best platform for news and views

ਸੁਲਤਾਨਪੁਰ ਲੋਧੀ ਦੇ ਜ਼ਮੀਨ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਤੋਂ ਬਚਾਉਣ ਲਈ ਨਿਵੇਕਲੀ ਪਹਿਲ, 4000 ਪਖਾਨਿਆਂ ਦਾ ਵੇਸਟ ਮੱਖੂ ਅਤੇ ਜ਼ੀਰਾ ਲਿਜਾ ਰਹੀਆਂ ਹਨ ਵਿਸ਼ੇਸ਼ ਗੱਡੀਆਂ

Please Click here for Share This News

ਸੁਲਤਾਨਪੁਰ ਲੋਧੀ (ਕਪੂਰਥਲਾ), 10 ਨਵੰਬਰ

ਸੁਲਤਾਨਪੁਰ ਲੋਧੀ ਦੇ ਜ਼ਮੀਨ ਹੇਠਲੇ ਅਤੇ ਪਵਿੱਤਰ ਵੇਈਂ ਦੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਇਕ ਨਿਵੇਕਲੀ ਪਹਿਲ ਕੀਤੀ ਹੈ, ਜਿਸ ਤਹਿਤ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਇਥੇ ਆਉਣ ਵਾਲੀ ਸੰਗਤ ਵਾਸਤੇ 4000 ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਪਖਾਨਿਆਂ ਤੋਂ ਨਿਕਲਣ ਵਾਲੇ ਸੀਵਰੇਜ ਵੇਸਟ ਨੂੰ ਜ਼ਮੀਨ ਵਿੱਚ ਜਾਂ ਪਾਣੀ ਵਿੱਚ ਸੁੱਟਣ ਦੀ ਬਜਾਏ ਇਸ ਨੂੰ ਰੋਜ਼ਾਨਾ ਇਕੱਠਾ ਕਰ ਕੇ ਮੱਖੂ ਅਤੇ ਜ਼ੀਰਾ ਦੇ ਸੀਵਰੇਜ ਟਰੀਟਮੈਂਟ ਪਲਾਂਟ ਵਿੱਚ ਲਿਜਾਇਆ ਜਾ ਰਿਹਾ ਹੈ।

ਵਿਭਾਗ ਦੇ ਸੁਪਰੀਟੈਂਡਿੰਗ ਇੰਜੀਨੀਅਰ ਕੇ. ਕੇ. ਸੈਣੀ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਜੀਪੀਐਸ ਸਿਸਟਮ ਨਾਲ ਲੈਸ 66 ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਗੱਡੀਆਂ ਰੋਜ਼ਾਨਾ ਸਮੁੱਚੇ 4000 ਪਖਾਨਿਆਂ ਤੋਂ ਸੀਵਰੇਜ ਅਤੇ ਸਲਜ ਨੂੰ ਇਕੱਠਾ ਕਰ ਕੇ ਫਿਰੋਜ਼ਪੁਰ ਦੇ ਦੋਵੇਂ ਐਸ.ਟੀ.ਪੀ. ਵਿੱਚ ਲਿਜਾਂਦੀਆਂ ਹਨ, ਜਿਥੇ ਇਸ ਸੀਵਰੇਜ ਵੇਸਟ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਨੇ ਆਪਣੀਆਂ ਸਿੱਖਿਆਵਾਂ ਵਿੱਚ ਵਾਤਾਵਰਣ ਦੀ ਸੰਭਾਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ, ਜਿਸ ਤਹਿਤ ਸੁਲਤਾਨਪੁਰ ਲੋਧੀ ਵਿਖੇ ਜ਼ਮੀਨ ਹੇਠਲੇ ਅਤੇ ਪਵਿੱਤਰ ਵੇਈਂ  ਦੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਇਹ ਪਹਿਲ ਕੀਤੀ ਗਈ ਹੈ।  ਉਨ੍ਹਾਂ ਦੱਸਿਆ ਕਿ ਕਿਉਂਕਿ ਸੁਲਤਾਨਪੁਰ ਲੋਧੀ ਦੇ ਸੀਵਰੇਜ ਟਰੀਟਮੈਂਟ ਪਲਾਂਟ ਪਹਿਲਾਂ ਹੀ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ, ਇਸ ਲਈ ਇਥੇ ਆਰਜੀ ਤੌਰ ‘ਤੇ ਬਣਾਏ ਗਏ ਸਮੁੱਚੇ 4000 ਪਖਾਨਿਆਂ ਦੇ ਹੇਠਾਂ ਮੈਟਲ ਅਤੇ ਪੀਵੀਸੀ ਦੇ ਕਨਟੇਨਰ ਲਗਾਏ ਗਏ ਹਨ। ਸਾਰਾ ਵੇਸਟ ਜ਼ਮੀਨ ਦੀ ਬਜਾਏ ਇਨ੍ਹਾਂ ਕਨਟੇਨਰਾਂ ਵਿੱਚ ਇਕੱਠਾ ਹੋ ਰਿਹਾ ਹੈ, ਜਿਨ੍ਹਾਂ ਨੂੰ ਰੋਜ਼ਾਨਾ 66 ਗੱਡੀਆਂ ਖਾਲੀ ਕਰ ਕੇ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਪਹੁੰਚਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੱਡੀਆਂ ਵਿੱਚ ਜੀਪੀਐਸ ਸਿਸਟਮ ਲਗਾਇਆ ਗਿਆ ਹੈ ਅਤੇ ਸੈਂਟਰਲ ਕੰਟਰੋਲ ਰੂਮ ਤੋਂ ਹਰੇਕ ਗੱਡੀ ਦੀ ਨਿਗਰਾਨੀ ਹੋ ਰਹੀ ਹੈ।

ਸੀਵਰੇਜ ਵੇਸਟ ਦੇ ਵਿਗਿਆਨਕ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਜੀਪੀਐਸ ਸਿਸਟਮ ਨਾਲ ਲੈਸ ਇਨ੍ਹਾਂ ਗੱਡੀਆਂ ਦੀ ਮੋਨੀਟਰਿੰਗ ਹੋ ਰਹੀ ਹੈ। ਇਹ ਗੱਡੀਆਂ ਕਿੱਥੇ ਜਾ ਰਹੀਆਂ ਹਨ ਅਤੇ ਕਿੱਥੇ ਵੇਸਟ ਨੂੰ ਡੰਪ ਕਰਦੀਆਂ ਹਨ, ਸਭ ਕੁਝ ਜੀਪੀਐਸ ਸਿਸਟਮ ਰਾਹੀਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੀਪੀਐਸ ਸਿਸਟਮ ਨਾਲ ਲੈਸ 33 ਵਾਧੂ ਵਾਹਨਾਂ ਨੂੰ ਸਟੈਂਡ ਬਾਏ ਮੌਡ ‘ਤੇ ਰੱਖਿਆ ਗਿਆ ਹੈ, ਜਿਨ੍ਹਾਂ ਨੂੰ ਲੋੜ ਪੈਣ ‘ਤੇ ਫੀਲਡ ਵਿੱਚ ਉਤਾਰਿਆ ਜਾਵੇਗਾ।

ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪਵਿੱਤਰ ਨਗਰੀ ਵਿੱਚ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਗਮਾਂ ਨੂੰ ਯੋਜਨਾਬੱਧ ਤਰੀਕੇ ਨਾਲ ਆਯੋਜਿਤ ਕਰਨ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਇਸ ਨਗਰੀ ਦੀ ਪਵਿੱਤਰਤਾ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਕਈ ਕਾਰਜ ਕਰ ਰਹੀ ਹੈ। ਇਸ ਪਵਿੱਤਰ ਨਗਰ ਵਿੱਚ   ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ 14 ਸਾਲਾਂ ਤੋਂ ਜ਼ਿਆਦਾ ਸਮਾਂ ਬਤੀਤ ਕੀਤਾ ਸੀ, ਜਿਥੇ ਨਤਮਸਤਕ ਹੋਣ ਲਈ ਲੱਖਾਂ ਦੀ ਤਦਾਦ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਵਿੱਚ ਸਫ਼ਾਈ ਵਿਵਸਥਾ ਨੂੰ ਸੁਚਾਰੂ ਅਤੇ ਆਲ੍ਹਾ ਦਰਜੇ ਦਾ ਬਣਾਈ ਰੱਖਣ ਲਈ ਸੜਕਾਂ ‘ਤੇ 500 ਸਫਾਈ-ਸੇਵਕਾਂ ਦੀ ਤਾਇਨਾਤੀ ਕੀਤੀ ਗਈ ਹੈ।

Please Click here for Share This News

Leave a Reply

Your email address will not be published.