
ਬਰਨਾਲਾ : ਵਿਧਾਨ ਸਭਾ ਚੋਣਾ ਦੌਰਾਨ ਸਿਆਸੀ ਆਗੂਆਂ ਵਲੋਂ ਇਕ ਦੂਜੇ ‘ਤੇ ਨਿੱਜੀ ਦੂਸ਼ਣਬਾਜੀ ਅਤੇ ਇਕ ਦੂਜੇ ਦੇ ਚਰਿੱਤਰ ‘ਤੇ ਹਮਲੇ ਕਰਨ ਦਾ ਸਿਲਸਲਾ ਲਗਾਤਾਰ ਵਧਦਾ ਜਾ ਰਿਹਾ ਹੈ। 27 ਜਨਵਰੀ ਨੂੰ ਅਕਾਲੀ ਦਲ ਦੇ ਨਿਰਾਜ਼ ਐਮ.ਪੀ. ਸ਼ੇਰ ਸਿੰਘ ਘੁਬਾਇਆ ਦੀ ਅਸ਼ਲੀਲ ਵੀਡੀਓ ਵਾਇਰਲ ਕਰਕੇ ਸ਼੍ਰੀ ਘੁਬਾਇਆ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਬਾਅਦ ਵਿਚ ਸ੍ਰੀ ਘੁਬਾਇਆ ਵਲੋਂ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਦੋਸ਼ ਲਾਏ ਗਏ ਕਿ ਸ੍ਰੀ ਬਾਦਲ ਨੇ ਹੀ ਉਨ੍ਹਾਂ ਨੂੰ ਬਦਨਾਮ ਕਰਨ ਲਈ ਫਰਜੀ ਸੈਕਸੀ ਵੀਡੀਓ ਵਾਇਰਲ ਕਰਵਾਈ ਹੈ। ਅੱਜ ਬਰਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਚਰਿੱਤਰ ‘ਤੇ ਉਂਗਲੀ ਉਠਾਉਂਦਿਆਂ ਕਿਹਾ ਕਿ ‘ਕੈਪਟਨ ਦੇ ਪਾਕਿਸਤਾਨ ਰਿਸ਼ਤੇ ਹਨ, ਉਨ੍ਹਾਂ ਦਾ ਪੰਜਾਬ ਲਈ ਟਾਈਮ ਹੀ ਨਹੀਂ ਲੱਗਣਾ”। ਸੁਖਬੀਰ ਸਿੰਘ ਬਾਦਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਅਤੇ ਵੋਟਰਾਂ ਨੂੰ ਅਕਾਲੀ ਭਾਜਪਾ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਜਿਕਰ ਕਰ ਰਹੇ ਸਨ। ਆਪਣੇ ਭਾਸ਼ਨ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਚਰਿੱਤਰ ‘ਤੇ ਸਿੱਧਾ ਕੁਮੈਂਟ ਕਰਦਿਆਂ ਵੋਟਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨਾਲ ਸਬੰਧਾਂ ਦੀ ਯਾਦ ਦਿਵਾ ਦਿੱਤੀ। ਜਦੋਂ ਸੁਖਬੀਰ ਸਿੰਘ ਬਾਦਲ ਨੇ ਕਿਹਾ ”ਕੇਜਰੀਵਾਲ ਨੇ ਜੇ ਸੈਂਟਰ ‘ਚ ਮੋਦੀ ਸਾਹਿਬ ਨੂੰ ਗਾਲਾਂ ਕੱਢਤੀਆਂ ਤਾਂ ਉਹਨੇ ਦੁਆਨੀ ਨੀ ਦੇਣੀ, ਰਾਜੇ ਦੇ ਤਾਂ ਪਾਕਿਸਤਾਨ ਵਿਚ ਰਿਸ਼ਤੇ ਐ, ਉਹਦਾ ਤਾਂ ਟਾਈਮ ਹੀ ਨਹੀਂ ਲੱਗਣਾ ਪੰਜਾਬ ਵਾਸਤੇ” ਤਾਂ ਪੰਡਾਲ ਵਿਚ ਬੈਠੇ ਲੋਕਾਂ ਨੇ ਤਾੜੀਆਂ ਮਾਰੀਆਂ। ਇਸ ਤਰਾਂ ਅੱਜਕੱਲ੍ਹ ਸਿਆਸੀ ਆਗੂਆਂ ਦੇ ਭਾਸ਼ਨਾਂ ਵਿਚੋਂ ਲੋਕਾਂ ਦੇ ਮੁੱਦੇ ਤਾਂ ਗਾਇਬ ਹੁੰਦੇ ਜਾ ਰਹੇ ਹਨ, ਪਰ ਦੂਸ਼ਣਬਾਜੀਆਂ ਅਤੇ ਹਸਾਉਣੇ ਵਾਅਦੇ ਹਾਵੀ ਹੁੰਦੇ ਜਾ ਰਹੇ ਹਨ, ਪਰ ਇਸਤੋਂ ਵੀ ਹੈਰਾਨੀਜਨਕ ਗੱਲ ਇਹ ਹੈ ਕਿ ਲੋਕ ਸਭ ਕੁੱਝ ਦੇ ਨਜ਼ਾਰੇ ਲੈ ਰਹੇ ਹਨ।