
ਚੰਡੀਗੜ੍ਹ : ਇਨ੍ਹੀਂ ਪੰਜਾਬ ਵਿਧਾਨ ਸਭਾ ਚੋਣਾ ਦੀਆਂ ਚੱਲ ਰਹੀਆਂ ਸਰਗਮਰੀਆਂ ਦੌਰਾਨ ਜਿਥੇ ਸ਼ੋ੍ਮਣੀ ਅਕਾਲੀ ਦਲ ਬਾਦਲ ਨੂੰ ਕਈ ਝਟਕੇ ਲੱਗ ਰਹੇ ਨੇ, ਉਸ ਦੌਰਾਨ ਹੀ ਅੱਜ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਇਕ ਹੋਰ ਝਟਕਾ ਲੱਗਾ ਜਦੋਂ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਾ ਮਿਲੀ ਅਤੇ ਬੀਬਾ ਵਲੋਂ ਪਾਈ ਅਰਜੀ ਖਾਰਜ ਹੋ ਗਈ। ਇਸ ਤਰਾਂ ਬੀਬੀ ਜਗੀਰ ਕੌਰ ਵਿਧਾਨ ਸਭਾ ਦੇ ਚੋਣ ਮੈਦਾਨ ਵਿਚੋਂ ਬਾਹਰ ਹੋ ਗਏ ਹਨ। ਇਸ ਤੋਂ ਪਹਿਲਾਂ ਕੱਲ ਪੰਜਾਬ ਤੇ ਹਰਿਅਾਣਾ ਹਾਈ ਕੋਰਟ ਵਿਚ ਪਾਈ ਗਈ ਅਰਜੀ ਰੱਦ ਹੋ ਗਈ ਸੀ। ਬੀਬੀ ਜਗੀਰ ਕੌਰ ਖਿਲਾਫ ਚਲਦੇ ਇਕ ਮਾਮਲੇ ਵਿਚ ਪਟਿਆਲਾ ਦੀ ਸੀ.ਬੀ.ਆਈ. ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਮੰਨਦਿਆਂ 5 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਬੀਬੀ ਜਗੀਰ ਕੌਰ ਨੇ ਇਸ ਸਜ਼ਾ ਵਿਰੁੱਧ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸਜ਼ਾ ਰੱਦ ਕਰਨ ਲਈ ਅਰਜੀ ਦਾਇਰ ਕੀਤੀ ਸੀ। ਬੀਬੀ ਜਗੀਰ ਕੌਰ ਨੇ ਅਦਾਲਤ ਵਿਚ ਅਰਜੀ ਦਾਇਰ ਕਰਕੇ ਇਹ ਸਜ਼ਾ ਰੱਦ ਕਰਨ ਅਤੇ ਪੰਜਾਬ ਵਿਧਾਨ ਸਭਾ ਚੋਣ ਲੜਨ ਦੀ ਇਜਾਜਤ ਦੀ ਮੰਗ ਕੀਤੀ ਸੀ। ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਅਰਜੀ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਅੱਜ ਬੀਬੀ ਜਗੀਰ ਕੌਰ ਵਲੋਂ ਸੁਪਰੀਮ ਕੋਰਟ ਵਿਚ ਅਰਜੀ ਦਾਇਰ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਅਰਜੀ ਨਾਮਨਜੂਰ ਕਰ ਦਿੱਤੀ।