ਸਿੱਧੂ ਦੇ ਸਵਾਗਤ ਲਈ ਉਮੜਿਆ ਜਨ-ਸੈਲਾਬ
ਰਾਜਨ ਮਾਨ
9501114442
ਅੰਮ੍ਰਿਤਸਰ : ਸਾਬਕਾ ਸੰਸਦ ਸ਼੍ਰੀ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਅੱਜ ਅੰਮ੍ਰਿਤਸਰ ਪਹੁੰਚਣ ਤੇ ਸਵਾਗਤ ਕਰਲ ਲਈ ਕਾਂਗਰਸੀਆਂ ਤੇ ਆਮ ਲੋਕਾ ਦਾ ਜਨ-ਸੈਲਾਬ ਉਮੜ ਆਇਆ। ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਆਪਣੇ ਹਰਮਨ ਪਿਆਰੇ ਆਗੂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ਤੇ ਪਹੁੰਚੇ। ਸਿੱਧੂ ਦੀ ਆਮਦ ਤੇ ਮਜੀਠੀਆ ਤੇ ਭਾਜਪਾ ਲੋਕ ਸਭਾ ਉਮੀਦਵਾਰ ਛੀਨਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ।
ਹਵਾਈ ਅੱਡੇ ਤੋਂ ਅੰਮ੍ਰਿਤਸਰ ਸ਼ਹਿਰ ਤੱਕ ਥਾਂ ਥਾਂ ਤੇ ਲੋਕਾਂ ਤੇ ਕਾਂਗਰਸੀ ਆਗੂਆਂ ਵਲੋਂ ਸਿੱਧੂ ਦਾ ਬੜੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਿੱਧੂ ਦੇ ਸਵਾਗਤ ਲਈ ਉਮੜੇ ਜਨ ਸੈਲਾਬ ਨੇ ਅਕਾਲੀਆਂ ਤੇ ਭਾਜਪਾਈਆਂ ਦੀ ਨੀਂਦ ਉਡਾ ਦਿੱਤੀ ਹੈ। ਸ਼੍ਰੀ ਸਿੱਧੂ ਅੱਜ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਹਵਾਈ ਅੱਡੇ ਤੇ ਪਹੁੰਚੇ ਅਤੇ ਉਥੇ ਉਹਨਾਂ ਦੇ ਸਵਾਗਤ ਲਈ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠਾ,ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ, ਡਾ.ਰਾਜ ਕੁਮਾਰ,ਬਲਜਿੰਦਰ ਸਿੰਘ ਥਾਂਦੇ ਸਮੇਤ ਕਈ ਹੋਰ ਆਗੂ ਆਏ ਹੋਏ ਸਨ। ਜਿਉਂ ਹੀ ਸਿੱਧੂ ਹਵਾਈ ਅੱਡੇ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਸਵਾਗਤ ਲਈ ਆਏ ਸੈਂਕੜੇ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਅਤੇ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ ਹਰ ਵਿਅਕਤੀ ਸਿੱਧੂ ਦੀ ਇੱਕ ਝਲਕ ਪਾਉਣ ਲਈ ਤਰਲੋ ਮੱਛੀ ਹੋ ਰਿਹਾ ਸੀ। ਸਿੱਧੂ ਨੂੰ ਵੇਖਣ ਤੇ ਮਿਲਣ ਲਈ ਉਸਦੇ ਸਮਰਥਕਾਂ ਵਿੱਚ ਭਾਰੀ ਉਤਸੁਕਤਾ ਨਜ਼ਰ ਆ ਰਹੀ ਸੀ। ਸਮਰਥਕਾਂ ਵਲੋਂ ‘ਆ ਗਿਆ ਸਿੱਧੂ ਛਾ ਗਿਆ ਸਿੱਧੂ’ ਦੇ ਨਾਅਰਿਆਂ ਨਾਲ ਉਸਦਾ ਸਵਾਗਤ ਕੀਤਾ ਜਾ ਰਿਹਾ ਹੈ। ਲੋਕਾਂ ਵਲੋਂ ਥਾਂ ਥਾਂ ਤੇ ਇੰਨਾ ਵੱਡਾ ਸਵਾਗਤ ਕੀਤਾ ਜਾ ਰਿਹਾ ਸੀ ਕਿ ਹਵਾਈ ਅੱਡੇ ਤੋਂ ਸ਼ਹਿਰ ਤੱਕ ਦਾ ਦਸ ਮਿੰਟ ਦਾ ਸਫਰ ਉਹਨਾਂ ਦੇ ਕਾਫਲੇ ਨੇ ਕਰੀਬ ਚਾਰ ਘੰਟਿਆਂ ਵਿੱਚ ਤਹਿ ਕੀਤਾ। ਲੋਕਾਂ ਦਾ ਜੋਸ਼ ਵੇਖਕੇ ਕਾਂਗਰਸੀ ਆਗੂਆਂ ਵਿੱਚ ਵੀ ਖੁਸ਼ੀ ਦੀ ਲਹਿਰ ਸੀ। ਹਵਾਈ ਅੱਡੇ ਤੋਂ ਸਿੱਧੂ ਇੱਕ ਟਰੱਕ ਦੇ ਉਪਰ ਸਵਾਰ ਹੋ ਕੇ ਸ਼ਹਿਰ ਆਏ। ਸਿੱਧੂ ਵਲੋਂ ਜਦੋਂ ਵੀ ਦੋਹਾਂ ਹੱਥਾਂ ਨਾਲ ਬੈਟ ਖਮਾਉਣ ਦਾ ਇਸ਼ਾਰਾ ਕੀਤਾ ਜਾਂਦਾ ਸੀ ਤਾਂ ਲੋਕਾ ਵਲੋਂ ਬੜੇ ਜੋਸ਼ ਨਾਲ ਨਾਅਰੇ ਮਾਰੇ ਜਾਂਦੇ ਸਨ। ਲੋਕਾਂ ਵਿਚਲੇ ਜੋਸ਼ ਨੂੰ ਵੇਖਕੇ ਇਹ ਸਪਸ਼ਟ ਨਜ਼ਰ ਆ ਰਿਹਾ ਸੀ ਕਿ ਲੋਕ ਅੱਜ ਵੀ ਆਪਣੇ ਇਸ ਬੇਬਾਕ ਤੇ ਨਿੱਧੜ ਆਗੂ ਨੂੰ ਬਹੁਤ ਪਿਆਰ ਕਰਦੇ ਹਨ। ਭਾਂਵੇਂ ਕਈ ਮਹੀਨੇ ਸਿੱਧੂ ਸਿਆਸੀ ਪਿੱਚ ਤੋਂ ਲਾਂਭੇ ਰਹੇ ਪਰ ਲੋਕਾਂ ਨੂੰ ਆਸ ਹੈ ਕਿ ਉਹ ਹੁਣ ਵਿਰੋਧੀਆਂ ਦੇ ਛੱਕੇ ਛੁਡਾਉਣਗੇ।
ਪਿਛਲੇ ਲੰਬੇ ਸਮੇਂ ਤੋਂ ਸਿੱਧੂ ਦੇ ਕਾਂਗਰਸ ਵਿੱਚ ਆਉਣ ਦੀਆਂ ਕਿਸਾਅਰਾਈਆਂ ਦਾ ਅੰਤ ਹੋਣ ਤੇ ਮਾਝੇ ਦੇ ਲੋਕਾ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਤਿੰਨ ਵਾਰ ਸੰਸਦ ਰਹੇ ਸਿੱਧੂ ਨੇ ਆਪਣੇ ਕਾਰਜਕਾਲ ਦੌਰਾਨ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਲਈ ਆਪਣੀ ਹੀ ਸਰਕਾਰ ਨਾਲ ਲੜਾਈ ਲੜੀ ਹੈ।
ਸਿੱਧੂ ਦੇ ਆਉਣ ਨਾਲ ਅਕਾਲੀ ਦਲ ਤੇ ਭਾਜਪਾ ਵਾਲਿਆਂ ਦੀ ਹਾਲਤ ਪਤਲੀ ਹੋ ਗਈ ਹੈ। ਭਾਜਪਾ ਵਲੋਂ ਲੋਕ ਸਭਾ ਚੋਣ ਲਈ ਉਤਾਰੇ ਉਮੀਦਵਾਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਤਾਂ ਨੀਂਦ ਉਡਾ ਦਿੱਤੀ ਹੇ। ਸਿੱਧੂ ਵਲੋਂ ਭਾਜਪਾ ਵਿੱਚ ਅੱਗੇ ਲਿਆਂਦੇ ਗਏ ਛੀਨਾ ਵਲੋਂ ਉਹਨਾ ਨਾਲ ਹੀ ਕੀਤੀ ਬੇਵਫਾਈ ਕਾਰਨ ਸਿੱਧੂ ਛੀਨਾ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ। ਸਿੱਧੂ ਵਲੋਂ ਛੀਨਾ ਨੂੰ ਨਗਰ ਸੁਧਾਰ ਟਰੱਸਟ ਦੀ ਚੇਅਰਮੈਨੀ ਤੋਂ ਵੀ ਬੇਵਫਾਈ ਕਰਨ ਕਰਕੇ ਉਤਰਵਾਇਆ ਗਿਆ ਸੀ। ਇੱਕ ਤਾਂ ਪਹਿਲਾਂ ਹੀ ਛੀਨਾ ਦਾ ਕੋਈ ਲੋਕ ਆਧਾਰ ਨਹੀਂ ਹੈ ਅਤੇ ਦੂਸਰਾ ਸਿੱਧੂ ਦੇ ਆ ਜਾਣ ਕਾਰਨ ਉਸਦੀ ਹਾਲਤ ਹੋਰ ਪਤਲੀ ਹੋ ਗਈ ਹੈ। ਉਧਰ ਬਿਕਰਮ ਸਿੰਘ ਮਜੀਠੀਆ ਵੀ ਸਿੱਧੂ ਦੇ ਕੱਟੜ• ਵਿਰੋਧੀਆਂ ਦੀ ਲਿਸਟ ਵਿੱਚ ਹਨ। ਆਉਣ ਵਾਲੇ ਦਿਨਾਂ ਵਿੱਚ ਸਿੱਧੂ ਵਲੋਂ ਕਾਂਗਰਸ ਪਾਰਟੀ ਲÂਂੀ ਚੋਣ ਪ੍ਰਚਾਰ ਕਰਨ ਤੇ ਸਥਿਤੀ ਹੋਰ ਬਦਲ ਸਕਦੀ ਹੈ। ਮਜੀਠੀਆ ਨੂੰ ਪਹਿਲਾਂ ਹੀ ਲਾਲੀ ਮਜੀਠਾ ਨੇ ਹਲਕੇ ਵਿੱਚ ਘੇਰਿਆ ਹੋਇਆ ਹੈ ਅਤੇ ਹੁਣ ਸਿੱਧੂ ਦੇ ਆਉਣ ਨਾਲ ਮਜੀਠੀਆ ਦੀਆਂ ਆਉਣ ਵਾਲੇ ਸਮੇਂ ਵਿੱਚ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ਸਿੱਧੂ ਵਲੋਂ ਛੀਨਾ ਵਲੋਂ ਖਾਲਸਾ ਕਾਲਜ ਤੇ ਕੀਤੇ ਕਬਜੇ ਅਤੇ ਨਸ਼ਿਆਂ ਦਾ ਮਾਮਲਾ ਉਠਾਇਆ ਜਾਵੇਗਾ। ਸਿੱਧੂ ਵਲੋਂ ਛੀਨਾ ਤੇ ਮਜੀਠੀਆ ਨੂੰ ਕਲੀਨ ਬੋਰਡ ਕਰਨ ਲਈ ਸਿਆਸੀ ਪਾਰੀ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ। ਉਧਰ ਪਹਿਲਾਂ ਹੀ ਕਾਗਰਸੀ ਉਮੀਦਵਾਰ ਗੁਰਜੀਤ ਔਜਲਾ ਦੇ ਮੁਕਾਬਲੇ ਛੀਨਾ ਦਾ ਕੱਦ ਕਾਫੀ ਛੋਟਾ ਹੈ ਅਤੇ ਦੂਸਰਾ ਸਿੱਧੂ ਦੀ ਆਮਦ ਨੇ ਛੀਨਾ ਦੀਆਂ ਰਹਿੰਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ। ਲੋਕ ਆਧਾਰ ਨਾ ਹੋਣ ਕਾਰਨ ਅਕਾਲੀ ਦਲ ਦੇ ਕੁੱਛੜ ਚੜਕੇ ਚੋਣ ਲੜ ਰਹੇ ਛੀਨਾ ਨੂੰ ਹੁਣ ਕਿਸੇ ਪਾਸਿਉਂ ਠੰਡੀ ਹਵਾ ਆਉਂਦੀ ਨਜ਼ਰ ਨਹੀਂ ਆ ਰਹੀ। ਪਹਿਲਾਂ ਹੀ ਲੋਕ ਰੋਹ ਦਾ ਸਿਕਾਰ ਹੋ ਰਹੇ ਅਕਾਲੀ ਦਲ ਤੇ ਭਾਜਪਾ ਲਈ ਮੁਸ਼ਕਲ ਦੀ ਘੜੀ ਆ ਗਈ ਹੈ। ਸਿੱਧੂ ਦੇ ਇਮਾਨਦਾਰ ਹੋਣ ਕਾਰਨ ਵਿਰੋਧੀ ਪਾਰਟੀਆਂ ਕੋਲ ਉਸ ਵਿਰੁੱਧ ਪ੍ਰਚਾਰ ਕਰਨ ਲਈ ਕੋਈ ਠੋਸ ਮੁੱਦਾ ਨਹੀਂ ਹੈ।
ਸਿੱਧੂ ਆਪਣੀ ਸਿਆਸੀ ਪਾਰੀ ਸ਼ੁਰੂ ਕਰ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਉਪਰੰਤ ਉਹ ਦੁਰਗਿਆਨਾ ਮੰਦਰ ਵੀ ਗਏ। ਲੋਕਾਂ ਵਲੋਂ ਮਿਲੇ ਵੱਡੇ ਸਮਰਥਨ ਕਾਰਨ ਸਿੱਧੂ ਦਾ ਕੁਝ ਮਿੰਟਾਂ ਦਾ ਸਫਰ ਅੱਠ ਘੰਟਿਆਂ ਵਿੱਚ ਤਹਿ ਹੋਇਆ।