
ਡਾ. ਹਰਜਿੰਦਰ ਵਾਲੀਆ
27 ਅਗਸਤ 1931 ਵਿਚ ਪੂਰਬੀ ਬੰਗਾਲ ਵਿਚ ਪਦਾ ਹੋਏ ਚਿਨਮਯ ਕੁਮਾਰ ਘੋਸ ਨੇ 73 ਸਾਲ ਦੀ ਉਮਰ ਵਿਚ ਹੈਲੀਕਾਪਟਰ, ਇਕ ਹਲਕਾ ਜਹਾਜ, ਇਕ ਹਾਥੀ, ਇਕ ਕਾਰ ਅਤੇ ਇਕ ਊਠ ਆਦਿ ਕਿੰਨੇ ਹੀ ਕੁੱਝ ਦਾ ਬਾਲਾ ਕੱਢ ਕੇ ਸਭ ਨੂੰ ਹੈਰਾਨ ਕਰ ਦਿੱਤਾ। ਲੰਮੀ ਛਾਲ ਵਿਚ ਸੰਨ 2004 ਦਾ ਰੂਸੀ ਉਲੰਪਿਕ ਗੋਲਡ ਮੈਡਲ ਵਿਜੇਤਾ ਕਟਿਆਲਾ ਲੰਬੇਦੱਤਾ ਨੇ ਹੈਰਾਨ ਹੋ ਕੇ ਕਿੰਨੀ ਇਕਾਗਰਤਾ ਖਾਈ ਹੈ ਸ੍ਰੀ ਚਿਨਮਯ ਨੇ। ਉਹ ਮੇਰੇ ਪ੍ਰੇਰਨਾ ਸਰੋਤ ਨੇ ਅਤੇ ਮੈਂ ਮਹਿਸੂਸ ਕੀਤਾ ਹੈ ਕਿ ਸੱਚਮੁੱਚ ਉਮਰ ਵਿਚ ਕਿਤੇ ਕੋਈ ਅੜਿੱਕਾ ਨਹੀਂ ਬਣਦੀ। ਇਹੋ ਕਾਰਨ ਹੈ ਕਿ ਮੈਂ ਆਪਣਾ ਉਲੰਪਿਕ ਲਾਂਗ ਜੰਪ ਮੈਡਲ ਸ੍ਰੀ ਚਿਨਮਯ ਨੂੰ ਸਮਰਪਿਤ ਕਰ ਦਿੱਤਾ ਹੈ। ਜਦੋਂ ਸ੍ਰੀ ਚਿਨਮਯ ਨੂੰ ਇਸ ਉਮਰ ਵਿਚ ਸਫਲਤਾ ਦਾ ਰਾਜ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਦ੍ਰਿੜ ਸੰਕਲਪ, ਇਕਾਗਰਤਾ ਅਤੇ ਅਭਿਆਸ। ਸੋ ਦ੍ਰਿੜ ਸੰਕਲਪ ਅਤੇ ਦ੍ਰਿੜ ਇਰਾਦੇ ਅਸੰਭਵ ਕੰਮਾਂ ਨੂੰ ਸੰਭਵ ਬਣਾ ਸਕਦੇ ਹਨ। ਛੋਟੇ ਛੋਟੇ ਉਦੇਸ ਮਿੱਥ ਕੇ ਉਨ੍ਹਾਂ ਨੂੰ ਪੂਰਾ ਕਰਕੇ ਕੀਤੇ ਅਭਿਆਸ ਮਨੁੱਖ ਵਿਚ ਜਿਥੇ ਆਤਮ ਵਿਸਵਾਸ ਭਰਦੇ ਹਨ, ਉਥੇ ਉਸ ਨੂੰ ਵੱਡੇ ਸੰਕਲਪ ਧਾਰਨ ਲਈ ਪ੍ਰੇਰਿਤ ਕਰਦੇ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਸੁਹਾਵਣੇ ਮੌਸਮ ਦੀ ਸਰਮਈ ਦਸਤਕ ਤੁਹਾਡੇ ਦਰਾਂ ਤੇ ਸੁਣਾਈ ਦੇਵੇ ਤਾਂ ਦ੍ਰਿੜ ਇਰਾਦੇ ਦੀ ਕਲਮ ਫੜ੍ਹ ਕੇ ਜਿੰਦਗੀ ਦੀ ਜਿੱਤ ਦੀ ਇਬਾਰਤ ਲਿਖਣ ਦਾ ਹੌਸਲਾ ਕਰੋ। ਨਾਕਾਮੀਆਂ ਅਤੇ ਪ੍ਰੇਸਾਨੀਆਂ ਦਾ ਬੁਲੰਦ ਹੌਸਲੇ ਨਾਲ ਮੁਕਾਬਲਾ ਕਰਨ ਵਾਲੇ ਹੀ ਅੰਤ ਵਿਚ ਜਿੱਤ ਦੇ ਝੰਡੇ ਗੱਡਣ ਦਾ ਮਾਣ ਹਾਸਲ ਕਰ ਸਕਦੇ ਹਨ। ਜਿੰਦਗੀ ਦੇ ਸੰਗੀਤ ਦਾ ਆਨੰਦ ਮਾਣ ਸਕਦੇ ਹਨ। ਦ੍ਰਿੜ ਇਰਾਦੇ ਨੂੰ ਮਨ ਵਿਚ ਵਸਾਕੇ ਮੰਜਿਲ ਦੀ ਤਰਫ ਵੱਧ ਰਹੇ ਕਦਮ ਸੁਰਜੀਤ ਪਾਤਰ ਦੇ ਇਸ ਸੇਅਰ ਨੂੰ ਗੁਣਗੁਣਾਉਂਦੇ ਨਜਰੀਂ ਪੈਂਦੇ ਹਨ:
ਜੇ ਆਈ ਏ ਪਤਝੜ ਤਾਂ ਫਿਰ ਕੀ ਏ,
ਤੂੰ ਅਗਲੀ ਰੁੱਤ ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਉਂ ਲਿਆਉਣਾ ਕਲਮਾਂ
ਤੂੰਮ ਫੁੱਲਾਂ ਜੋਗੀ ਜਮੀਨ ਰੱਖੀ
ਫੁੱਲਾਂ ਜੋਗੀ ਜਮੀਨ ਤਿਆਰ ਰੱਖਣ ਵਾਲੇ ਸਾਕਾਰਤਮਕ ਸੋਚ ਦੇ ਧਾਰਨੀ ਹੁੰਦੇ ਹਨ। ਅਜਿਹੇ ਲੋਕੀ ਵਕਤ ਦੇ ਸਫੇ ਤੇ ਸੁਨਹਿਰੀ ਅੱਖਰਾਂ ਨਾਲ ਆਪਣਾ ਨਾਮ ਉਕਰਨ ਦੇ ਯੋਗ ਬਣਦੇ ਹਨ। ਅਜਿਹੇ ਸਖਸ ਵੱਡੀਆਂ ਸੋਚਾਂ ਦੇ ਮਾਲਕ ਹੁੰਦੇ ਹਨ। ਵੱਡੇ ਖੁਆਬ ਬੁਣਨਾ ਜਾਣਦੇ ਹਨ। ਹੋਰਨਾ ਨਾਲੋਂ ਤੇਜ ਸੋਚਦੇ ਹਨ ਅਤੇ ਦੂਸਰਿਆਂ ਨਾਲੋਂ ਪਹਿਲਾਂ ਸੋਚਦੇ ਹਨ। ਉੱਚੇ ਅਤੇ ਵੱਡੇ ਸੁਪਨਿਆਂ ਉਪਰ ਕਿਸੇ ਇਕ ਦਾ ਅਧਿਕਾਰ ਨਹੀਂ ਹੁੰਦਾ। ਇਸ ਸੰਸਾਰ ਵਿਚ ਬਿਨਾਂ ਇੱਛਾ ਸਕਤੀ ਦੇ ਕੋਈ ਵੀ ਸੁਪਨਾ ਹਕੀਕਤ ਵਿਚ ਨਹੀਂ ਬਦਲ ਸਕਦਾ। ਇੱਛਾ ਸਕਤੀ ਅਤੇ ਦ੍ਰਿੜ ਇਰਾਦੇ ਨਾਲ ਤੁਸੀਂ ਜੋ ਚਾਹੁੰਦੇ ਹੋ, ਉਹ ਤੁਹਾਨੂੰ ਪ੍ਰਾਪਤ ਹੋ ਜਾਂਦਾ ਹੈ। ਜੋ ਰੱਬ ਨੂੰ ਚਾਹੁੰਦਾ ਹੈ ਉਸ ਨੂੰ ਰੱਬ ਮਿਲ ਜਾਂਦਾ ਹੈ। ਜੋ ਦੌਲਤ ਅਤੇ ਤਾਕਤ ਚਾਹੁੰਦਾ ਹੈ, ਉਸਨੂੰ ਇਹ ਮਿਲ ਜਾਂਦੇ ਹਨ। ਸੈਕਸਪੀਅਰ ਕਹਿੰਦਾ ਹੈ ਕਿ ਇੱਛਾ ਸਕਤੀ ਘੋੜਾ ਬਣ ਜਾਂਦੀ ਹੈ ਤਾਂ ਮਨੁੱਖ ਘੋੜ ਸਵਾਰ। ਵੱਡੇ ਅਤੇ ਮਹਾਨ ਕੰਮਾਂ ਨੂੰ ਕਰਨ ਲਈ ਇੱਛਾ ਸਕਤੀ ਦੇ ਘੋੜੇ ਤੇ ਸਵਾਰ ਹੋਣਾ ਲਾਜਮੀ ਹੁੰਦਾ ਹੈ।