best platform for news and views

ਸੁਖਬੀਰ ਬਾਦਲ ਵੱਲੋਂ ਫਰੀਦਕੋਟ ਦੇ ਵਿਕਾਸ ਕਾਰਜ ਰੋਕਣ ਦੀ ਕੋਸ਼ਿਸ਼ : ਵਿਧਾਇਕ ਕਿੱਕੀ ਢਿੱਲੋਂ 

Please Click here for Share This News

ਫ਼ਰੀਦਕੋਟ, 10 ਜੁਲਾਈ  – ਮਗਨਰੇਗਾ ਸਕੀਮ ਤਹਿਤ ਫ਼ਰੀਦਕੋਟ ਜਿਲੇ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਹੋਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ‘ਚ ਕਥਿਤ ਬੇਨਿਯਮੀਆਂ ਸੰਬੰਧੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਭਾਰਤ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਮੰਤਰੀ ਨਰਿੰਦਰਾ ਸਿੰਘ ਤੋਮਰ ਨੂੰ ਕੀਤੀ ਸ਼ਿਕਾਇਤ ‘ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਕੇਂਦਰੀ ਟੀਮ ਵੱਲੋਂ ਫਰੀਦਕੋਟ ਬਲਾਕ ਦੇ ਪੰਜ ਪਿੰਡਾਂ ਦਾ ਦੌਰਾ ਕੀਤਾ ਗਿਆ ਸੀ । ਜਿਸ ‘ਤੇ ਫਰੀਦਕੋਟ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ  ਨੇ ਪ੍ਰੈਸ ਕਾਨਫਰੰਸ ਕਰਕੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਫਰੀਦਕੋਟ ਹਲਕੇ ਵਿਚ ਬਿਲਕੁਲ ਵਧੀਆ ਤਰੀਕੇ ਨਾਲ ਅਤੇ ਨਿਯਮਾਂ ਮੁਤਾਬਕ ਲੋਕਾਂ ਦੀ ਮੰਗ ਤੇ ਸਾਂਝੇ ਕੰਮ ਕੀਤੇ ਗਏ ਹਨ । ਵਿਧਾਇਕ ਕਿੱਕੀ ਢਿੱਲੋਂ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਅਤੇ ਜਿਹੜੇ ਪਿੰਡਾਂ ਵਿੱਚ ਉਹਨਾਂ ਕੇਂਦਰ ਸਰਕਾਰ ਦੇ ਅਸਰ ਰਸੂਖ ਨਾਲ ਚੈਕਿੰਗ ਟੀਮ ਭੇਜੀ ਹੈ, ਉਹਨਾਂ ਪਿੰਡਾਂ ਦੇ ਲੋਕਾਂ ਨੂੰ ਕੈਲੇਫੋਰਨੀਆ ਬਣਾਉਣ ਦੇ ਸੁਪਨੇ ਦਿਖਾਏ ਸੀ। ਪਰੰਤੂ ਸੁਖਬੀਰ ਸਿੰਘ ਬਾਦਲ ਨੇ ਫਰੀਦਕੋਟ ਹਲਕੇ ਤੋਂ ਤਿੰਨ ਵਾਰ ਸਾਂਸਦ ਰਹਿਣ ਦੇ ਬਾਵਜੂਦ ਕੁਝ ਵੀ ਨਹੀਂ ਕੀਤਾ। ਕਿੱਕੀ ਢਿੱਲੋਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਫਰੀਦਕੋਟ ਜਿਲੇ ਵਿੱਚ ਸਿਰਫ਼ ਦੋ ਸਾਲਾਂ ‘ਚ ਹੋਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਕਾਰਨ ਬੌਖਲਾਹਟ ‘ਚ ਹਨ ਕਿਉਂਕਿ ਅਕਾਲੀ ਦਲ ਪ੍ਰਤੀ ਲੋਕਾਂ ਦਾ ਗੁੱਸਾ ਸਿਖ਼ਰ ‘ਤੇ ਹੈ। ਜਿੱਥੇ ਇੱਕ ਪਾਸੇ ਦਸ ਸਾਲ ਸੱਤਾ ‘ਚ ਰਹਿਣ ਦੇ ਬਾਵਜੂਦ ਅਕਾਲੀ ਦਲ ਲੋਕਾਂ ਦੀ ਉਮੀਦ ‘ਤੇ ਖਰਾ ਨਹੀਂ ਉੱਤਰ ਸਕਿਆ, ਉੱਥੇ ਹੀ ਬਰਗਾੜੀ ਕਾਂਡ ਕਾਰਨ ਅਕਾਲੀ ਦਲ ਦਾ ਅਕਸ ਬੁਰੀ ਤਰਾਂ ਖਰਾਬ ਹੋ ਚੁੱਕਾ ਹੈ। ਵਿਧਾਇਕ ਕਿੱਕੀ ਢਿੱਲੋਂ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਫਰੀਦਕੋਟ ਜਿਲੇ  ‘ਚ ਤੀਸਰੇ ਸਥਾਨ ‘ਤੇ ਰਿਹਾ ਹੈ ਅਤੇ ਇਸ ਵਾਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਅਕਾਲੀ ਦਲ ਫਰੀਦਕੋਟ ਜਿਲੇ ਵਿੱਚ 60 ਹਜ਼ਾਰ ਵੋਟਾਂ ਪਿੱਛੇ ਰਿਹਾ ਹੈ। ਜਿਸ ਕਾਰਨ ਅਕਾਲੀ ਦਲ ਵਿਕਾਸ ਕਾਰਜ ਰੁਕਵਾਉਣਾ ਚਾਹੁੰਦਾ ਹੈ। ਕਿੱਕੀ ਢਿੱਲੋਂ ਨੇ ਕਿਹਾ ਕਿ  ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਐਮ.ਪੀ ਹੋਣ ਦੇ ਬਾਵਜੂਦ ਅਕਾਲੀ ਦਲ ਦੇ ਸਥਾਨਕ ਆਗੂ ਦੀ ਸ਼ਾਖ ਬਚਾਉਣ ਦੇ ਨਿੱਜੀ ਹਿੱਤਾਂ ਖਾਤਰ ਫਰੀਦਕੋਟ ਹਲਕੇ ਦੇ ਵਿਕਾਸ ਕਾਰਜਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਅਕਾਲੀ ਦਲ ਦੇ ਆਗੂਆਂ ਤੇ ਨਰੇਗਾ ਮਜ਼ਦੂਰਾਂ ਦਾ ਰੁਜ਼ਗਾਰ ਖੋਹਣ ਦੀ ਕੋਸ਼ਿਸ਼ ਕਰਨ ਦਾ ਦੋਸ਼  ਲਗਾਇਆ ਹੈ । ਉਨ੍ਹਾਂ  ਕਿਹਾ ਕਿ ਉਹਨਾਂ ਕਦੇ ਵੀ ਵਿਰੋਧੀ ਧਿਰ ‘ਚ ਹੁੰਦਿਆਂ ਘਟੀਆ ਪੱਧਰ ਦੀ ਰਾਜਨੀਤੀ ਨਹੀਂ ਕੀਤੀ ਅਤੇ ਕਦੇ ਵੀ ਵਿਕਾਸ ਕਾਰਜਾਂ ‘ਚ ਅੜਿੱਕਾ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸੁਖਬੀਰ ਸਿੰਘ ਬਾਦਲ ਫਰੀਦਕੋਟ ਤੋਂ ਤਿੰਨ ਵਾਰ ਸਾਂਸਦ ਰਹੇ ਅਤੇ ਕੇਂਦਰੀ ਮੰਤਰੀ ਵੀ ਰਹੇ ਅਤੇ ਫਰੀਦਕੋਟ ਦੇ ਲੋਕਾਂ ਨੂੰ ਸੁਖਬੀਰ ਸਿੰਘ ਬਾਦਲ  ਤੋਂ ਅਜਿਹੀ ਘਟੀਆ ਕਾਰਵਾਈ ਦੀ ਉਮੀਦ ਨਹੀਂ ਸੀ। ਵਿਧਾਇਕ ਨੇ ਸੁਖਬੀਰ ਬਾਦਲ ਨੂੰ ਖੁੱਲੀ ਚੁਣੌਤੀ ਦਿੰਦਿਆ ਕਿਹਾ ਕਿ ਉਹ ਪਿਛਲੇ ਦਸ ਸਾਲਾਂ ਦੌਰਾਨ ਹੋਏ ਵਿਕਾਸ ਕਾਰਜਾਂ ਅਤੇ ਹੁਣ ਦੋ ਸਾਲਾਂ ਦੌਰਾਨ ਹੋਏ ਵਿਕਾਸ ਕਾਰਜਾਂ ਦਾ ਫਰਕ ਦੇਖ ਲੈਣ ਅਤੇ ਲੋਕਾਂ ਵਿੱਚ  ਖੁੱਲ੍ਹੀ ਬਹਿਸ ਕਰ ਲੈਣ ।

Please Click here for Share This News

Leave a Reply

Your email address will not be published.