
ਚੰਡੀਗੜ੍ਹ, 03 ਫਰਵਰੀ- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਵਿਚ ਅਮਨ, ਭਾਈਚਾਰਕ ਸਾਂਝ, ਵਿਕਾਸ ਤੇ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੂੰ ਵੱਧ ਚੜ੍ਹ ਕੇ ਵੋਟਾਂ ਪਾਉਣ ਅਤੇ ਮੁੜ ਸੱਤਾ ਵਿਚ ਲਿਆਉਣ ਲਈ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ।
ਅੱਜ ਇਥੇ ਪੰਜਾਬ ਦੇ ਵੋਟਰਾਂ ਦੇ ਨਾਂ ਜਾਰੀ ਇਕ ਅਪੀਲ ਵਿਚ ਉਨ੍ਹਾਂ ਕਿਹਾ ਕਿ ਹੁਣ ਤੋਂ ਬੱਸ ਕੁਝ ਹੀ ਘੰਟੇ ਬਾਅਦ ਤੁਸੀਂ ਇਹ ਫੈਸਲਾ ਕਰਨ ਲਈ ਵੋਟਾਂ ਪਾਉਣਜਾ ਰਹੇ ਹੋ ਕਿ ਅਗਲੇ ਪੰਜ ਸਾਲ ਲਈ ਤੁਹਾਡੀ ਤਕਦੀਰ ਕਿਹੋ ਜਹੇ ਹੱਥਾਂ ਵਿਚ ਹੋਵੇ। ਦਰਅਸਲ , ਇਹ ਫੈਸਲਾ ਸਿਰਫ ਪੰਜ ਸਾਲ ਦਾ ਹੀ ਨਹੀਂ ਬਲਕਿ ਤੁਆਡੇ ਸਾਰੇ ਜੀਵਨ ਅਤੇ ਤੁਹਾਡੇ ਬੱਚਿਆਂ ਦੇ ਜੀਵਨ ਦੇ ਭਵਿੱਖ ਦਾ ਵੀ ਫੈਸਲਾ ਕਰੇਗਾ। ਉਨ੍ਹਾਂ ਕਿਹਾ ਕਿ ਤੁਹਾਡੇ ਵਲੋਂ ਪਾਈ ਗਈ ਇਕ ਇਕ ਵੋਟ ਇਹ ਫੈਸਲਾ ਕਰੇਗੀ ਕਿ ਸਾਡੇ ਬੱਚਿਆਂ ਦਾ ਜੀਵਨ ਕਿਹੋ ਜਿਹਾ ਹੋਵੇਗਾ – ਅਮਨ ਅਮਨ ਵਾਲਾ ਅਤੇ ਖੁਸ਼ੀਆਂ ਤੇ ਖੇੜਿਆਂ ਭਰਿਆ ਜਾਂ ਫਿਰ ਹਿੰਸਾ , ਨਫਰਤ, ਕੱਟ ਵੱਢ, ਕਤਲੋ ਗਾਰਤ ਤੇ ਹੁੱਲੜਬਾਜ਼ੀ ਦੇ ਹਨ੍ਹੇਰੇ ਵਿਚ ਡੁੱਬਿਆ ਹੋਇਆ।
ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲ ਦੌਰਾਨ ਤੁਸੀਂ ਪੰਜਾਬ ਨੂੰ ਕੁੱਲ ਮਿਲਾ ਕੇ ਅਮਨ ਤੇ ਭਾਈਚਾਰਕ ਸਾਂਝ ਵਿਚ ਵਸਦੇ ਰਸਦੇ ਇਕ ਅਜੇਹੇ ਸੂਬੇ ਵੱਜੋਂ ਦੇਖਿਆ ਹੈ ਜਿਸ ਦੀ ਮਿਸਾਲ ਸਾਰਾ
ਦੇਸ਼ ਦਿੰਦਾ ਹੈ। ਪੰਜਾਬ ਦੇ ਦੁਸ਼ਮਣਾਂ ਨੇ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਤੇ
ਬੇਮਿਸਾਲ ਵਿਕਾਸ ਤੇ ਤਰੱਕੀ ਤੋਂ ਈਰਖਾ ਵਿਚ ਆ ਕੇ ਇੱਥੇ ਆਪਸੀ ਸ਼ੱਕ ਤੇ ਨਫਰਤ ਵਾਲਾ
ਮਹੌਲ ਖੜਾ ਕਰਨ ਲਈ ਖਤਰਨਾਕ ਸਾਜ਼ਿਸ਼ਾਂ ਰਚੀਆਂ। ਜੁਗੋ ਜੱਗ ਅਟਲ , ਪਾਵਨ ਤੇ ਸਾਨੂੰ
ਸਾਡੀਆਂ ਜਾਨਾਂ ਤੋਂ ਵੀ ਵੱਧ ਪਿਆਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ
ਬੇ-ਅਦਬੀ ਤੇ ਹੋਰ ਅਜੇਹੀਆਂ ਦਰਦਨਾਕ ਘਟਨਾਨਾਵਾਂ ਕਰਵਾਈਆਂ ਜ੍ਹਿਨਾਂ ਨਾਲ ਸੰਗਤਾਂ
ਦੇ ਹਿਰਦੇ ਵਲੂੰਧਰੇ ਗਏ।
ਸ. ਬਾਦਲ ਨੇ ਆਪਣੀ ਅਪੀਲ ਵਿਚ ਕਿਹਾ ਕਿ ਇਹਨਾਂ ਖੂਨੀਂ ਸਾਜ਼ਿਸ਼ਾਂ ਨੇ ਪੰਜਾਬ ਨੂੰ ਇੱਕ ਵਾਰ ਫਿਰ ਕਾਲੇ ਦਿਨਾਂ ਦੀ ਕੰਢੇ ਤੇ ਲਿਆ ਖੜ੍ਹਾ ਕੀਤਾ ਜਿਸ ਤੋਂ ਬਹੁਤ ਹੀ ਮੁਸ਼ਕਿਲ ਨਾਲ ਬਚਾਇਆ ਗਿਆ। ਇਹ ਕਾਲੇ ਦਿਨ ਫਿਰ ਨਾ ਆ ਜਾਣ, ਇਸ ਦੀ ਚਿੰਤਾ ਤੇ ਇਸ ਦਾ ਦਰਦ ਸਿਰਫ ਉਹਨਾਂ ਨੂੰ
ਹੀ ਹੋ ਸਕਦਾ ਹੈ ਜਿਹਨਾਂ ਨੇ ਸਾਰਾ ਜੀਵਨ ਦੁੱਖ ਸੁਖ ਵਿਚ ਇੱਥੇ ਰਹਿ ਕੇ ਗੁਜ਼ਾਰਿਆ
ਹੈ ਤੇ ਗੁਜ਼ਾਰਨਾ ਹੈ, ਨਾ ਕਿ ਉਹਨਾਂ ਨੂੰ ਜ੍ਹਿਨਾਂ ਦਾ ਮਕਸਦ ਕੇਵਲ ਪੰਜਾਬ
ਉੱਤੇ ਰਾਜ ਸਥਾਪਤ ਕਰਕੇ ਇਸ ਨੂੰ ਬਾਕੀ ਦੇਸ਼ ਵਿਚ ਰਾਜ ਸਥਾਪਤ ਕਰਨ ਲਈ ਇਕ ਪੌੜੀ ਵਾਂਗ
ਇਸਤੇਮਾਲ ਕਰਨ ਤੋਂ ਵੱਧ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਪਣੀ ਨਾਪਾਕ ਮਨਸੂਬਿਆਂ ਦੀ ਪ੍ਰਾਪਤੀ ਲਈ ਇਹਨਾਂ ਨੇ ਪੰਜਾਬ ਵਿਚ ਭਰਾ ਨੂੰ ਭਰਾ ਦਾ ਦੁਸ਼ਮਣ ਬਣਾਉਣ ਦੀਆਂ ਗਹਿਰੀਆਂ
ਚਾਲਾਂ ਚੱਲੀਆਂ ਤੇ ਸੂਬੇ ਵਿਚ ਭਰਾ ਮਾਰੂ ਖਾਨਾ-ਜੰਗੀ ਦਾ ਮਾਹੌਲ ਖੜ੍ਹਾ ਕਰ ਦਿੱਤਾ। ਹੁਣ ਪੰਜਾਬ ਦੇ ਇਨ੍ਹਾਂ ਦੁਸ਼ਮਣਾਂ ਤੋਂ ਹਿਸਾਬ ਲੈਣ ਲਈ ਫੈਸਲੇ ਦੀ ਘੜੀ ਆ ਗਈ ਹੈ।
ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਪਾਉਣ ਸਮੇਂ ਇਹ ਜ਼ਰੂਰ ਯਾਦ ਰੱਖਣ ਕਿ ਜ਼ਰਾ ਜਿੰਨੀ ਵੀ ਗ਼ਲਤੀ ਸਾਨੂੰ ਸਾਰੀ ਉਮਰ ਲਈ ਸੰਤਾਪ ਅਤੇ ਪਛਤਾਵੇ ਦੀਆਂ ਲਪਟਾਂ ਵਿਚ ਸੁੱਟ ਸਕਦੀ ਹੈ।
ਪੰਜਾਬ ਵਿਚ ਫੁੱਟ ਪਾਊ ਤੇ ਅੱਗ ਲਾਊ ਸ਼ਕਤੀਆਂ ਨੂੰ ਲੱਕ ਤੋੜਵੀਂ ਹਾਰ ਦੇ ਕੇ ਇਨ੍ਹਾਂ ਨੂੰ ਸਦਾ ਲਈ ਪੰਜਾਬ ਤੋਂ ਬਾਹਰ ਕਰੋ। ਉਨ੍ਹਾਂ ਕਿਹਾ ਕਿ ਇਹ ਸਾਡਾ ਆਪਣੇ ਬੱਚਿਆਂ ਪ੍ਰਤੀ ਘੱਟੋ ਘੱਟ ਫਰਜ਼ ਹੈ।