
ਰਾਜਨ ਮਾਨ
ਨਾਗਕਲਾਂ (ਅੰਮ੍ਰਿਤਸਰ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਜੀਠਾ ਹਲਕੇ ਦੇ ਨਾਗ ਕਲਾਂ, ਚਵਿੰਡਾ ਦੇਵੀ, ਭੀਲੋਵਾਲ, ਭੋਏਵਾਲ ਅਤੇ ਦਿਆਲਪੁਰਾ ਪਿੰਡਾਂ ਵਿੱਚ ਜਨਤਕ ਇਕੱਠਾਂ ਨੂੰ ਸੰਬੋਧਿਤ ਕੀਤਾ, ਜਿੱਥੇ ਲੋਕਾਂ ਵੱਲੋਂ ਉਨਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ।
ਕਾਂਗਰਸ ਅਤੇ ਅਕਾਲੀ ਦਲ ਦੇ ਆਪਸ ਵਿੱਚ ਮਿਲੇ ਹੋਣ ਜਾਣ ਦਾ ਆਰੋਪ ਲਗਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਦੋਵਾਂ ਪਾਰਟੀਆਂ ਵੱਲੋਂ ਪੰਜਾਬ ਨੂੰ ਕਈ ਦਹਾਕਿਆਂ ਤੋਂ ਲੁੱਟਿਆ ਗਿਆ ਹੈ ਅਤੇ ਦੋਵਾਂ ਪਾਰਟੀਆਂ ਦੇ ਆਪਸ ਵਿੱਚ ਸਾਂਝੇ ਵਪਾਰਿਕ ਹਿੱਤ ਹਨ। ਹੁਣ ਜਦੋਂ ਪੰਜਾਬ ਦੇ ਸਿਆਸੀ ਨਕਸ਼ੇ ਉਤੇ ਆਮ ਆਦਮੀ ਪਾਰਟੀ ਉਭਰ ਆਈ ਹੈ, ਤਾਂ ਦੋਵਾਂ ਪਾਰਟੀਆਂ ਨੂੰ ਡਰ ਸਤਾ ਰਿਹਾ ਹੈ ਕਿ ਉਨਾਂ ਦੇ ਗੈਰ-ਕਾਨੂੰਨੀ ਕਾਰੋਬਾਰ ਅਤੇ ਪਾਪ ਜਨਤਾ ਦੇ ਸਾਹਮਣੇ ਉਜਾਗਰ ਹੋ ਜਾਣਗੇ। ਉਨਾਂ ਕਿਹਾ ਕਿ ਇਸ ਤੱਥ ਇਸ ਗੱਲ ਤੋਂ ਸਾਬਿਤ ਹੋ ਗਿਆ ਕਿਉਂਕਿ ਕਾਂਗਰਸ ਦੀ ਮਜੀਠਾ ਰੈਲੀ ਵਿੱਚ ਨਾ ਤਾਂ ਰਾਹੁਲ ਗਾਂਧੀ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਨੇ ਡਰੱਗ ਦੇ ਕਾਰੋਬਾਰ ਵਿੱਚ ਬਿਕਰਮ ਮਜੀਠੀਆ ਦਾ ਨਾਮ ਲਿਆ ਹੈ।
ਉਨਾਂ ਹੋਰ ਜਾਣਕਾਰੀ ਦਿੰਦਿਆ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਅਤੇ ਉਸਦੇ ਗੁੰਡਿਆਂ ਵੱਲੋਂ ਉਨਾਂ ਖਿਲਾਫ ਆਵਾਜ ਚੁੱਕਣ ਵਾਲਿਆਂ ਖਿਲਾਫ ਝੂਠੇ ਪਰਚੇ ਕਰਵਾਏ ਜਾਂਦੇ ਰਹੇ ਹਨ। ਆਮ ਆਦਮੀ ਪਾਰਟੀ ਇਹ ਭਰੋਸਾ ਦਿੰਦੀ ਹੈ ਕਿ ਝੂਠੇ ਕੇਸ ਰੱਦ ਕੀਤੇ ਜਾਣਗੇ ਅਤੇ ਅਸਲੀ ਦੋਸ਼ੀਆਂ ਖਿਲਾਫ ਕੇਸ ਦਾਇਰ ਕੀਤੇ ਜਾਣਗੇ। ਉਨਾਂ ਅਪੀਲ ਕੀਤੀ ਕਿ ਪੰਜਾਬ ਦੇ ਲੋਕ ਇਨਾਂ ਭ੍ਰਿਸ਼ਟ ਪਾਰਟੀਆਂ ਨੂੰ ਆਪਣੀ ਵੋਟ ਨਾ ਦੇਣ ਅਤੇ ਇੱਕ ਖੁਸ਼ਹਾਲ ਪੰਜਾਬ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ।
ਬੇਅਦਬੀ ਘਟਨਾਵਾਂ ਵਿੱਚ ਅਕਾਲੀ ਦਲ ਦਾ ਹੱਥ ਹੋਣ ਦੇ ਸੁਖਬੀਰ ਬਾਦਲ ਦੇ ਬਿਆਨ ਦਾ ਜਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪ੍ਰਮਾਤਮਾ ਨੇ ਸੁਖਬੀਰ ਬਾਦਲ ਨੂੰ ਸੱਚ ਬੋਲਣ ਲਈ ਮਜਬੂਰ ਕੀਤਾ ਹੈ ਅਤੇ ਆਖਿਰਕਾਰ ਉਸਦੀ ਜੁਬਾਨੋਂ ਸੱਚ ਬੁਲਵਾ ਹੀ ਦਿੱਤਾ।
ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦਾ ਜਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਸੇ ਪੱਧਰ ਉਤੇ ਪੰਜਾਬ ਵਿੱਚ ਵੀ ਵਿਕਾਸ ਕਾਰਜ ਕਰਵਾਏ ਜਾਣਗੇ ਅਤੇ ਪੰਜਾਬ ਨੂੰ ਇਨਾਂ ਭ੍ਰਿਸ਼ਟ ਸਿਆਸਤਦਾਨਾਂ ਦੇ ਚੁੰਗਲ ਵਿੱਚੋਂ ਆਜਾਦ ਕੀਤਾ ਜਾਵੇਗਾ।