਬਦਨੀਤੀ ਵਾਲੀ ਅਤੇ ਬਿਲਕੁਲ ਝੂਠੀ ਹੈ ਅਤੇ ਇਹ ਪੰਜਾਬ ਦੇ ਭੋਲੇ-ਭਾਲੇ ਵੋਟਰਾਂ ਨੂੰ ਗੁੰਮਰਾਹ ਕਰਨ ਦੀ ਵਿਰੋਧੀ ਪਾਰਟੀਆਂ ਦੀ ਚਾਲ ਹੋ ਸਕਦੀ ਹੈ।
ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਮਨੁੱਖੀ ਅਧਿਕਾਰ ਸੈੱਲ ਦੇ ਕਨਵੀਨਰ ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਪਾਰਟੀ ਨੂੰ ਜਾਣਕਾਰੀ ਮਿਲੀ ਸੀ ਕਿ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਵੱਲੋਂ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲਿਖੀ ਇੱਕ ਚਿੱਠੀ ਮੀਡੀਆ ਰਾਹੀਂ ਫੈਲਾਈ ਜਾ ਰਹੀ ਹੈ, ਪਰ ਜਦੋਂ ਉਸ ਮਾਮਲੇ ਦੀ ਜਾਂਚ ਕੀਤੀ ਗਈ, ਤਾਂ ਉਹ ਚਿੱਠੀ ਜਾਅਲੀ ਪਾਈ ਗਈ।
ਨਵਕਿਰਨ ਸਿੰਘ ਨੇ ਮੁੱਖ ਚੋਣ ਕਮਿਸ਼ਨਰ ਨੂੰ ਕੀਤੀ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ,‘‘ਸਾਡੀ ਤੁਹਾਨੂੰ ਬੇਨਤੀ ਹੈ ਕਿ ਇਹ ਮਾਮਲਾ ਪੰਜਾਬ ਦੇ ਡੀ.ਜੀ.ਪੀ. ਹਵਾਲੇ ਕੀਤਾ ਜਾਵੇ, ਤਾਂ ਜੋ ਇਸ ਦੀ ਚੰਗੀ ਤਰਾਂ ਜਾਂਚ ਹੋ ਸਕੇ ਅਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਜੁਰਮ ਅਧੀਨ ਭਾਰਤੀ ਦੰਡ ਸੰਘਤਾ (ਆਈ.ਪੀ.ਸੀ.) ਦੀਆਂ ਵਾਜਬ ਵਿਵਸਥਾਵਾਂ ਅਧੀਨ ਦੋਸ਼ੀਆਂ ਵਿਰੁੱਧ ਕੇਸ ਦਾਇਰ ਕੀਤਾ ਜਾ ਸਕੇ।’’
ਆਮ ਆਦਮੀ ਪਾਰਟੀ ਨੇ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ,‘‘ਕਿਉਕਿ ਇਹ ਜਾਅਲੀ ਚਿੱਠੀ ਜਾਣ ਬੁੱਝ ਕੇ ਚੋਣਾਂ ਸਾਫ਼-ਸੁਥਰੇ ਢੰਗ ਨਾਲ ਕਰਵਾਏ ਜਾਣ ਦੀ ਪ੍ਰਕਿਰਿਆ ਵਿੱਚ ਵਿਘਨ ਪਾਉਣ ਦੇ ਇਰਾਦੇ ਨਾਲ ਫੈਲਾਈ ਗਈ ਹੈ, ਇਸ ਲਈ ਇਸ ਮਾਮਲੇ ਵਿੱਚ ਤੁਰਤ-ਫੁਰਤ ਕਾਰਵਾਈ ਕੀਤੀ ਜਾਣੀ ਜ਼ਰੂਰੀ ਹੈ।’’