ਰਾਜਨ ਮਾਨ
ਅੰਮ੍ਰਿਤਸਰ,18 ਸਤੰਬਰ,…ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਵੱਲੋਂ ਇਕ ਮਹੱਤਵਪੂਰਨ ਫੈਸਲੇ ਰਾਹੀਂ ਆਪਣੇ-ਆਪਣੇ ਖੇਤਰਾਂ ਦੇ ਪ੍ਰਸਿੱਧ ਮਾਹਿਰਾਂ ਤੇ ਵਿਦਵਾਨਾਂ ਨੂੰ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਮੈਂਬਰ ਨਿਯੁਕਤ ਕੀਤਾ ਹੈ। ਪ੍ਰਸਿੱਧ ਪ੍ਰਸ਼ਾਸਨਿਕ ਅਧਿਕਾਰੀ ਅਤੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਦੇ ਐਡੀਸ਼ਨਲ ਸਕੱਤਰ (ਟੈਕਨੀਕਲ ਐਜੂਕੇਸ਼ਨ) ਸ਼੍ਰੀ ਆਰ. ਸੁਬਰਾਮਨੀਅਮ ਆਈ.ਏ.ਐਸ., ਨਾਮਵਰ ਖੇਤੀਬਾੜੀ ਅਰਥਸ਼ਾਸਤਰੀ ਅਤੇ ਪਦਮਭੂਸ਼ਣ ਪ੍ਰਾਪਤ, ਡਾ. ਸਰਦਾਰਾ ਸਿੰਘ ਜੌਹਲ ਅਤੇ ਪ੍ਰਸਿੱਧ ਸਿਆਸਤਦਾਨ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਆਰ. ਸੁਬਰਾਮਨੀਅਮ ਨੂੰ ਭਾਰਤ ਸਰਕਾਰ ਦੇ ਵੱਖ-ਵੱਖ ਅਦਾਰਿਆਂ ਵਿਚ ੩੨ ਸਾਲ ਦਾ ਪ੍ਰਸ਼ਾਸਨਿਕ ਤਜਰਬਾ ਹੈ ਅਤੇ ਉਨ੍ਹਾਂ ਨੇ ਇੰਗਲੈਂਡ ਦੀ ਯੂਨੀਵਰਸਿਟੀ ਆਫ ਬਰਡਫੋਰਡ ਤੋਂ ਕੌਮਨਵੈਲਥ ਫੈਲੋਸ਼ਿਪ ਨਾਲ ਐਮ.ਐਸ.ਸੀ. ਮਾਈਕਰੋ ਇਕਨਾਮਿਕਸ ਦੀ ਡਿਗਰੀ ਹਾਸਲ ਕੀਤੀ ਹੈ।
ਪ੍ਰੋ. ਐਸ.ਐਸ. ਜੌਹਲ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖੇਤੀਬਾੜੀ ਅਰਥਸ਼ਾਸਤਰੀ ਹਨ, ਉਹ ਪ੍ਰਸਿੱਧ ਵਿਦਵਾਨ, ਸਲਾਹਕਾਰ ਅਤੇ ਪ੍ਰਸ਼ਾਸਨ ਮਾਹਿਰ ਹਨ। ਉਹ ਸੈਂਟਰ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਦੇ ਪਹਿਲੇ ਚਾਂਸਲਰ ਹੋਣ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ-ਚਾਂਸਲਰ ਰਹਿ ਚੁੱਕੇ ਹਨ। ਪ੍ਰੋ. ਜੌਹਲ ਦੇਸ਼ ਦੇ ਚਾਰ ਪ੍ਰਧਾਨ ਮੰਤਰੀਆਂ ਦੇ ਇਕਨਾਮਿਕ ਐਡਵਾਈਜ਼ਰੀ ਕੌਂਸਲ ਦੇ ਮੈਂਬਰ ਵਜੋਂ ਆਪਣੀਆ ਸੇਵਾਵਾਂ ਨਿਭਾਅ ਚੁੱਕੇ ਹਨ।
ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਦੇਸ਼ ਦੇ ਪ੍ਰਸਿੱਧ ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਅਤੇ ਪੰਜਾਬ ਦੇ ਡੇਰਾ ਬਾਬਾ ਨਾਨਕ ਹਲਕੇ ਤੋਂ ਐਮ.ਐਲ.ਏ. ਹਨ ਜਿਨ੍ਹਾਂ ਨੇ ਤੀਜੀ ਵਾਰ ਜਿੱਤ ਹਾਸਲ ਕੀਤੀ।